ਕੀਟਨਾਸ਼ਕਾਂ ਤੇ ਖਾਦਾਂ ਦੀ ਅੰਨ੍ਹੀ ਵਰਤੋਂ
7 ਜੁਲਾਈ ਨੂੰ ਪਹਿਲੇ ਪੰਨੇ ’ਤੇ ਖ਼ਬਰ ਪੜ੍ਹੀ : ਕਸ਼ਮੀਰ ਦਾ ਸੇਬ ਹੋਇਆ ‘ਬਿਮਾਰ’। ਕੀਟਨਾਸ਼ਕਾਂ ਅਤੇ ਖਾਦਾਂ ਦੀ ਅੰਨ੍ਹੀ ਵਰਤੋਂ ਦੇ ਮਾਮਲੇ ’ਤੇ ਪੰਜਾਬ ਤੋਂ ਬਾਅਦ ਹੁਣ ਜੰਮੂ ਕਸ਼ਮੀਰ ਦਾ ਨਾਮ ਸ਼ਾਮਿਲ ਹੋ ਗਿਆ ਹੈ। ਇਹ ਆਉਣ ਵਾਲੇ ਦਿਨਾਂ ਲਈ ਕਿਸੇ ਚੁਣੌਤੀ ਤੋਂ ਘੱਟ ਨਹੀਂ। ਇਸ ਦੇ ਮਾੜੇ ਪ੍ਰਭਾਵ ਪੰਜਾਬ ਵਿਚ ਦਿਖਾਈ ਦੇ ਹੀ ਰਹੇ ਹਨ। ਕਈ ਸਰਕਾਰੀ ਅਤੇ ਪ੍ਰਾਈਵੇਟ ਸੰਸਥਾਵਾਂ ਨੇ ਇਸ ਬਾਰੇ ਲੋਕਾਂ ਨੂੰ ਜਾਗਰੂਕ ਵੀ ਕੀਤਾ ਹੈ, ਫਿਰ ਵੀ ਪੰਜਾਬ ਵਿਚ ਰਸਾਇਣਾਂ ਦੀ ਵਰਤੋਂ ਘਟ ਨਹੀਂ ਰਹੀ। ਸਰਕਾਰਾਂ ਨੂੰ ਹੁਣ ਇਸ ਬਾਰੇ ਫ਼ੈਸਲਾਕੁਨ ਕਦਮ ਚੁੱਕਣਾ ਚਾਹੀਦਾ ਹੈ।
ਈਸ਼ਾ ਸ਼ਰਮਾ, ਬਠਿੰਡਾ
ਵੈਕਸੀਨ ਬਾਰੇ ਦਾਅਵੇ
6 ਜੁਲਾਈ ਦੇ ਸੰਪਾਦਕੀ ‘ਕਾਹਲ ਕਿਉਂ’ ਵਿਚ ਆਈਸੀਐਮਆਰ ਵੱਲੋਂ ਕੋਵਿਡ-19 ਦੀ ਤਿਆਰ ਹੋ ਰਹੀ ਵੈਕਸੀਨ ਬਾਰੇ ਕੀਤੀ ਜਾ ਰਹੀ ਕਾਹਲੀ ਬਾਰੇ ਪੜ੍ਹ ਕੇ ਹੈਰਾਨੀ ਹੋਈ ਕਿ ਇਹ ਸੰਸਥਾ ਸੱਚਮੁੱਚ ਐਨੀ ਕਾਹਲੀ ਕਿਉਂ ਹੈ! ਕਿਸੇ ਵੀ ਤਰ੍ਹਾਂ ਦੀ ਵੈਕਸੀਨ ਤਿਆਰ ਕਰਨ ਲਈ ਤਿੰਨ ਚਾਰ ਪੜਾਅ ਤੈਅ ਕਰਨੇ ਜ਼ਰੂਰੀ ਹਨ, ਜਿਨ੍ਹਾਂ ਰਾਹੀਂ ਤਿਆਰ ਕੀਤੀ ਜਾ ਰਹੀ ਵੈਕਸੀਨ ਨੂੰ ਪਹਿਲਾਂ ਜਾਨਵਰਾਂ, ਫਿਰ ਇਨਸਾਨਾਂ ਉੱਪਰ ਵੱਖਰੇ ਵੱਖਰੇ ਤੌਰ ’ਤੇ ਪਰਖ ਕੇ ਵੈਕਸੀਨ ਦੇ ਨਫ਼ੇ ਨੁਕਸਾਨ ਦੀ ਪੜਤਾਲ ਕੀਤੀ ਜਾਂਦੀ ਹੈ, ਫਿਰ ਕਿਤੇ ਜਾ ਕੇ ਇਹ ਇਨਸਾਨਾਂ ਲਈ ਵਰਤੋਂ ਯੋਗ ਹੁੰਦੀ ਹੈ। ਇਸ ਲਈ ਇਸ ਨੂੰ ਦਿਨ ਮਿੱਥ ਕੇ ਤਿਆਰ ਨਹੀਂ ਕੀਤਾ ਜਾ ਸਕਦਾ। ਦੂਸਰੇ ਮੁਲਕਾਂ ਵੱਲੋਂ ਸਾਡੇ ਵਿਗਿਆਨੀਆਂ ’ਤੇ ਵੀ ਉਂਗਲ ਉੱਠਣੀ ਸੁਭਾਵਿਕ ਹੈ।
ਜਸਦੀਪ ਸਿੰਘ ਢਿੱਲੋਂ, ਫਰੀਦਕੋਟ
ਬੱਚਿਆਂ ਦੀਆਂ ਸਮੱਸਿਆਵਾਂ
6 ਜੁਲਾਈ ਦੇ ਸੰਪਾਦਕੀ ‘ਤਾਲਾਬੰਦੀ : ਬੱਚਿਆਂ ਲਈ ਚੁਣੌਤੀ’ ਵਿਚ ਬੱਚਿਆਂ ਦਾ ਮਸਲਾ ਸਹੀ ਢੰਗ ਨਾਲ ਉਭਾਰਿਆ ਗਿਆ ਹੈ। ਉਂਜ ਬੱਚਿਆਂ ਦੀ ਅਹਿਮੀਅਤ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਸਟੀਕ ਹੱਲ ਨਹੀਂ ਦੱਸਿਆ ਗਿਆ। ਕੋਵਿਡ-19 ਦੌਰਾਨ 65 ਫ਼ੀਸਦੀ ਤੋਂ ਵੱਧ ਬੱਚੇ ਮੋਬਾਈਲ ਦੇ ਆਦੀ ਹੋਣ ਦੇ ਨਾਲ ਨਾਲ ਮੋਟਾਪਾ, ਸਿਰਦਰਦ, ਅੱਖਾਂ ’ਚ ਜਲਨ, ਚਿੜਚਿੜਾਪਨ, ਇਕਾਂਤ ਆਦਿ ਤੋਂ ਪੀੜਤ ਹੋ ਗਏ ਹਨ। ਵੱਖ ਵੱਖ ਦੇਸ਼ਾਂ ਦੀਆਂ ਤਾਜ਼ਾ ਰਿਪੋਰਟਾਂ ਅਨੁਸਾਰ ਕਰੋਨਾਵਾਇਰਸ ਬਿਮਾਰੀ ਹਵਾ ਨਾਲ ਵੀ ਫੈਲਦੀ ਹੈ। ਇਸ ਕਰ ਕੇ ਪ੍ਰਧਾਨ ਮੰਤਰੀ ਨੂੰ ਸਭ ਤੋਂ ਪਹਿਲਾਂ ਬੱਚਿਆਂ ਨੂੰ ਸੰਭਾਲਣ ਦੀ ਲੋੜ ਹੈ ਅਤੇ ਉਨ੍ਹਾਂ ਲਈ ਖੁੱਲ੍ਹੇ ਡੁੱਲ੍ਹੇ ਮੈਦਾਨਾਂ ਤੇ ਸ਼ੈੱਡਾਂ ਵਿਚ ਸਿੱਖਿਆ/ਸਿਹਤ ਦਾ ਪ੍ਰਬੰਧ ਕੀਤਾ ਜਾਵੇ।
