ਰਾਮ ਗੋਪਾਲ ਰਾਏਕੋਟੀ
ਰਾਏਕੋਟ, 14 ਜੂਨ
ਏਜੰਟ ਵੱਲੋਂ ਮਲੇਸ਼ੀਆ ਵਿੱਚ ਵਰਕ ਪਰਮਿਟ ਦਿਵਾਉਣ ਦੇ ਨਾਂਅ ’ਤੇ ਟੂਰਿਸਟ ਵੀਜ਼ੇ ਰਾਹੀਂ ਭੇਜੇ ਗਏ ਪੰਜਾਬ ਦੇ 3 ਨੌਜਵਾਨਾਂ ਨੂੰ ਮਲੇਸ਼ੀਆ ਪੁਲੀਸ ਵੱਲੋਂ ਫੜ੍ਹ ਕੇ ਜੇਲ੍ਹ ਵਿੱਚ ਬੰਦ ਕਰ ਦਿੱਤਾ ਹੈ। ਪੰਜਾਬ ਦੇ ਇਹ ਨੌਜਵਾਨ ਮਲੇਸ਼ੀਆ ਦੀ ਆਰਜ਼ੀ ਜੇਲ੍ਹ (ਮਾਚੋਕੰਬੋ ਕੈਂਪ) ਵਿੱਚ ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜਬੂਰ ਹਨ। ਮਲੇਸ਼ੀਆ ਦੇ ਕਾਨੂੰਨ ਮੁਤਾਬਿਕ ਇਨ੍ਹਾਂ ਨੌਜਵਾਨਾਂ ਨੂੰ ਭਾਰੀ ਜੁਰਮਾਨਾ ਅਤੇ 5 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ। ਇਨ੍ਹਾਂ ਨੌਜਵਾਨਾਂ ਗੁਰਚਰਨ ਸਿੰਘ ਅਤੇ ਦਵਿੰਦਰ ਸਿੰਘ ਦੇ ਮਾਪਿਆਂ ਹਰਪਾਲ ਸਿੰਘ ਵਾਸੀ ਤਲਵੰਡੀ ਰੋਡ ਰਾਏਕੋਟ ਤੇ ਭੁਪਿੰਦਰ ਸਿੰਘ ਵਾਸੀ ਨੇੜੇ ਨਗਰ ਕੌਂਸਲ ਰਾਏਕੋਟ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਵਿਦੇਸ਼ ਮੰਤਰੀ ਐਸ ਜੈਸ਼ੰਕਰ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਇਲਾਵਾ ਵਿਦੇਸ਼ਾਂ ਦੀਆਂ ਜੇਲ੍ਹਾਂ ਵਿੱਚ ਬੰਦ ਭਾਰਤੀਆਂ ਦੀ ਹਮੇਸ਼ਾਂ ਮਦਦ ਕਰਨ ਵਾਲੇ ਸਰਬੱਤ ਦਾ ਭਲਾ ਟਰੱਸਟ ਦੇ ਚੇਅਰਮੈਨ ਡਾ. ਸੁਰਿੰਦਰਪਾਲ ਸਿੰਘ ਉਬਰਾਏ ਨੂੰ ਮਦਦ ਦੀ ਅਪੀਲ ਕੀਤੀ ਹੈ। ਪੀੜਤ ਨੌਜਵਾਨਾਂ ਦੇ ਮਾਪਿਆਂ ਨੇ ਦੱਸਿਆ ਕਿ ਏਜੰਟ ਰਾਹੀਂ 1 ਲੱਖ 10 ਹਜ਼ਾਰ ਰੁਪਏ ਪ੍ਰਤੀ ਵਿਅਕਤੀ ਦੇ ਕੇ ਮਲੇਸ਼ੀਆ ਵਿੱਚ ਚੰਗੀ ਨੌਕਰੀ, ਰਹਿਣ-ਸਹਿਣ ਸਮੇਤ ਵਰਕ ਪਰਮਿਟ ਦਿਵਾਉਣ ਦਾ ਵਾਅਦਾ ਕੀਤਾ ਸੀ। ਏਜੰਟਾਂ ਦੀਆਂ ਗੱਲਾਂ ਵਿੱਚ ਆ ਕੇ ਅਸੀਂ ਉਨ੍ਹਾਂ ਨੂੰ ਸਾਰੇ ਪੈਸੇ ਦੇ ਦਿੱਤੇ ਸਨ ਪ੍ਰੰਤੂ ਏਜੰਟ ਵੱਲੋਂ ਸਾਡੇ ਬੱਚਿਆਂ ਨੂੰ ਦਸੰਬਰ 2019 ਵਿੱਚ ਵਰਕ ਪਰਮਿਟ ਦੀ ਜਗ੍ਹਾ ਟੂਰਿਸਟ ਵੀਜ਼ੇ ’ਤੇ ਮਲੇਸ਼ੀਆ ਭੇਜ ਦਿੱਤਾ ਸੀ ਜਿੱਥੇ ਵੀਜ਼ਾ ਖਤਮ ਹੋਣ ਤੋਂ ਬਾਅਦ ਮਲੇਸ਼ੀਆਂ ਦੇ ਇਮੀਗਰੇਸ਼ਨ ਅਧਿਕਾਰੀਆਂ ਨੇ ਉਨ੍ਹਾਂ ਨੂੰ ਫੜ੍ਹ ਕੇ ਜੇਲ੍ਹ ਵਿੱਚ ਡੱਕ ਦਿੱਤਾ। ਰੋਂਦਿਆਂ-ਕੁਰਲਾਉਂਦਿਆਂ ਇਨ੍ਹਾਂ ਨੌਜਵਾਨਾਂ ਦੇ ਮਾਪਿਆਂ ਨੇ ਦੱਸਿਆ ਕਿ ਪਹਿਲਾਂ ਹੀ ਕਰਜ਼ਾ ਲੈ ਕੇ ਆਪਣੇ ਬੱਚਿਆਂ ਨੂੰ ਮਲੇਸ਼ੀਆ ਭੇਜਿਆ ਸੀ, ਹੁਣ ਉਨ੍ਹਾਂ ਨੂੰ ਵਾਪਸ ਲਿਆਉਣ ਲਈ ਨਾ ਹੀ ਸਾਡੇ ਕੋਲ ਪੈਸਾ ਹੈ ਅਤੇ ਨਾ ਹੀ ਰਾਜਨੀਤਿਕ ਪਹੁੰਚ ਹੈ।