ਨਵੀਂ ਦਿੱਲੀ /ਜ਼ਿਊਰਿਖ, 26 ਜੂਨ
ਸਵਿਸ ਬੈਂਕਾਂ ਵਿਚ ਭਾਰਤੀ ਨਾਗਰਿਕਾਂ ਅਤੇ ਕੰਪਨੀਆਂ ਦੇ ਜਮ੍ਹਾਂ ਰਕਮ ਦੇ ਮਾਮਲੇ ਵਿਚ ਭਾਰਤ ਤਿੰਨ ਸਥਾਨ ਹੇਠਾਂ ਖਿਸਕ ਕੇ 77ਵੇਂ ਨੰਬਰ ‘ਤੇ ਪਹੁੰਚ ਗਿਆ ਹੈ। ਇਹ ਜਾਣਕਾਰੀ ਸਵਿਟਜ਼ਰਲੈਂਡ ਦੇ ਕੇਂਦਰੀ ਬੈਂਕ ਤੋਂ ਆਏ ਤਾਜ਼ਾ ਅੰਕੜਿਆਂ ਵਿਚ ਮਿਲੀ ਹੈ। ਇਸ ਸੂਚੀ ਵਿਚ ਬਰਤਾਨੀਆ ਦਾ ਪਹਿਲਾ ਸਥਾਨ ਹੈ। ਪਿਛਲੇ ਸਾਲ ਇਸ ਸੂਚੀ ਵਿਚ ਭਾਰਤ 74ਵੇਂ ਨੰਬਰ ‘ਤੇ ਸੀ। ਸਵਿਸ ਨੈਸ਼ਨਲ ਬੈਂਕ (ਐੱਸਐੱਨਬੀ) ਵੱਲੋਂ ਜਾਰੀ ਸਾਲਾਨਾ ਬੈਂਕਿੰਗ ਅੰਕੜੇ ਦਰਸਾਉਂਦੇ ਹਨ ਕਿ ਭਾਰਤੀ ਨਾਗਰਿਕਾਂ ਅਤੇ ਕੰਪਨੀਆਂ ਦੁਆਰਾ ਜਮ੍ਹਾ ਰਾਸ਼ੀ ਦੇ ਮਾਮਲੇ ਵਿਚ ਭਾਰਤ ਬਹੁਤ ਹੇਠਲੇ ਸਥਾਨ ‘ਤੇ ਆਉਂਦਾ ਹੈ। ਸਵਿਸ ਬੈਂਕਾਂ ਵਿਚ ਵਿਦੇਸ਼ੀ ਲੋਕਾਂ ਦੁਆਰਾ ਜਮ੍ਹਾਂ ਧਨ ਦਾ ਸਿਰਫ 0.06 ਪ੍ਰਤੀਸ਼ਤ ਭਾਰਤੀਆਂ ਦਾ ਹੀ ਹਿੱਸਾ ਹੈ। ਸਾਲ 2019 ਦੇ ਅੰਤ ਵਿਚ ਯੂਕੇ ਨਾਗਰਿਕ, ਜੋ ਸੂਚੀ ਵਿਚ ਪਹਿਲੇ ਨੰਬਰ ‘ਤੇ ਸਨ, ਨੇ ਕੁੱਲ ਜਮ੍ਹਾਂ ਰਾਸ਼ੀ ਵਿਚ 27 ਪ੍ਰਤੀਸ਼ਤ ਹਿੱਸਾ ਪਾਇਆ। ਐੱਸਐੱਨਬੀ ਦੇ ਤਾਜ਼ਾ ਅੰਕੜਿਆਂ ਅਨੁਸਾਰ ਸਾਲ 2019 ਵਿੱਚ ਸਵਿਸ ਬੈਂਕਾਂ ਵਿੱਚ ਭਾਰਤੀ ਨਾਗਰਿਕਾਂ ਅਤੇ ਕੰਪਨੀਆਂ (ਭਾਰਤ ਵਿੱਚ ਸਥਿਤ ਸ਼ਾਖਾਵਾਂ ਦੁਆਰਾ ਜਮ੍ਹਾਂ ਰਾਸ਼ੀ ਸਮੇਤ) ਦੀ ਜਮ੍ਹਾਂ ਰਕਮ ਸਾਲ 2019 ਵਿੱਚ 5.8 ਫੀਸਦ ਘਟ ਕੇ 89.9 ਕਰੋੜ ਸਵਿਸ ਫਰੈਂਕ (6,625 ਕਰੋੜ ਰੁਪਏ) ਰਹਿ ਗਈ। ਸਿਖਰਲੇ ਦਸ ਦੇਸ਼ਾਂ ਵਿਚ ਜਰਮਨੀ, ਲਕਸਮਬਰਗ, ਬਹਾਮਾਸ, ਸਿੰਗਾਪੁਰ ਅਤੇ ਕੇਮੈਨ ਆਈਲੈਂਡ ਸ਼ਾਮਲ ਹਨ। ਇੱਥੇ ਸਿਰਫ 22 ਦੇਸ਼ ਹਨ ਜਿਨ੍ਹਾਂ ਦੇ ਸਵਿਸ ਬੈਂਕਾਂ ਵਿੱਚ ਜਮ੍ਹਾ ਹੋਈ ਰਕਮ ਵਿੱਚ ਹਿੱਸਾ ਇੱਕ ਪ੍ਰਤੀਸ਼ਤ ਜਾਂ ਵਧੇਰੇ ਹੈ। ਭਾਰਤ ਦੇ ਗੁਆਂਢੀ ਮੁਲਕਾਂ ਵਿੱਚ ਪਾਕਿਸਤਾਨ 99ਵੇਂ, ਬੰਗਲਾਦੇਸ਼ 85ਵੇਂ, ਨੇਪਾਲ 118ਵੇਂ, ਸ੍ਰੀਲੰਕਾ ਨੂੰ 148ਵੇਂ, ਮਿਆਂਮਾਰ ਨੂੰ 186ਵੇਂ ਅਤੇ ਭੂਟਾਨ ਨੂੰ 196 ਵੇਂ ਨੰਬਰ ’ਤੇ ਹੈ।