ਸਰਕਾਰ ਅਤੇ ਕਾਰਪੋਰੇਟ ਘਰਾਣੇ
28 ਜੁਲਾਈ ਦਾ ਸੰਪਾਦਕੀ ‘ਆਰਡੀਨੈਂਸਾਂ ਦੀ ਤਿਆਰੀ’ ਪੜ੍ਹਿਆ। ਸਰਕਾਰ ਇਕ ਤੋਂ ਬਾਅਦ ਇਕ ਨਵਾਂ ਕਾਨੂੰਨ ਲੈ ਕੇ ਆ ਰਹੀ ਹੈ ਜਾਂ ਪਹਿਲਾਂ ਤੋਂ ਬਣੇ ਕਾਨੂੰਨਾਂ ਦਾ ਮੂੰਹ-ਮੁਹਾਂਦਰਾ ਬਦਲ ਰਹੀ ਹੈ ਜੋ ਆਮ ਲੋਕਾਂ, ਖੇਤ ਮਜ਼ਦੂਰਾਂ, ਕਿਸਾਨਾਂ, ਦਿਹਾੜੀਦਾਰਾਂ, ਛੋਟੇ ਵਪਾਰੀਆਂ, ਮੱਧਵਰਗੀ ਤੇ ਗ਼ਰੀਬ ਪਰਿਵਾਰਾਂ ਦੇ ਹੱਕ ਵਿਚ ਨਾ ਹੋ ਕੇ ਵੱਡੇ ਘਰਾਣਿਆਂ ਤੇ ਕਾਰਪੋਰੇਟ ਸੈਕਟਰ ਦੇ ਹੱਕ ਵਿਚ ਹੀ ਭੁਗਤਦੇ ਹਨ। ਤਾਜ਼ਾ ਉਦਾਹਰਨ ਦੇਖ ਹੀ ਸਕਦੇ ਹਾਂ: ਪਿਛਲੇ ਕੁਝ ਕੁ ਸਾਲਾਂ ਤੋਂ ਕਿੰਨੀਆਂ ਹੀ ਸਰਕਾਰੀ ਤੇ ਗ਼ੈਰ ਸਰਕਾਰੀ ਕੰਪਨੀਆਂ ਇੱਕੋ ਘਰਾਣੇ ਦੇ ਹੱਥ ਹੇਠ ਜਾ ਰਹੀਆਂ ਹਨ। ਖੇਤੀ ਆਰਡੀਨੈਂਸ, ਬਿਜਲੀ ਸੋਧ ਬਿੱਲ ਜਾਂ ਜ਼ਮੀਨ ਗ੍ਰਹਿਣ ਕਾਨੂੰਨ ਆਦਿ ਦੀ ਦੀ ਗੱਲ ਹੋਵੇ, ਇਹ ਸਭ ਕਾਨੂੰਨ ਆਮ ਲੋਕਾਂ ਦੀ ਗੱਲ ਨਹੀਂ ਕਰਦੇ। ਕਰੋਨਾ ਕਾਰਨ ਲਾਏ ਲੌਕਡਾਊਨ ਨੂੰ ਸਰਕਾਰਾਂ ਅਤੇ ਕਾਰਪੋਰੇਟ ਸੈਕਟਰ ਨੇ ਆਪਣੇ ਹੱਕ ਵਿਚ ਭੁਗਤਾਉਣ ਦਾ ਚੰਗਾ ਟੋਟਕਾ ਲੱਭਿਆ ਹੈ, ਕਿਉਂਕਿ ਹੁਣ ਵਿਰੋਧ ਲਈ ਇਕੱਠ ਕਰਨ ਦੀ ਵੀ ਆਗਿਆ ਨਹੀਂ ਪਰ ਕਿਸਾਨ ਜਥੇਬੰਦੀਆਂ ਦੁਆਰਾ ਕੀਤਾ ਗਿਆ ਰੋਸ ਪ੍ਰਦਰਸ਼ਨ ਸ਼ਲਾਘਾਯੋਗ ਹੈ, ਭਾਵੇਂ ਇਸ ਵਿਚ ਵੀ ਕੁਝ ਕਮੀਆਂ ਹਨ। ਅਸਲ ਗੱਲ ਇਹ ਹੈ ਕਿ ਆਰਡੀਨੈਂਸਾਂ ਦਾ ਮਾੜਾ ਅਸਰ ਸਿਰਫ਼ ਤੇ ਸਿਰਫ਼ ਕਿਸਾਨੀ ਜਾਂ ਕਿਸਾਨਾਂ ਤਕ ਹੀ ਸੀਮਤ ਨਹੀਂ ਰਹੇਗਾ। ਇਸ ਦਾ ਅਸਰ ਸਮੁੱਚੇ ਸਮਾਜ ਅਤੇ ਆਰਥਿਕਤਾ ਉੱਤੇ ਪੈਣਾ ਹੈ।
ਸੰਦੀਪ ਕੁਮਾਰ ਸਿੰਗਲਾ, ਬਠਿੰਡਾ
ਸਰਕਾਰ ਬਨਾਮ ਨੌਜਵਾਨ
29 ਜੁਲਾਈ ਨੂੰ ਸੰਪਾਦਕੀ ‘ਨੌਜਵਾਨਾਂ ’ਤੇ ਮੁਕੱਦਮੇ’ ਵਿਚ ਆਖੀ ਗੱਲ ਸੌ ਫ਼ੀਸਦੀ ਸਹੀ ਹੈ। ਨਵੇਂ ਕਾਨੂੰਨ ਬਣਾਉਣੇ ਅਤੇ ਕਾਨੂੰਨਾਂ ਵਿਚ ਸੋਧ ਕੋਈ ਨਵੀਂ ਗੱਲ ਨਹੀਂ, ਇਹ ਸਿਲਸਿਲਾ ਤਾਂ ਚੱਲਦਾ ਰਹਿੰਦਾ ਹੈ ਪਰ ਕਈ ਵਾਰੀ ਆਮ ਨਾਗਰਿਕਾਂ ਨਾਲ ਸਿੱਧਾ ਧੱਕਾ ਹੋ ਜਾਂਦਾ ਹੈ। ਪੰਜਾਬ ਦੇ ਬਹੁਤ ਸਾਰੇ ਨੌਜਵਾਨ ਤਾਂ ਪਹਿਲਾਂ ਹੀ ਨਸ਼ਿਆਂ ਵਿਚ ਡੁੱਬੇ ਪਏ ਹਨ। ਸਰਕਾਰ ਨੂੰ ਸਖ਼ਤ ਕਾਨੂੰਨਾਂ ਦੀ ਥਾਂ ਇਸ ਪਾਸੇ ਧਿਆਨ ਦੇਣ ਦੀ ਲੋੜ ਹੈ।
ਜਸਵਿੰਦਰ ਸਿੰਘ ਭੁਲੇਰੀਆ, ਮਮਦੋਟ (ਫਿਰੋਜ਼ਪੁਰ)
ਹਰ ਮੈਦਾਨ ਫਤਹਿ
28 ਜੁਲਾਈ ਨੂੰ ਨਜ਼ਰੀਆ ਪੰਨੇ ’ਤੇ ਜੋਧ ਸਿੰਘ ਮੋਗਾ ਦੀ ਰਚਨਾ ‘ਮਨ ਤਕੜਾ ਚਾਹੀਦਾ’ ਪੜ੍ਹ ਕੇ ਇਸ ਧਾਰਨਾ ਨੂੰ ਹੋਰ ਬਲ ਮਿਲਿਆ ਕਿ ਜੇਕਰ ਤੁਹਾਡਾ ਮਨ ਚੜ੍ਹਦੀ ਕਲਾ ਵਿਚ ਹੈ, ਮਜ਼ਬੂਤ ਹੈ ਤਾਂ ਤੁਸੀਂ ਹਰ ਮੈਦਾਨ ਫਤਹਿ ਹਾਸਿਲ ਕਰ ਸਕਦੇ ਹੋ। ਆਪਣੇ ਮਨ ’ਤੇ ਕਾਬੂ ਪਾ ਕੇ ਤੁਸੀਂ ਜੀਵਨ ’ਚ ਮਨਚਾਹੀ ਸਫ਼ਲਤਾ ਪ੍ਰਾਪਤ ਕਰ ਸਕਦੇ ਹੋ। ਆਪਣੇ ਮਨ ਦੀ ਦ੍ਰਿੜ੍ਹਤਾ ਨਾਲ ਬੰਦਾ ਕਿਸੇ ਵੀ ਮਾੜੀ ਆਦਤ ਦਾ ਤਿਆਗ਼ ਕਰ ਸਕਦਾ ਹੈ।
