ਮਹਿੰਦਰ ਸਿੰਘ ਰੱਤੀਆਂ
ਮੋਗਾ, 25 ਜੂਨ
ਮੋਗਾ ਪੁਲੀਸ ਨੇ ਬਿਨਾਂ ਮਾਸਕ ਤੇ ਥੁੱਕਣ ਵਾਲਿਆਂ ਕੋਲੋ ਇੱਕ ਮਹੀਨੇ ਵਿੱਚ 36 ਲੱਖ ਜੁਰਮਾਨਾ ਵਸੂਲ ਕੀਤਾ ਹੈ। ਇੱਥੇ ਜ਼ਿਲ੍ਹਾ ਪੁਲੀਸ ਨੇ 21 ਮਈ ਤੋਂ 23 ਜੂਨ ਤੱਕ ਇੱਕ ਮਹੀਨੇ ਵਿੱਚ ਕੋਵਿਡ-19 ਦੀ ਉਲੰਘਣਾ ਤਹਿਤ ਕੁੱਲ 36 ਲੱਖ 16 ਹਜ਼ਾਰ 800 ਰੁਪਏ ਜੁਰਮਾਨਾ ਵਸੂਲਿਆ ਹੈ। ਵੇਰਵਿਆਂ ਅਨੁਸਾਰ ਮਾਸਕ ਨਾ ਲਗਾਉਣ ਉੱਤੇ 8940 ਚਲਾਨ ਕੱਟ ਕੇ 32 ਲੱਖ 10 ਹਜ਼ਾਰ 300 ਰੁਪਏ, ਜਨਤਕ ਸਥਾਨਾਂ ਉੱਤੇ ਥੁੱਕਣ ਵਾਲਿਆਂ ਦੇ 1488 ਚਲਾਨ ਕਰਕੇ 2 ਲਖ 76 ਹਜ਼ਾਰ ਅਤੇ ਸਮਾਜਿਕ ਦੂਰੀ ਦੇ 87 ਚਲਾਨ ਕਰਕੇ 1 ਲੱਖ 30 ਹਜ਼ਾਰ 500 ਰੁਪਏ ਜੁਰਮਾਨਾ ਵਸੂਲਿਆ ਹੈ। ਸਰਕਾਰ ਨੇ 29 ਮਈ ਨੂੰ ਕੋਵਿਡ-19 ਉਲੰਘਣਾ ਤਹਿਤ ਮਾਸਕ ਜੁਰਮਾਨਾ ਰਾਸ਼ੀ 200 ਤੋਂ ਵਧਾ ਕੇ 500 ਰੁਪਏ ਅਤੇ ਥੁੱਕਣ ਉੱਤੇ 100 ਤੋਂ 500, ਸਮਾਜਿਕ ਦੂਰੀ ਉੱਤੇ 500 ਤੋਂ 2 ਹਜਾਰ ਜੁਰਮਾਨਾ ਰਾਸ਼ੀ ਤੈਅ ਕਰ ਦਿੱਤੀ ਸੀ।
ਬੀਕੇਯੂ ਏਕਤਾ ਉਗਰਾਹਾਂ ਤੇ ਸਾਬਕਾ ਟਰੇਡ ਯੂਨੀਅਨ ਕੌਂਸਲ ਆਗੂ ਬਲੌਰ ਸਿੰਘ ਘਾਲੀ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਨਿੱਤ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ। ਮਹਿੰਗੀ ਰੇਤਾ-ਬੱਜਰੀ, ਮਹਿੰਗੇ ਬਸ ਸਫਰ, ਬੇਹੱਦ ਮਹਿੰਗੇ ਪੈਟਰੋਲ, ਡੀਜ਼ਲ, ਰਸੋਈ ਗੈਸ, ਮਹਿੰਗੀ ਪੜ੍ਹਾਈ, ਬੇਹੱਦ ਮਹਿੰਗੇ ਇਲਾਜ ਨੇ ਮਜਦੂਰ ਗਰੀਬ ਤੇ ਆਮ ਲੋਕਾਂ ਨੂੰ ਬੇਹੱਦ ਪ੍ਰੇਸ਼ਾਨ ਕਰ ਕੇ ਰੱਖਿਆ ਹੈ। ਉਤੋਂ ਕੇਂਦਰ ਸਰਕਾਰ ਤੇਲ ਦੀਆਂ ਕੀਮਤਾਂ ਵਧਾ ਕੇ ਲੋਕਾਂ ਦੀਆਂ ਜੇਬਾਂ ਉੱਤੇ ਡਾਕਾ ਮਾਰ ਰਹੀ ਹੈ।