ਪ੍ਰਭੂ ਦਿਆਲ
ਸਿਰਸਾ, 30 ਜੁਲਾਈ
ਇੰਡੀਅਨ ਨੈਸ਼ਨਲ ਲੋਕਦਲ ਦੇ ਸੁਪਰੀਮੋ ਤੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਨੇ ਕਿਹਾ ਹੈ ਕਿ ਸਤਲੁਜ ਯਮੁਨਾ ਲਿੰਕ ਨਹਿਰ ਦੇ ਪਾਣੀ ’ਤੇ ਹਰਿਆਣੇ ਦਾ ਹੱਕ ਹੈ ਤੇ ਸੁਪਰੀਮ ਕੋਰਟ ਵੀ ਹਰਿਆਣਾ ਦੇ ਪੱਖ ਵਿੱਚ ਫੈਸਲਾ ਦੇ ਚੁੱਕੀ ਹੈ। ਅੱਜ ਇਥੇ ਜਾਟ ਧਰਮਸ਼ਾਲਾ ’ਚ ਮੀਡੀਆ ਨਾਲ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਚੌਟਾਲਾ ਨੇ ਆਪਣੇ ਹੀ ਪੋਤੇ ਦੁਸ਼ਿਅੰਤ ਦੀ ਖਿਚਾਈ ਕਰਦਿਆਂ ਕਿਹਾ ਕਿ ਜਿਹੜਾ ਆਪਣੇ ਪਰਿਵਾਰ ਦੇ ਨਹੀਂ ਹੋਇਆ ਉਹ ਲੋਕਾਂ ਦੇ ਕਿਵੇਂ ਹੋ ਸਕਦਾ ਹੈ। ਦੇਵੀ ਲਾਲ ਨੂੰ ਉਹ ਆਪਣਾ ਦਾਦਾ ਮੰਨਣ ਦੀ ਬਜਾਏ ਰਾਮ ਕੁਮਾਰ ਗੌਤਮ ਨੂੰ ਦਾਦਾ ਮੰਨ ਰਹੇ ਸਨ ਤੇ ਅੱਜ ਉਹ ਗੌਤਮ ਵੀ ਉਨ੍ਹਾਂ ਨੂੰ ਛੱਡ ਗਿਆ ਹੈ। ਭਾਜਪਾ ਸਰਕਾਰ ’ਤੇ ਵਰ੍ਹਦਿਆਂ ਉਨ੍ਹਾਂ ਨੇ ਕਿਹਾ ਕਿ ਇਹ ਸਰਕਾਰ ਹਰ ਮੋਰਚੇ ’ਤੇ ਫੇਲ੍ਹ ਸਾਬਤ ਹੋ ਰਹੀ ਹੈ। ਐੱਸਵਾਈਐਲ ਦੀ ਗੱਲ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਸੁਪਰੀਮ ਕਰੋਟ ਨੇ ਹਰਿਆਣਾ ਦੇ ਪੱਖ ਵਿੱਚ ਫੈਸਲਾ ਦੇ ਚੁੱਕੀ ਹੈ। ਇਸ ਨਹਿਰ ’ਤੇ ਹਰਿਆਣੇ ਦਾ ਹੱਕ ਹੈ ਤੇ ਹਰਿਆਣਾ ਪੰਜਾਬ ਤੋਂ ਆਪਣਾ ਹੱਕ ਹੀ ਤਾਂ ਮੰਗ ਰਿਹਾ ਹੈ। ਸੁਪਰੀਮ ਕੋਰਟ ਦੇ ਫੈਸਲਾ ਨੂੰ ਹਾਲੇ ਤੱਕ ਮੰਨਿਆ ਨਹੀਂ ਗਿਆ ਹੈ। ਸੁਪਰੀਮ ਕਰੋਟ ਨੂੰ ਦਖਲ ਦੇ ਕੇ ਦੋਵਾਂ ਸੂਬਾ ਸਰਕਾਰਾਂ ਤੋਂ ਫੈਸਲੇ ਨੂੰ ਲਾਗੂ ਕਰਵਾਉਣਾ ਚਾਹੀਦਾ ਹੈ। ਸ੍ਰੀ ਓਮ ਪ੍ਰਕਾਸ਼ ਚੌਟਾਲਾ ਅਧਿਆਪਕ ਭਰਤੀ ਘੋਟਾਲੇ ’ਚ ਸਜ਼ਾ ਤਿਹਾੜ ਜੇਲ੍ਹ ’ਚ ਸਜ਼ਾ ਭੁਗਤ ਰਹੇ ਹਨ ਤੇ ਪੈਰੋਲ ’ਤੇ ਆਏ ਹੋਏ ਹਨ।