ਗੁਰਦਿਆਲ ਸਹੋਤਾ, ਲੁਧਿਆਣਾ
ਫੰਡ ਦਾ ਹਿਸਾਬ
6 ਜੁਲਾਈ ਨੂੰ ਰਣਜੀਤ ਲਹਿਰਾ ਦਾ ਮਿਡਲ ‘ਪੀਐੱਮ ਕੇਅਰਜ਼ ਫੰਡ ਬਨਾਮ ਬਾਈ ਦਾ ਖੀਸਾ’ ਪੜ੍ਹਿਆ। ਜੋ ਕੁਝ ਲਿਖਿਆ ਗਿਆ ਹੈ, ਸੋਚਦੇ ਤਾਂ ਅਸੀਂ ਵੀ ਰੋਜ਼ ਇਹੀ ਹਾਂ। ਕਿੰਨਾ ਮੰਦਭਾਗਾ ਹੈ ਕਿ ਜਿਨ੍ਹਾਂ ਨੇ ਫੰਡ ਦਿੱਤਾ, ਉਹ ਇਹ ਨਹੀਂ ਪੁੱਛ ਸਕਦੇ ਕਿ ਇਸ ਦੀ ਵਰਤੋਂ ਕਿੱਥੇ ਹੋਈ। ਭਾਵਨਾਵਾਂ ਵਿਚ ਵਹਿ ਕੇ ਅਸੀਂ ਦਾਨ ਕਰਦੇ ਹਾਂ। ਮੇਰਾ ਵੀ ਛੋਟਾ ਜਿਹਾ ਹਿੱਸਾ ਇਸ ਵਿਚ ਹੈ। ਹੁਣ ਲੱਗਦਾ ਹੈ, ਜੇ ਆਪ ਹੀ ਕਿਸੇ ਦੀ ਸਿੱਧੀ ਮਦਦ ਕਰ ਦਿੰਦੇ ਤਾਂ ਚੰਗਾ ਸੀ। ਆਰਟੀਆਈ ਤੋਂ ਬਾਹਰ ਇਸ ਫੰਡ ਦੀ ਦੁਰਵਰਤੋਂ ਹੋਣਾ ਪੱਕਾ ਹੈ। ਲੋਕ ਇਸ ਬਾਰੇ ਸੱਚ ਜਾਣਨਾ ਚਾਹੁੰਦੇ ਹਨ। ਕਿਵੇਂ ਕੋਈ ਸਰਕਾਰ ਲੋਕਾਂ ਦੀ ਮਿਹਨਤ ਦੀ ਕਮਾਈ ਵਿਚੋਂ ਕੀਤੇ ਦਾਨ ਦੀ ਰਾਸ਼ੀ ਨੂੰ ਬੇ-ਹਿਸਾਬ ਰੱਖ ਸਕਦੀ ਹੈ? 4 ਜੁਲਾਈ ਨੂੰ ਸੀ. ਮਾਰਕੰਡਾ ਦੇ ਮਿਡਲ ‘ਮਾਸਟਰ ਨੱਥੂ ਰਾਮ ਨੂੰ ਯਾਦ ਕਰਦਿਆਂ’ ਵਿਚ ਮਾਸਟਰ ਜੀ ਦੇ ਸਾਧਾਰਨ ਲਬਿਾਸ ਤੇ ਪੜ੍ਹਾਉਣ ਦੇ ਵਧੀਆ ਤਰੀਕਿਆਂ ’ਤੇ ਚਾਨਣਾ ਪਾਇਆ ਗਿਆ ਹੈ। ਉਹ ਡੰਡੇ ਦਾ ਇਸਤੇਮਾਲ ਨਹੀਂ ਕਰਦੇ ਸੀ। ਪਿਆਰ ਨਾਲ ਪੜ੍ਹਾਉਣਾ, ਬੱਚਿਆਂ ਨੂੰ ਪੂਰੀ ਤਰ੍ਹਾਂ ਸਾਰੇ ਕੰਮ ਵਿਚ ਸ਼ਾਮਿਲ ਕਰ ਕੇ ਸਿਖਾਉਣਾ ਉਨ੍ਹਾਂ ਦੇ ਖ਼ਾਸ ਗੁਣਾਂ ਵਿਚੋਂ ਇਕ ਹੁੰਦਾ ਸੀ। ਬੱਚੇ ਵੀ ਮਾਸਟਰ ਜੀ ਤੋਂ ਖੁਸ਼ੀ ਖੁਸ਼ੀ ਸਿੱਖਦੇ ਸੀ।
ਪੁਸ਼ਪਿੰਦਰਜੀਤ ਕੌਰ, ਚੰਡੀਗੜ੍ਹ
(2)
ਰਣਜੀਤ ਲਹਿਰਾ ਦਾ ਮਿਡਲ ‘ਪੀਐਮ ਕੇਅਰਜ਼ ਫੰਡ ਬਨਾਮ ਬਾਬੇ ਦਾ ਖੀਸਾ’ ਇਸ ਫੰਡ ਦੀ ਵਰਤੋਂ ਦੀ ਪਾਰਦਰਸ਼ਤਾ ਬਾਰੇ ਸਵਾਲ ਖੜ੍ਹੇ ਕਰਦਾ ਹੈ। ਇਸ ਤੋਂ ਪਹਿਲਾਂ 4 ਜੁਲਾਈ ਦਾ ਸੰਪਾਦਕੀ ‘ਪ੍ਰਧਾਨ ਮੰਤਰੀ ਦਾ ਲੇਹ ਦੌਰਾ’ ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਲੇਹ ਪਹੁੰਚ ਕੇ ਚੀਨ ਦੀ ਫੌਜ ਨਾਲ ਲੋਹਾ ਲੈਣ ਵਾਲੇ ਭਾਰਤੀ ਫੌਜੀਆਂ ਦੀ ਹੌਸਲਾ ਅਫ਼ਜ਼ਾਈ ਦੀ ਸ਼ਲਾਘਾ ਕਰਦਾ ਹੈ, ਉੱਥੇ ਹੱਥਾਂ ਵਿਚ ਡਿਗਰੀਆਂ ਫੜੀ ਰੁਜ਼ਗਾਰ ਦੀ ਭਾਲ ਵਿਚ ਦਰ ਦਰ ਠੋਕਰਾਂ ਖਾ ਰਹੇ ਬੇਰੁਜ਼ਗਾਰ ਨੌਜਵਾਨਾਂ ਲਈ ਰੁਜ਼ਗਾਰ ਦਾ ਪ੍ਰਬੰਧ ਕਰਨ ਅਤੇ ਆਰਥਿਕ ਤੰਗੀ ਕਾਰਨ ਤੇ ਕਰਜ਼ੇ ਦੇ ਭਾਰ ਹੇਠ ਦਬੇ ਕਿਸਾਨਾਂ ਤੇ ਮਜ਼ਦੂਰਾਂ ਦੀ ਦਸ਼ਾ ਸੁਧਾਰਨ ਵੱਲ ਧਿਆਨ ਦੇਣ ਦੀ ਸਲਾਹ ਵੀ ਦਿੰਦਾ ਹੈ।
ਮਨੋਹਰ ਸਿੰਘ ਸੱਗੂ, ਧੂਰੀ (ਸੰਗਰੂਰ)