ਸਰਬਜੀਤ ਸਿੰਘ ਸੰਗਤਪੁਰਾ, ਈਮੇਲ
ਮਿਸਾਲੀ ਆਗੂ
28 ਜੁਲਾਈ ਨੂੰ ਲੋਕ ਸੰਵਾਦ ਪੰਨੇ ’ਤੇ ਜਗਤਾਰ ਸਿੰਘ ਲਾਂਬਾ ਦਾ ਲੇਖ ‘ਕਿਰਤੀਆਂ ਦੀ ਆਵਾਜ਼’ ਲੋਕ-ਪੱਖੀ ਸ਼ਖ਼ਸੀਅਤ ਸਤਪਾਲ ਡਾਂਗ ਦੇ ਜੀਵਨ ਬਾਰੇ ਚਾਨਣਾ ਪਾਉਂਦਾ ਹੈ। ਲੇਖ ਪੜ੍ਹ ਕੇ ਉਨ੍ਹਾਂ ਦੇ ਸਾਦੇ ਜਿਊਣ ਢੰਗ, ਸੰਘਰਸ਼ਸ਼ੀਲ ਸ਼ਖ਼ਸੀਅਤ, ਹਮੇਸ਼ਾ ਆਮ ਲੋਕਾਂ ਵਾਂਗ ਜੀਵਨ ਜਿਊਣ ਵਾਲੇ ਅਤੇ ਲੋਕਾਂ ਵਿਚ ਵਿਚਰਨ ਵਾਲੇ ਮਹਾਂਨਾਇਕ ਬਾਰੇ ਪਤਾ ਲੱਗਦਾ ਹੈ। ਜੇਕਰ ਸਾਡੇ ਅੱਜ ਦੇ ਆਗੂ ਵੀ ਉਨ੍ਹਾਂ ਵਾਂਗ ਲੋਕ-ਪੱਖੀ ਹੋਣ ਤਾਂ ਦੇਸ਼ ਦਾ ਭਲਾ ਹੋ ਸਕਦਾ ਹੈ। ਪਰ ਹੁਣ ਤਾਂ ਅਜਿਹਾ ਸੋਚਣਾ ਮਹਿਜ਼ ਸੁਪਨੇ ਵਾਂਗ ਲੱਗਦਾ ਹੈ।
ਹਰਨੰਦ ਸਿੰਘ ਬੱਲਿਆਂਵਾਲਾ, ਬੱਲਿਆਂਵਾਲਾ (ਤਰਨ ਤਾਰਨ)
ਦੋਸਤੀ ਵਾਲੇ ਰਾਹ
27 ਜੁਲਾਈ ਨੂੰ ਪਰਗਟ ਸਿੰਘ ਸਤੌਜ ਦਾ ਮਿਡਲ ‘ਰਾਹਾਂ ਨਾਲ ਦੋਸਤੀ’ ਚੰਗਾ ਲੱਗਾ। ਜ਼ਿੰਦਗੀ ਦੀ ਕਾਮਯਾਬੀ, ਮੰਜ਼ਿਲ ’ਤੇ ਪਹੁੰਚਣ ਵਾਲੀ ਰਾਹ ਨਾਲ ਜੁੜਿਆ ਹੈ। 