ਸੱਤਿਆ ਪ੍ਰਕਾਸ਼
ਨਵੀਂ ਦਿੱਲੀ, 26 ਜੂਨ
ਸੀਬੀਐੱਸਈ ਅਤੇ ਆਈਸੀਐੱਸਈ ਨੇ ਸ਼ੁੱਕਰਵਾਰ ਨੂੰ ਸੁਪਰੀਮ ਕੋਰਟ ਨੂੰ ਦੱਸਿਆ ਕਿ ਉਹ 10ਵੀਂ ਤੇ 12ਵੀਂ ਦੀਆਂ ਬੋਰਡ ਪ੍ਰੀਖਿਆਵਾਂ ਦੇ ਨਤੀਜੇ 15 ਜੁਲਾਈ ਤੱਕ ਐਲਾਨ ਦੇਣਗੇ। ਜਸਟਿਸ ਏਐੱਮ ਖਾਨਵਿਲਕਰ ਦੀ ਅਗਵਾਈ ਵਾਲੇ ਬੈਂਚ ਨੇ ਸੀਬੀਐੱਸਈ ਸਕੀਮ ਨੂੰ ਮਨਜ਼ੂਰੀ ਦਿੱਤੀ, ਜਿਸ ਤਹਿਤ 1 ਜੁਲਾਈ ਤੋਂ ਹੋਣ ਵਾਲੀਆਂ 10 ਵੀਂ ਅਤੇ 12ਵੀਂ ਦੀਆਂ ਰਹਿੰਦੀਆਂ ਪ੍ਰੀਖਿਆਵਾਂ ਰੱਦ ਕੀਤੀਆਂ ਗਈਆਂ ਹਨ। ਬੈਂਚ ਨੇ ਸੀਬੀਐੱਸਈ ਨੂੰ ਇਸ ਸਬੰਧ ਵਿੱਚ ਨੋਟੀਫਿਕੇਸ਼ਨ ਜਾਰੀ ਕਰਨ ਦੀ ਆਗਿਆ ਦੇ ਦਿੱਤੀ। ਆਈਸੀਐੱਸਈ ਦੇ ਵਕੀਲ ਨੇ ਬੈਂਚ ਨੂੰ ਦੱਸਿਆ ਕਿ ਉਹ ਇਸ ਸਬੰਧ ਵਿੱਚ ਸੀਬੀਐੱਸਈ ਦੁਆਰਾ ਬਣਾਈ ਗਈ ਯੋਜਨਾ ਨਾਲ ਸਹਿਮਤ ਹੈ। ਹਾਲਾਂਕਿ, ਆਈਸੀਐੱਸਈ 10ਵੀਂ ਅਤੇ 12ਵੀਂ ਦੇ ਵਿਦਿਆਰਥੀਆਂ ਨੂੰ ਕੋਵਿਡ-19 ਦੀ ਹਾਲਤ ਵਿੱਚ ਸੁਧਾਰ ਹੋਣ ਬਾਅਦ ਇਮਤਿਹਾਨ ਦੇਣ ਦਾ ਵਿਕਲਪ ਦੇਵੇਗਾ। ਆਈਸੀਐੱਸਈ ਨੇ ਸਪੱਸ਼ਟ ਕੀਤਾ ਕਿ ਉਹ ਵਿਦਿਆਰਥੀਆਂ ਨੂੰ ਅੰਕ ਦੇਣ ਲਈ ਸੀਬੀਐੱਸਈ ਨਾਲੋਂ ਥੋੜੀ ਵੱਖਰੀ ਮੁਲਾਂਕਣ ਯੋਜਨਾ ਦੀ ਪਾਲਣਾ ਕਰੇਗਾ।