(3)
ਰਣਜੀਤ ਲਹਿਰਾ ਦਾ ਮਿਡਲ ‘ਪੀਐਮ ਕੇਅਰਜ਼ ਫੰਡ ਬਨਾਮ ਬਾਬੇ ਦਾ ਖੀਸਾ’ ਪੜ੍ਹਿਆ। ਇਸ ਵਿਚ ਲੇਖਕ ਨੇ ਬਿਲਕੁਲ ਸਹੀ ਨੁਕਤੇ ਉਠਾਏ ਹਨ। ਕਿਤੇ ‘ਪ੍ਰਧਾਨ ਸੇਵਕ’ ਠੱਗ ਹੀ ਨਾ ਨਿਕਲੇ? 4 ਜੁਲਾਈ ਨੂੰ ਸੀ. ਮਾਰਕੰਡਾ ਦਾ ਮਿਡਲ ‘ਮਾਸਟਰ ਨੱਥੂ ਰਾਮ ਨੂੰ ਯਾਦ ਕਰਦਿਆਂ’ ਪੜਿ੍ਹਆ। ਲੇਖਕ ਨੇ ਸਰਲ ਤੇ ਸੁੰਦਰ ਸ਼ਬਦਾਵਲੀ/ਕਵਿਤਾ ਨਾਲ ਲੇਖ ਦਿਲਚਸਪ ਬਣਾ ਦਿਤਾ।
ਬਲਬੀਰ ਸਿੰਘ, ਰਾਮਪੁਰਾ ਫੂਲ
ਨਸ਼ਿਆਂ ਦਾ ਜੰਜਾਲ ਅਤੇ ਮਾਪਿਆਂ ਦੀ ਦਰਦ ਕਹਾਣੀ
6 ਫਰਵਰੀ ਨੂੰ ਪੰਨਾ 4 ਉੱਤੇ ਤਰਨ ਤਾਰਨ ਜ਼ਿਲ੍ਹੇ ਦੇ ਪਿੰਡ ਸਭਰਾ ਵਿਚ ਨਸ਼ਿਆਂ ਦੀ ਦਲਦਲ ਵਿਚ ਫਸ ਕੇ ਖ਼ੁਦਕੁਸ਼ੀ ਕਰ ਗਏ ਜਸਵੀਰ ਦੀ ਮਾਤਾ ਹਰਜਿੰਦਰ ਕੌਰ ਦੀ ਦਰਦ ਭਰੀ ਕਹਾਣੀ ਪੜ੍ਹੀ। ਪੜ੍ਹ ਕੇ ਨਿਰਾਸ਼ਾ ਹੋਈ ਕਿ ਕਿਵੇਂ ਉਹ ਆਪਣੀਆਂ ਦੋ ਮੰਦਬੁੱਧੀ ਲੜਕੀਆਂ ਨਾਲ ਦੁੱਖ ਭਰੀ ਜ਼ਿੰਦਗੀ ਬਤੀਤ ਕਰ ਰਹੀ ਹੈ। ਨਸ਼ਿਆਂ ਦੇ ਮਕੜਜਾਲ ਵਿਚ ਫਸ ਕੇ ਪੁੱਤ ਨੇ ਘਰ ਦਾ ਸਮਾਨ ਅਤੇ ਜ਼ਮੀਨ ਵੇਚ ਦਿੱਤੀ। ਪੁੱਤਰ ਨਸ਼ਿਆਂ ਦੇ ਰਾਹ ਪੈਣ ਕਰਕੇ ਪਿਤਾ ਚੱਲ ਵਸਿਆ। ਇਹ ਕਹਾਣੀ ਇਕੱਲੇ ਤਰਨ ਤਾਰਨ ਜ਼ਿਲ੍ਹੇ ਦੀ ਨਹੀਂ ਹੈ, ਸਾਰੇ ਪੰਜਾਬ ਦਾ ਇਹੋ ਹਾਲ ਹੈ।
ਗੋਵਿੰਦਰ ਜੱਸਲ, ਸੰਗਰੂਰ