ਮਹਿੰਦਰ ਸਿੰਘ ਰੱਤੀਆਂ
ਮੋਗਾ, 29 ਜੁਲਾਈ
ਇਥੇ 10 ਦਿਨ ਪਹਿਲਾਂ ਕੋਵਿਡ-19 ਦੀਆਂ ਰੋਕਾਂ ਦੀ ਕਥਿਤ ਉਲੰਘਣਾ ਕਰਨ ’ਤੇ ਮੁੱਖ ਬਾਜ਼ਾਰ ਦੇ 50 ਤੋਂ ਵੱਧ ਦੁਕਾਨਦਾਰਾਂ ਨੂੰ ਡੰਡਿਆਂ ਨਾਲ ਕੁੱਟ ਕੇ ਥਾਣੇ ਅੰਦਰ ਡੱਕਣ ਅਤੇ ਜੁਰਮਾਨੇ ਕਰ ਕੇ ਛੱਡਣ ਤੋਂ ਮੁੜ ਸਿਆਸਤ ਭਖ਼ ਗਈ ਹੈ। ਡਿਪਟੀ ਕਮਿਸ਼ਨਰ ਸੰਦੀਪ ਹੰਸ ਤੇ ਜ਼ਿਲ੍ਹਾ ਪੁਲੀਸ ਮੁਖੀ ਹਰਮਨਬੀਰ ਸਿੰਘ ਗਿੱਲ ਦੁਕਾਨਦਾਰਾਂ ਨਾਲ ਮੀਟਿੰਗ ਕਰ ਕੇ 6 ਦਿਨ ਪਹਿਲਾਂ ਘਟਨਾ ’ਤੇ ਅਫਸੋਸ ਦਾ ਪ੍ਰਗਟਾਵਾ ਕਰ ਚੁੱਕੇ ਹਨ।
ਅੱਜ ਇਥੇ ਸ਼੍ਰੋਮਣੀ ਅਕਾਲੀ ਦਲ ਹਲਕਾ ਇੰਚਾਰਜ ਬਰਜਿੰਦਰ ਸਿੰਘ ਮੱਖਣ ਬਰਾੜ ਤੇ ਵੱਡੀ ਗਿਣਤੀ ’ਚ ਸਾਬਕਾ ਕੌਂਸਲਰਾਂ ਨੇ ਦੁਕਾਨਦਾਰਾਂ ਨਾਲ ਮੀਟਿੰਗ ਕੀਤੀ। ਉਨ੍ਹਾਂ ਪੁਲੀਸ ਦੀ ਇਸ ਕਾਰਵਾਈ ਨੂੰ ਗੈਰ ਜ਼ਿੰਮੇਵਾਰਨਾਂ ਵਰਤਾਰਾ ਆਖਿਆ ਹੈ। ਉਨ੍ਹਾਂ ਹਾਕਮ ਧਿਰ ਆਗੂਆਂ ’ਤੇ ਇਸ ਮੁੱਦੇ ਉੱਤੇ ਦੋਹਰੀ ਨੀਤੀ ਅਪਣਾਉਣ ਦਾ ਦੋਸ਼ ਲਾਉਂਦੇ ਆਖਿਆ ਕਿ ਹਥਿਆਰ ਚੁੱਕ ਕੇ ਸ਼ਰ੍ਹੇਆਮ ਘੁੰਮਣ ਵਾਲਿਆਂ ਦੀ ਅਸਫ਼ਲਤਾ ਨੂੰ ਛੁਪਾਉਣ ਲਈ ਦੁਕਾਨਦਾਰਾਂ ਨੂੰ ਤੰਗ ਕੀਤਾ ਜਾ ਰਿਹਾ ਹੈ ਅਤੇ ਆਮ ਲੋਕਾਂ ਦੇ ਮਾਸਕ ਦੇ ਨਾਮ ’ਤੇ ਲੱਖਾਂ ਰੁਪਏ ਦੇ ਚਲਾਨ ਕੱਟੇ ਜਾ ਰਹੇ ਹਨ।