ਸ਼ਿਮਲਾ, 30 ਜੁਲਾਈ
ਮੁੱਖ ਮੰਤਰੀ ਜੈਰਾਮ ਠਾਕੁਰ ਦੀ ਅਗਵਾਈ ਵਾਲੀ ਹਿਮਾਚਲ ਪ੍ਰਦੇਸ਼ ਸਰਕਾਰ ਦੇ ਮੰਤਰੀ ਮੰਡਲ ਦਾ ਅੱਜ ਵਿਸਥਾਰ ਕੀਤਾ ਗਿਆ। ਤਿੰਨ ਨਵੇਂ ਮੰਤਰੀਆਂ ਨੂੰ ਮੰਤਰੀ ਮੰਡਲ ਵਿੱਚ ਸ਼ਾਮਲ ਕੀਤਾ ਗਿਆ ਹੈ। ਮੰਤਰੀ ਮੰਡਲ ਵਿੱਚ ਪਾਉਂਟਾ ਸਾਹਿਬ ਦੇ ਵਿਧਾਇਕ ਸੁਖਰਾਮ ਚੌਧਰੀ, ਨੂਰਪੁਰ ਤੋਂ ਵਿਧਾਇਕ ਰਾਕੇਸ਼ ਪਠਾਨੀਆ ਅਤੇ ਘੁਮਾਰਵੀਂ ਤੋਂ ਵਿਧਾਇਕ ਰਜਿੰਦਰ ਗਰਗ ਨੂੰ ਕੈਬਨਿਟ ਮੰਤਰੀਆਂ ਵਜੋਂ ਸ਼ਾਮਲ ਕੀਤਾ ਗਿਆ। ਰਾਜਪਾਲ ਬੰਡਾਰੂ ਦੱਤਾਤ੍ਰੇਯ ਨੇ ਰਾਜ ਭਵਨ ਵਿੱਚ ਸਮਾਗਮ ਵਿੱਚ ਨਵੇਂ ਮੰਤਰੀਆਂ ਨੂੰ ਅਹੁਦੇ ਦੀ ਸਹੁੰ ਚੁਕਾਈ। ਪ੍ਰੋਗਰਾਮ ਵਿਚ ਕੋਵਿਡ -19 ਨਿਯਮਾਂ ਦੀ ਪਾਲਣਾ ਕੀਤੀ ਗਈ। ਸੁਖਰਾਮ ਅਤੇ ਰਾਜਿੰਦਰ ਗਰਗ ਨੇ ਹਿੰਦੀ ਵਿਚ ਸਹੁੰ ਚੁੱਕੀ ਜਦਕਿ ਪਠਾਨੀਆ ਨੇ ਅੰਗਰੇਜ਼ੀ ਵਿਚ ਸਹੁੰ ਚੁੱਕੀ।