ਦਲਿਤਾਂ ਨਾਲ ਵਿਹਾਰ
25 ਜੂਨ ਦੇ ਨਜ਼ਰੀਆ ਪੰਨੇ ’ਤੇ ਬਲਬੀਰ ਮਾਧੋਪੁਰੀ ਦਾ ਲੇਖ ‘ਆਦਿ ਧਰਮ ਅਤੇ ਦਲਿਤਾਂ ਨਾਲ ਵਾਪਰੇ ਸਾਕੇ’ ਪੜ੍ਹਿਆ। ਆਦਿ ਧਰਮ ਅਤੇ ਦਲਿਤਾਂ ਨਾਲ ਬਹੁਤ ਭਿਆਨਕ ਸਾਕੇ ਵਾਪਰਦੇ ਰਹੇ ਹਨ। ਦਲਿਤਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਜੇਕਰ ਇਨ੍ਹਾਂ ਨੂੰ ਪੜ੍ਹਨ ਲਿਖਣ ਦੀ ਸਹੂਲਤ ਮਿਲੀ ਤਾਂ ਇਸਲਾਮਿਕ ਰਾਜ ਸਮੇਂ ਮਿਲੀ; ਨਹੀਂ ਤਾਂ ਰਵੀਦਾਸ ਭਗਤ, ਸੈਣ ਜੀ ਅਤੇ ਨਾਮਦੇਵ ਨੂੰ ਕਿਸੇ ਨੇ ਪ੍ਰਚਾਰ ਵੀ ਨਹੀਂ ਕਰਨ ਦੇਣਾ ਸੀ। ਗੁਪਤ ਕਾਲ ਜਿਸ ਨੂੰ ਭਾਰਤ ਦਾ ਸੁਨਹਿਰੀ ਕਾਲ ਆਖਿਆ ਜਾਂਦਾ ਹੈ, ਔਰਤਾਂ ਅਤੇ ਦਲਿਤਾਂ ਲਈ ਤਾਂ ਹਨੇਰ ਕਾਲ ਹੀ ਸੀ। ਅੰਗਰੇਜ਼ੀ ਰਾਜ ਸਮੇਂ ਵਿਲੀਅਮ ਬੈਂਟਿਕ ਦੇ ਸੁਧਾਰਾਂ ਕਾਰਨ ਵੀ ਦਲਿਤਾਂ ਨੂੰ ਸਾਹ ਆਇਆ ਲੇਕਿਨ ਸਿੱਖਾਂ ਅਤੇ ਨਾਮਧਾਰੀਆਂ ਨੇ ਇਨ੍ਹਾਂ ਸੁਧਾਰਾਂ ਦਾ ਵਿਰੋਧ ਕੀਤਾ ਸੀ।
ਗੁਰਮੁਖ ਸਿੰਘ, ਪੋਹੀੜ (ਲੁਧਿਆਣਾ)
ਸਰਕਾਰ ਛਪਿਆ ਵਿਚਾਰੇ
26 ਜੂਨ ਨੂੰ ਸਿਹਤ ਤੇ ਸਿੱਖਿਆ ਪੰਨੇ ਉੱਤੇ ਗੁਰਦੀਪ ਸਿੰਘ ਭੁੱਲਰ ਦਾ ਲੇਖ ‘ਆਨਲਾਈਨ ਸਿੱਖਿਆ ਬਦਲੇਗੀ ਭਵਿੱਖ ਦੇ ਕੁਝ ਸਮੀਕਰਨ’ ਪੜ੍ਹਿਆ। ਇਹ ਲੇਖ ਅਸਲ ਵਿਚ ਸਰਕਾਰ ਦੇ ਪੜ੍ਹਨ ਵਾਲਾ ਹੈ। ਇਹ ਸਮੱਸਿਆ ਲੋਕਾਂ ਦੀ ਹੈ ਪਰ ਇਸ ਦਾ ਹੱਲ ਸਰਕਾਰ ਕੋਲ ਹੈ। ਸਰਕਾਰ ਬਿਰਲੇ ਟਾਟਿਆਂ ਦੀ ਕਠਪੁਤਲੀ ਹੈ। ਆਮ ਲੋਕਾਂ ਨਾਲ ਇਸ ਦਾ ਵਾਹ ਨਹੀਂ ਜਾਪਦਾ। ਸਰਕਾਰੀ ਸਕੂਲਾਂ ਦੀ ਸਿੱਖਿਆ ਦੇ ਮਿਆਰ ’ਚ ਖੜੋਤ ਆਈ ਤਾਂ ਲੋਕਾਂ ਨੇ ਪ੍ਰਾਈਵੇਟ ਸਕੂਲਾਂ ਵੱਲ ਮੂੰਹ ਕਰ ਲਿਆ। ਫਿਰ ਪ੍ਰਾਈਵੇਟ ਸਕੂਲਾਂ ਵਾਲਿਆਂ ਨੇ ਮਾਪਿਆਂ ਅਤੇ ਅਧਿਆਪਕਾਂ ਦੀ ਕਿਰਤ ਨੂੰ ਚਿੱਟੀ ਕਮਾਈ ਦੇ ਰੂਪ ਵਿਚ ਲੁੱਟਿਆ। ਹੁਣ ਕਰੋਨਾ ਨੇ ਸਰਕਾਰਾਂ ਦੀਆਂ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਕਰ ਦਿੱਤੀਆਂ। ਹੁਣ ਇਹ ਕਰੋਨਾ ਦੀ ਆੜ ਵਿਚ ਮਨ ਆਏ ਫ਼ੈਸਲੇ ਕਰ ਰਹੀਆਂ ਹਨ। ਪ੍ਰਾਈਵੇਟ ਮੈਨੇਜਮੈਂਟਾਂ ਨੇ ਚੌਂਤੀ ਅਧਿਆਪਕਾਂ ਵਿਚੋਂ ਵੀਹ ਕੱਢ ਕੇ ਆਪਣਾ ਬੋਝ ਬਚਾ ਲਿਆ ਪਰ ਸਿੱਖਿਆ ਦਾ ਸੰਕਟ ਵੱਡਾ ਹੈ ਜਿਸ ਬਾਰੇ ਸੋਚਣਾ ਬਣਦਾ ਹੈ। ਇਸੇ ਦਿਨ ਨਜ਼ਰੀਆ ਪੰਨੇ ਉੱਤੇ ਡਾ. ਕੁਲਦੀਪ ਸਿੰਘ ਦਾ ਲੇਖ ‘ਕਿਸਾਨੀ ਸੰਕਟ ਦੀਆਂ ਪਰਤਾਂ ਅਤੇ ਜੱਥੇਬੰਦੀਆਂ’ ਚੰਗਾ ਲੱਗਾ। ਕਿਸੇ ਕਾਰਨ ਵੱਸ ਛੁੱਟ ਗਈ ਖੇਤੀ ਦਾ ਮੈਨੂੰ ਅੱਜ ਵੀ ਬੜਾ ਵੈਰਾਗ਼ ਹੈ। ਜੇਕਰ ਖੇਤੀ ਨੂੰ ਸੌਖਾ ਅਤੇ ਵਾਜਬਿ ਮੁੱਲ ਮੰਡੀਕਰਨ ਮਿਲ ਜਾਵੇ ਤਾਂ ਮੈਂ ਕੁੜੀਆਂ ਦੀ ਚੰਗੀ ਟੀਮ ਲੈ ਕੇ ਖ਼ੁਦ ਚੰਗੀ ਖੇਤੀ ਕਰ ਲਵਾਂ ਪਰ ਚਾਰੇ ਪਾਸੇ ਲੁਟੇਰਿਆਂ ਦੀ ਹੋਂਦ ਕਰਕੇ ਸਭ ਕੁਝ ਇੰਨਾ ਸੌਖਾ ਨਹੀਂ।