23 ਜੁਲਾਈ ਨੂੰ ਪਾਲੀ ਰਾਮ ਬਾਂਸਲ ਦਾ ਮਿਡਲ ‘ਬਾਪੂ ਦਾ ਵਿਆਹ’ ਹਸਾਉਣ ਵਾਲਾ ਸੀ। ਲੇਟ ਵਿਆਹ ਹੋਣ ਦੇ ਘਰੇਲੂ ਅਤੇ ਹੋਰ ਕਾਰਨ ਵੀ ਹੋ ਸਕਦੇ ਹਨ। ਕਈ ਵਾਰੀ ਘਰ ਵਿਚ ਕਮਾਊ ਛੋਟਾ ਭਰਾ ਵੱਡੀਆਂ ਭੈਣਾਂ ਦੇ ਹੱਥ ਪੀਲੇ ਕਰ ਕੇ ਮਾਪਿਆਂ ਨੂੰ ਬੇਫ਼ਿਕਰੀ ਦਾ ਹੱਕ ਦੇਣ ਮਗਰੋਂ ਆਪਣਾ ਵਿਆਹ ਕਰਾਉਣ ਲਈ ਸੋਚਦਾ ਹੈ। ਇਹ ਲੇਖ ਹਾਸ-ਵਿਅੰਗ ਦੇ ਨਾਲ ਨਾਲ ਪ੍ਰੇਰਨਾ ਦੇਣ ਵਾਲਾ ਵੀ ਹੈ।
ਅਨਿਲ ਕੌਸ਼ਿਕ, ਕਿਊੜਕ (ਕੈਥਲ)
ਪਾਠਕ੍ਰਮ ਕਟੌਤੀ
24 ਜੁਲਾਈ ਦੇ ਨਜ਼ਰੀਆ ਪੰਨੇ ’ਤੇ ਡਾ. ਕੁਲਦੀਪ ਦਾ ਲੇਖ ‘ਪ੍ਰੋ. ਯਸ਼ਪਾਲ ਪਾਠਕ੍ਰਮ ਅਤੇ ਸਿਲੇਬਸ ਕਟੌਤੀ’ ਪੜ੍ਹਿਆ। ਵਿੱਦਿਆ ਦਾ ਪਸਾਰਾ ਭਾਵੇਂ ਤਕਸ਼ਿਲਾ ਢਾਂਚੇ ਅਧੀਨ ਹੋਵੇ ਜਾਂ ਮੌਜੂਦਾ ਸਮੇਂ ’ਚ , ਮਕਸਦ ਇੱਕੋ ਰਿਹਾ ਹੈ ਕਿ ਮਾਹੌਲ ਅਜਿਹਾ ਸਿਰਜਿਆ ਜਾਵੇ ਜਿਸ ਨਾਲ ਬੱਚਿਆਂ ਦਾ ਚੌਤਰਫ਼ਾ ਵਿਕਾਸ ਹੋ ਸਕੇ। ਉਹ ਆਰਾਮਦਾਇਕ ਅਤੇ ਸ਼ਾਂਤ ਮਾਹੌਲ ਵਿਚ ਸਿੱਖੇ। ਬੱਚਾ ਸੁਭਾਵਿਕ ਹੀ ਆਪਣੇ ਘਰ, ਵਾਤਾਵਰਨ ਅਤੇ ਕਿਸੇ ਲਿਖਤ ਤੋਂ ਬਹੁਤ ਕੁਝ ਸਿੱਖਦਾ ਹੈ। ਹੋਮੀ ਭਾਭਾ ਦੀ ਵਿਗਿਆਨ ਦੇ ਖੇਤਰ ’ਚ ਨਿਭਾਈ ਸੇਵਾ ਹੋਵੇ, ਪ੍ਰੋ. ਯਸ਼ਪਾਲ ਤੇ ਕੋਠਾਰੀ ਕਮਿਸ਼ਨ ਰਿਪੋਰਟ ਹੋਵੇ, ਟਰਨਿੰਗ ਪੁਆਇੰਟ ਜਾਂ ਨੈਸ਼ਨਲ ਕੁਰਿਕੁਲਮ ਫ਼ਰੇਮਵਰਕ; ਇਹ ਸਭ ਵਿਦਿਆਰਥੀ ਦੇ ਹੱਕ ਵਿਚ ਹੀ ਭੁਗਤੇ ਹਨ। ਮੌਜੂਦਾ ਦੌਰ ਦੇ ਮੱਦੇਨਜ਼ਰ ਪਾਠਕ੍ਰਮ ਵਿਚ ਕਟੌਤੀ ਵਿਚਾਰਨਯੋਗ ਮਸਲਾ ਹੈ। ਜਿੰਨਾ ਕੁ ਪਾਠਕ੍ਰਮ ਇਸ ਦੌਰ ਵਿਚ ਕਰਵਾਇਆ ਜਾ ਰਿਹਾ ਹੈ, ਕੀ ਓਨਾ ਵਿਦਿਆਰਥੀ ਤਕ ਪਹੁੰਚ ਵੀ ਰਿਹਾ ਹੈ? ਫਿਰ ਮੌਜੂਦਾ ਜਮਾਤ ਵਿਚ 30 ਫ਼ੀਸਦੀ ਪਾਠਕ੍ਰਮ ਕੱਟਣਾ ਆਉਣ ਵਾਲੀਆਂ ਜਮਾਤਾਂ ’ਚ ਵੀ ਉਸ ਪਾਠ ਬਾਰੇ ਜਾਣਕਾਰੀ ਦਾ ਕੱਟਣਾ ਹੈ। ਕੁਲ ਮਿਲਾ ਕੇ ਇਕ ਵਿਸ਼ੇ ਦੀ 30 ਫ਼ੀਸਦੀ ਜਾਣਕਾਰੀ ਵਿਦਿਆਰਥੀ ਜੀਵਨ ਵਿਚੋਂ ਮਨਫ਼ੀ ਹੋ ਗਈ। ਸੋਚਣ ਵਾਲੀ ਗੱਲ ਹੈ ਕਿ ਪਾਠਕ੍ਰਮ ਦਾ ਇੰਨਾ ਜ਼ਰੂਰੀ ਹਿੱਸਾ ਵਿਦਿਆਰਥੀਆਂ ਲਈ ਸੈੱਟ ਕੀਤਾ ਗਿਆ ਸੀ, ਉਸੇ ਨੂੰ ਹੀ ਕਿਸ ਬਿਨਾਹ ’ਤੇ ਕੱਟਿਆ ਜਾ ਰਿਹਾ ਹੈ?
ਅਮੀਨਾ, ਪਿੰਡ ਬਹਿਰਾਮਪੁਰ ਜ਼ਿਮੀਂਦਾਰੀ (ਰੋਪੜ)
ਸਿਰੇ ਦੀ ਗਿਰਾਵਟ
20 ਜੁਲਾਈ ਦੇ ਸੰਪਾਦਕੀ ‘ਸਿਆਸੀ ਨੈਤਿਕਤਾ ਵਿਚ ਗਿਰਾਵਟ’ ਵਿਚ ਖ਼ੂਬ ਖ਼ਰੀਆਂ ਖ਼ਰੀਆਂ ਗੱਲਾਂ ਕੀਤੀਆਂ ਹਨ। ਸਿਆਸੀ ਨੈਤਿਕਤਾ ਵਿਚ ਗਿਰਾਵਟ ਦਾ ਸ਼ਾਇਦ ਅਸੀਂ ਸਿਖਰ ਹੀ ਦੇਖ ਰਹੇ ਹਾਂ। ਬਿਹਾਰ, ਮਨੀਪੁਰ, ਗੋਆ, ਕਰਨਾਟਕ ਅਤੇ ਮੱਧ ਪ੍ਰਦੇਸ਼ ਤੋਂ ਬਾਅਦ ਹੁਣ ਰਾਜਸਥਾਨ ਦੀ ਵਾਰੀ ਹੈ। ਲੋਕਤੰਤਰ ਵਿਚ ਵੋਟਰਾਂ ਦੇ ਫ਼ਤਵੇ ਦਾ ਸਤਿਕਾਰ ਤਾਂ ਕਰਨਾ ਹੀ ਬਣਦਾ ਹੈ ਪਰ ਜਿੱਥੇ ਲੋਕਤੰਤਰ ਦਾ ਹੀ ਸਤਿਕਾਰ ਨਾ ਹੋਵੇ, ਉੱਥੇ ਵੋਟਰ ਦੇ ਫ਼ਤਵੇ ਦਾ ਕੀ ਮਤਲਬ?
ਜਗਦੇਵ ਸ਼ਰਮਾ, ਧੂਰੀ