ਨਿੱਜੀ ਪੱਤਰ ਪ੍ਰੇਰਕ
ਜਲੰਧਰ, 26 ਜੂਨ
ਆਰਐੱਸਐੱਸ ਵੱਲੋਂ ਚਲਾਏ ਜਾਂਦੇ ਵਿਦਿਆਧਾਮ ਵਿੱਚ ਅੱਜ ਕਰੋਨਾ ਦੇ 19 ਮਰੀਜ਼ ਪਾਏ ਜਾਣ ਮਗਰੋਂ ਪੁਲੀਸ ਵੱਲੋਂ ਇਸ ਨੂੰ ਸੀਲ ਕਰ ਦਿੱਤਾ ਗਿਆ ਹੈ। ਇਸ ਕੰਟੇਨਮੈਂਟ ਜ਼ੋਨ ਦੀ ਰੋਜ਼ਾਨਾ ਰਿਪੋਰਟ ਲੈਣ ਲਈ ਇੱਕ ਸਿਵਲ ਅਧਿਕਾਰੀ ਅਤੇ ਇੱਕ ਡਾਕਟਰ ਦੀ ਡਿਊਟੀ ਲਗਾਈ ਗਈ ਹੈ। ਸੁਰੱਖਿਆ ਪੱਖ ਤੋਂ ਰਾਮਾਮੰਡੀ ਦੇ ਥਾਣੇਦਾਰ ਨੂੰ ਵੀ ਵਿਦਿਆਧਾਮ ਵਿਚ ਤਾਇਨਾਤ ਕਰ ਦਿੱਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਜਲੰਧਰ ਵਿੱਚ ਪਹਿਲਾਂ ਪੀਲੀ ਕੋਠੀ ਆਰਐੱਸਐੱਸ ਦੀਆਂ ਮੁੱਖ ਸਰਗਰਮੀਆਂ ਦਾ ਕੇਂਦਰ ਹੁੰਦਾ ਸੀ ਪਰ ਪਿਛਲੇ ਕੁਝ ਸਮੇਂ ਤੋਂ ਵਿਦਿਆਧਾਮ ਵਿੱਚ ਆਰਐੱਸਐੱਸ ਦੀਆਂ ਜ਼ਿਆਦਾ ਸਰਗਰਮੀਆਂ ਹੋ ਰਹੀਆਂ ਹਨ। ਇਥੇ ਹੀ 2019 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਆਰਐੱਸਐੱਸ ਦੇ ਪ੍ਰਮੁੱਖ ਮੋਹਣ ਭਾਗਵਤ ਨੇ ਤਿੰਨ ਮੀਟਿੰਗਾਂ ਕੀਤੀਆਂ ਸਨ। ਡਿਪਟੀ ਕਮਿਸ਼ਨਰ ਵੱਲੋਂ ਜਾਰੀ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਕੰਟੇਨਮੈਂਟ ਜ਼ੋਨਾਂ ਨੂੰ ਪੂਰੀ ਤਰ੍ਹਾਂ ਸੀਲ ਰੱਖਿਆ ਜਾਵੇਗਾ।
ਸ਼ਹਿਰ ਵਿੱਚ ਜਿਹੜੇ ਹੋਰ ਕੰਟੇਨਮੈਂਟ ਜ਼ੋਨ ਬਣਾਏ ਗਏ ਹਨ, ਉਨ੍ਹਾਂ ਵਿੱਚ ਭਾਰਗੋ ਕੈਂਪ ਵਿੱਚ ਬੱਬੂ ਬਾਬੇ ਵਾਲੀ ਗਲੀ ਸ਼ਾਮਿਲ ਹੈ, ਜਿੱਥੇ 16 ਮਰੀਜ਼ ਪਾਜ਼ੇਟਿਵ ਹਨ। ਉਥੇ ਵੀ ਅਫਸਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ, ਜਿਹੜੇ ਰੋਜ਼ਾਨਾ ਰਿਪੋਰਟ ਕਰਨਗੇ। ਮਾਈਕਰੋ ਕੰਟੇਨਮੈਂਟ ਜ਼ੋਨਾਂ ਵਿੱਚ ਮਹਿੰਦਰੂ ਮੁਹੱਲਾ, ਰਾਮ ਨਗਰ, ਬਾਂਸਾਂ ਵਾਲਾ ਬਜ਼ਾਰ, ਉਪਕਾਰ ਨਗਰ, ਫਰੈਂਡਜ਼ ਕਲੋਨੀ, ਮਕਸੂਦਾਂ, ਟੀਚਰ ਕਲੋਨੀ, ਸੈਨਿਕ ਵਿਹਾਰ, ਪਿੰਡ ਨਾਗਰਾ, ਬਿਲਗਾ ਤੇ ਸਿਧਾਰਥ ਨਗਰ ਦੇ ਇਲਾਕੇ ਸ਼ਾਮਿਲ ਹਨ।