ਨਵੀਂ ਦਿੱਲੀ/ਜੈਪੁਰ, 25 ਜੂਨ
ਕਾਂਗਰਸ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਵਾਲ ਕੀਤਾ ਕਿ ਉਨ੍ਹਾਂ ਦੀ ਚੀਨ ਨਾਲ ‘ਨਿਵੇਕਲੀ ਸਾਂਝ’ ਦਾ ਲਾਹਾ ਦੇਸ਼ ਨੂੰ ਹੁਣ ਤਕ ਕਿਉਂ ਨਹੀਂ ਮਿਲਿਆ। ਪਾਰਟੀ ਤਰਜਮਾਨ ਪਵਨ ਖੇੜਾ ਨੇ ਕਿਹਾ ਕਿ ਸੱਤਾਧਾਰੀ ਪਾਰਟੀ (ਭਾਜਪਾ) ਵੱਲੋਂ ਅਕਸਰ ਇਹ ਦਾਅਵਾ ਕੀਤਾ ਜਾਂਦਾ ਹੈ ਕਿ ਉਹਦੀ ਚੀਨ ਦੀ ਕਮਿਊਨਿਸਟ ਪਾਰਟੀ (ਸੀਪੀਸੀ) ਨਾਲ ਨਿਵੇਕਲੀ ਸਾਂਝ ਹੈ। ਖੇੜਾ ਨੇ ਕਿਹਾ ਕਿ ਭਾਜਪਾ ਨੇ ਚੀਨ ਦੀ ਸੱਤਾਧਾਰੀ ਪਾਰਟੀ ਨਾਲ ਬੀਤੇ ’ਚ ਪਾਰਟੀ ਪੱਧਰ ਦੀਆਂ ਕਈ ਮੀਟਿੰਗਾਂ ਕੀਤੀਆਂ ਹਨ। ਉਨ੍ਹਾਂ ਸਵਾਲ ਕੀਤਾ ਕਿ ਕੀ ਇਨ੍ਹਾਂ ਵਿਚਾਰ-ਵਟਾਂਦਰਿਆਂ ਮਗਰੋਂ ਭਾਰਤ ਦੀਆਂ ਸਰਹੱਦਾਂ ਸੁਰੱਖਿਅਤ ਹਨ। ਉਨ੍ਹਾਂ ਕਿਹਾ, ‘ਨਰਿੰਦਰ ਮੋਦੀ ਤੇ ਚੀਨ ਦਰਮਿਆਨ ਇਕ ਨਿਵੇਕਲੀ ਕਿਸਮ ਦੀ ਆਪਸੀ ਸਾਂਝ ਹੈ…ਦੋ ਦਹਾਕਿਆਂ ਦੀ ਸਾਂਝ। ਪਰ ਦੇਸ਼ ਨੂੰ ਇਸ ਸਾਂਝ ਦਾ ਹੁਣ ਤਕ ਕੋਈ ਲਾਭ ਕਿਉਂ ਨਹੀਂ ਮਿਲਿਆ।’ ਇਸ ਦੌਰਾਨ ਰਾਜਸਥਾਨ ਦੇ ਉਪ ਮੁੱਖ ਮੰਤਰੀ ਤੇ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੁਖੀ ਸਚਿਨ ਪਾਇਲਟ ਨੇ ਕਿਹਾ ਕਿ ਰਾਹੁਲ ਗਾਂਧੀ ਨੂੰ ਮੁੜ ਪਾਰਟੀ ਦੀ ਕਮਾਨ ਸੰਭਾਲ ਲੈਣੀ ਚਾਹੀਦੀ ਹੈ। ਪਾਇਲਟ ਨੇ ਕਿਹਾ ਕਿ ਉਹ 29 ਜੂਨ ਨੂੰ ਸਾਰੇ ਜ਼ਿਲ੍ਹਾ ਹੈੱਡਕੁਆਰਟਰਾਂ ’ਤੇ ਤੇਲ ਕੀਮਤਾਂ ’ਚ ਵਾਧੇ ਖ਼ਿਲਾਫ਼ ਪ੍ਰਦਰਸ਼ਨ ਕਰਨਗੇ। -ਪੀਟੀਆਈ