ਸ਼ਰਨਜੀਤ ਕੌਰ, ਜੋਗੇ ਵਾਲਾ (ਮੋਗਾ)
(2)
ਗੁਰਦੀਪ ਸਿੰਘ ਭੁੱਲਰ ਦੇ ਲੇਖ ‘ਆਨਲਾਈਨ ਸਿੱਖਿਆ ਬਦਲੇਗੀ ਭਵਿੱਖ ਦੇ ਸਮੀਕਰਨ’ ਵਿਚ ਕਰੋਨਾ ਸਮੇਂ ਵਿਚ ਸਕੂਲਾਂ ਵੱਲੋਂ ਦਿੱਤੀ ਜਾ ਰਹੀ ਆਨਲਾਈਨ ਸਿੱਖਿਆ ਬਾਰੇ ਵਿਚਾਰ ਲਿਖੇ ਹਨ। ਆਨਲਾਈਨ ਸਿੱਖਿਆ ਕਦੇ ਵੀ ਕਲਾਸ ਸਿੱਖਿਆ ਦਾ ਬਦਲ ਨਹੀਂ ਬਣ ਸਕਦੀ, ਨਾ ਹੀ ਪੂਰਾ ਪਾਠਕ੍ਰਮ ਕਰਾਇਆ ਜਾ ਸਕਦਾ ਹੈ। ਆਨਲਾਈਨ ਸਿੱਖਿਆ ਪ੍ਰਾਈਵੇਟ ਸਕੂਲਾਂ ਵੱਲੋਂ ਫ਼ੀਸਾਂ ਲੈਣ ਦਾ ਉਪਰਾਲਾ ਹੈ। ਸਰਕਾਰੀ ਸਕੂਲਾਂ ਵੱਲੋਂ ਡੀ.ਡੀ. ਪੰਜਾਬੀ ’ਤੇ ਦਿੱਤੀ ਜਾ ਰਹੀ ਸਿੱਖਿਆ ਦਾ ਜ਼ਰੂਰ ਲਾਭ ਹੈ ਕਿਉਂਕਿ ਟੀਵੀ ਹਰ ਘਰ ਵਿਚ ਹੈ। ਸਮਾਰਟ ਫ਼ੋਨ ਹਰ ਬੱਚੇ ਕੋਲ ਨਹੀਂ ਹੈ। ਗ਼ਰੀਬ ਘਰਾਂ ਦੇ ਬੱਚਿਆਂ ਨੂੰ ਆਨਲਾਈਨ ਸਿੱਖਿਆ ਦਾ ਕੋਈ ਲਾਭ ਨਹੀਂ ਹੋ ਰਿਹਾ। ਸਰਕਾਰੀ ਸਕੂਲਾਂ ਦੇ ਕੁਝ ਅਧਿਆਪਕ ਆਨਲਾਈਨ ਸਿੱਖਿਆ ਦੇਣ ਲਈ ਵਿਭਾਗ ਦੇ ਹੀਰੋ ਬਣ ਰਹੇ ਹਨ। ਸਮੁੱਚੇ ਤੌਰ ’ਤੇ ਸਿੱਖਿਆ ਦੀ ਹਾਨੀ ਹੋ ਰਹੀ ਹੈ। ਉਂਜ ਇਸ ਵਕਤ ਸਿੱਖਿਆ ਸ਼ਾਸਤਰੀਆਂ ਦੀ ਚੁੱਪ ਚਿੰਤਾਜਨਕ ਹੈ।
ਗੁਰਮੀਤ ਸਿੰਘ, ਫ਼ਾਜ਼ਿਲਕਾ
(3)
ਗੁਰਦੀਪ ਸਿੰਘ ਭੁੱਲਰ ਦਾ ਲੇਖ ‘ਆਨਲਾਈਨ ਸਿੱਖਿਆ ਬਦਲੇਗੀ ਭਵਿੱਖ ਦੇ ਕੁਝ ਸਮੀਕਰਨ’ ਪੜ੍ਹਿਆ ਜਿਸ ਵਿਚ ਉਨ੍ਹਾਂ ਆਨਲਾਈਨ ਸਿੱਖਿਆ ਦੀਆਂ ਕਮਜ਼ੋਰੀਆਂ ਪ੍ਰਗਟ ਕੀਤੀਆਂ ਹਨ। ਸਹਿਮਤ ਹਾਂ ਕਿ ਆਨਲਾਈਨ ਸਿੱਖਿਆ, ਸਿੱਖਿਆ ਪ੍ਰਕਿਰਿਆ ਦਾ ਸੰਪੂਰਨ ਰੂਪ ਨਾ ਹੋਣ ਕਾਰਨ ਸਿਲੇਬਸ ਪੂਰਾ ਨਹੀਂ ਕਰਾ ਸਕਦੀ; ਸਹਿਮਤ ਹਾਂ ਕਿ ਇਸ ਪ੍ਰਕਿਰਿਆ ਨਾਲ ਵਿਦਿਆਰਥੀ ਦੇ ਕੋਮਲ ਅੰਗਾਂ ਭਾਵ ਅੱਖਾਂ ਆਦਿ ’ਤੇ ਬੁਰਾ ਪ੍ਰਭਾਵ ਪਏਗਾ ਪਰ ਕੀ ਸਾਨੂੰ ਹੱਥਾਂ ’ਤੇ ਹੱਥ ਰੱਖ ਕੇ ਬੈਠੇ ਰਹਿਣਾ ਚਾਹੀਦਾ ਹੈ ? ਜੇ ਪੂਰਾ ਨਹੀਂ ਤਾਂ ਕੁਝ ਨਾ ਕੁਝ ਤਾਂ ਹੁੰਦਾ ਹੀ ਰਹਿਣਾ ਚਾਹੀਦਾ ਹੈ। ਕਰੋਨਾਵਾਇਰਸ ਕਾਰਨ ਤਾਲਾਬੰਦੀ ਹੈ। ਕਦੋਂ ਤਕ ਰਹੇਂਗੇ, ਇਸ ਬਾਰੇ ਕੋਈ ਇਲਮ ਨਹੀਂ ਹੈ। ਇਸ ਸੂਰਤ ਵਿਚ ਆਨਲਾਈਨ ਸਿੱਖਿਆ ਸਾਡੇ ਲਈ ਵਰਦਾਨ ਹੈ। ਬਾਕੀ ਇਸ ਦੀ ਸਫ਼ਲਤਾ ਦਾ ਗਰਾਫ਼ ਅਧਿਆਪਕ ਤੇ ਮਾਪਿਆਂ ਦੀ ਸ਼ਖ਼ਸੀਅਤ ’ਤੇ ਨਿਰਭਰ ਕਰਦਾ ਹੈ। ਸੁਚੇਤ, ਸਿਆਣਾ, ਅਧਿਆਪਕ ਤੇ ਮਾਪਾ ਆਪਸੀ ਤਾਲਮੇਲ ਨਾਲ ਬੱਚੇ ਨੂੰ ਕਿਰਿਆਸ਼ੀਲ ਰੱਖ ਰਹੇ ਹਨ। ਸਰਕਾਰੀ ਸਕੂਲਾਂ ਦੀ ਗੱਲ ਕਰਾਂ ਤਾਂ ਵਿਭਾਗ ਵੱਲੋਂ ਸਿਲੇਬਸ ਨੂੰ ਬੜ ਹੀ ਸੁਚੱਜੇ ਢੰਗ ਨਾਲ ਚਲਾਇਆ ਹੋਇਆ ਹੈ।
ਕੁਲਵਿੰਦਰ ਬਿੱਟੂ, ਈਮੇਲ