ਹਰਜੀਤ ਲਸਾੜਾ
ਬ੍ਰਿਸਬੇਨ, 29 ਜੁਲਾਈ
ਇੱਥੇ ਸਰਹੱਦੀ ਨਿਯਮਾਂ ਦੀ ਉਲੰਘਣਾ ਕਰਦਿਆਂ 21 ਜੁਲਾਈ ਨੂੰ ਸਿਡਨੀ ਦੇ ਰਸਤੇ ਮੈਲਬੌਰਨ ਤੋਂ ਬ੍ਰਿਸਬੇਨ ਪਰਤਣ ਤੋਂ ਬਾਅਦ ਲੋਗਨ, ਬ੍ਰਿਸਬੇਨ ਅਤੇ ਇਪਸਵਿੱਚ ਆਦਿ ਵੱਖ-ਵੱਖ ਇਲਾਕਿਆਂ ਵਿਚ ਵਿਚਰੀਆਂ ਦੋ 19 ਸਾਲਾ ਮਹਿਲਾਵਾਂ ਦਾ ਕਰੋਨਾਵਾਇਰਸ ਟੈਸਟ ਪਾਜ਼ੇਟਿਵ ਆਇਆ ਹੈ।
ਸਿਹਤ ਵਿਭਾਗ ਅਨੁਸਾਰ ਦੋਵੇਂ ਮਹਿਲਾਵਾਂ ਨੂੰ 26 ਜੁਲਾਈ ਨੂੰ ‘ਪੀਕ ਥਾਈ ਰੇਸਤਰਾਂ’ (ਓਰਾਇਨ) ਵਿਚ ਦੇਖਿਆ ਗਿਆ ਸੀ। ਇਸ ਕਾਰਨ ਸੂਬਾ ਸਰਕਾਰ ਨੇ ਸਬੰਧਿਤ ਇਲਾਕਿਆਂ ਦੇ ਸ਼ਾਪਿੰਗ ਮਾਲ, ਸਕੂਲ, ਰੇਸਤਰਾਂ ਅਤੇ ਚਰਚ ਅਣਮਿੱਥੇ ਸਮੇਂ ਲਈ ਬੰਦ ਕਰ ਦਿੱਤੇ ਹਨ। ਫਿਲਹਾਲ, ਦੋਵੇਂ ਮਹਿਲਾਵਾਂ ਬ੍ਰਿਸਬੇਨ ਸਥਿਤ ਪ੍ਰਿੰਸੈਸ ਅਲੈਗਜ਼ੈਂਡਰਾ ਹਸਪਤਾਲ ਵਿਚ ਜ਼ੇਰੇ ਇਲਾਜ ਹਨ। ਪੁਲੀਸ ਵੱਲੋਂ ਦੋਵਾਂ ਵਿਰੁੱਧ ਅਪਰਾਧਿਕ ਜਾਂਚ ਵਿੱਚ ਕਿਹਾ ਗਿਆ ਹੈ ਕਿ ਇਨ੍ਹਾਂ ਨੇ ਆਪਣੇ ਸਰਹੱਦੀ ਘੋਸ਼ਣਾ ਪੱਤਰਾਂ ਵਿੱਚ ਗਲਤ ਵੇਰਵੇ ਦਿੱਤੇ ਅਤੇ ਬਿਨਾਂ ਕੁਆਰੰਟੀਨ ਹੋਏ ਸੂਬੇ ਵਿਚ ਪ੍ਰਵੇਸ਼ ਕੀਤਾ। ਸਿਹਤ ਮੰਤਰੀ ਸਟੀਵਨ ਮਾਈਲਸ ਨੇ ਕਿਹਾ ਕਿ ਸੰਪਰਕਾਂ ਦੀ ਭਾਲ ਜਾਰੀ ਹੈ। ਮੁੱਖ ਸਿਹਤ ਅਧਿਕਾਰੀ ਜੀਨੇਟ ਯੰਗ ਨੇ ਕਿਹਾ ਕਿ ਊਹ ਇਸ ਲਾਪ੍ਰਵਾਹੀ ਵਾਲੇ ਵਤੀਰੇ ਤੋਂ ਬਹੁਤ ਨਿਰਾਸ਼ ਹਨ। ਇਨ੍ਹਾਂ ਨੇ ਲੋਕਾਂ ਦੀ ਜਾਨ ਜੋਖ਼ਮ ’ਚ ਪਾਈ ਹੈ, ਜੋ ਨਿੰਦਣਯੋਗ ਹੈ। ਦੱਸਣਯੋਗ ਹੈ ਕਿ ਕੁਇਨਜ਼ਲੈਂਡ ਸੂਬੇ ਵਿੱਚ ਹੌਟਸਪੋਟ ਵਾਲੇ ਖੇਤਰਾਂ ਤੋਂ ਦਾਖਲੇ ’ਤੇ ਪਾਬੰਦੀ ਹੈ।