ਲਾਸ ਏਂਜਲਸ, 25 ਜੂਨ
ਖਾਨਾਜੰਗੀ ਬਾਰੇ ਫਿਲਮ ‘ਗੌਨ ਵਿਦ ਦਿ ਵਿੰਡ’ ਨੇ ਐੱਚਬੀਓ ਮੈਕਸ ’ਤੇ ਮੁੜ ਵਾਪਸੀ ਕੀਤੀ ਹੈ। ਡਿਜੀਟਲ ਪਲੇਟਫਾਰਮ ਵਲੋਂ ਦੋ ਹਫ਼ਤੇ ਪਹਿਲਾਂ ਇਹ ਫਿਲਮ ਹਟਾ ਦਿੱਤੀ ਗਈ ਸੀ। ਹੁਣ ਫਿਲਮ ਨਾਲ ਇਤਿਹਾਸਿਕ ਪ੍ਰਸੰਗ ਅਤੇ ਬੇਦਾਅਵਾ (ਡਿਸਕਲੇਮਰ) ਚਲਾਇਆ ਜਾਂਦਾ ਹੈ, ਜਿਸ ਵਿੱਚ 1939 ਵਿੱਚ ਸਿਆਹਫ਼ਾਮ ਲੋਕਾਂ ਬਾਰੇ ਵਿਵਾਦਿਤ ਪੇਸ਼ਕਾਰੀ ਅਤੇ ਗੁਲਾਮੀ ਬਾਰੇ ਸਕਰਾਤਮਕ ਨਜ਼ਰੀਏ ਦੀ ਗੱਲ ਕੀਤੀ ਜਾਂਦੀ ਹੈ।
ਇਹ ਕਦਮ ਮੀਡੀਆ ਕੰਪਨੀਆਂ ਵਲੋਂ ਜੌਰਜ ਫਲਾਇਡ ਦੀ ਪਿਛਲੇ ਮਹੀਨੇ ਮਿਨੀਸੋਟਾ ’ਚ ਪੁਲੀਸ ਹਿਰਾਸਤ ਵਿੱਚ ਹੋਈ ਹੱਤਿਆ ਮਗਰੋਂ ਪੁਲੀਸ ਬੇਰਹਿਮੀ ਅਤੇ ਨਸਲੀ ਹਿੰਸਾ ਵਿਰੁੱਧ ਹੋਏ ਪ੍ਰਦਰਸ਼ਨਾਂ ਦੇ ਮੱਦੇਨਜ਼ਰ ਚੁੱਕਿਆ ਗਿਆ ਹੈ। ਹੁਣ ਐੱਚਬੀਓ ਮੈਕਸ ’ਤੇ ‘ਗੌਨ ਵਿਦ ਦਿ ਵਿੰਡ’ ਸ਼ੁਰੂ ਹੋਣ ਤੋਂ ਪਹਿਲਾਂ ਇੱਕ ਵੀਡੀਓ ਚੱਲਦੀ ਹੈ, ਜਿਸ ਵਿੱਚ ਦਰਸ਼ਕਾਂ ਨੂੰ ਫਿਲਮ ਦੇ ਚਰਚਿਤ ਹੋਣ ਅਤੇ ਇਸ ਦੇ ਵਿਰੋਧ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ। -ਪੀਟੀਆਈ