ਖੇਤਰੀ ਪ੍ਰਤੀਨਿਧ
ਧੂਰੀ, 25 ਜੂਨ
ਸਥਾਨਕ ਸ਼ਹਿਰ ਅੰਦਰ ਕਰੋਨਾ ਪ੍ਰਭਾਵਿਤ ਲੋਕਾਂ ਦੀ ਗਿਣਤੀ ਵਿੱਚ ਹੋ ਰਹੇ ਵਾਧੇ ਅਤੇ ਲੋਕਾਂ ਵੱਲੋਂ ਦਿਖਾਏ ਜਾ ਰਹੇ ਅਵੇਸਲੇਪੁਣ ਨੂੰ ਦੇਖਦਿਆਂ ਪ੍ਰਸ਼ਾਸਨ ਨੂੰ ਮੁੜ ਤੋਂ ਸਖਤ ਵਤੀਰਾ ਅਪਣਾਉਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਇਸ ਵਰਤਾਰੇ ਦੇ ਮੱਦੇਨਜ਼ਰ ਦੇਰ ਸ਼ਾਮ ਸਿਟੀ ਪੁਲੀਸ ਦੇ ਐੱਸਐੱਚਓ ਦਰਸ਼ਨ ਸਿੰਘ ਵੱਲੋਂ ਆਪਣੀ ਪੁਲੀਸ ਪਾਰਟੀ ਸਮੇਤ ਮੁਸਤੈਦ ਹੁੰਦਿਆਂ ਜਿੱਥੇ ਮਾਸਕ ਲਗਾਏ ਬਿਨਾਂ ਘੁੰਮਦੇ ਲੋਕਾਂ ਖਿਲਾਫ ਸਖਤੀ ਵਰਤਣ ਦੇ ਸੰਕੇਤ ਦਿੱਤੇ ਗਏ ਉਥੇ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਰਕਾਰ ਵੱਲੋਂ ਦਿੱਤੀਆਂ ਗਈਆਂ ਹਦਾਇਤਾਂ ਨੂੰ ਧਿਆਨ ਵਿੱਚ ਰੱਖਦਿਆਂ ਅਵੇਸਲਾਪਣ ਛੱਡ ਕੇ ਕਰੋਨਾ ਨੂੰ ਫੈਲਣ ਤੋਂ ਰੋਕਣ ਲਈ ਸਹਿਯੋਗ ਕਰਦਿਆਂ ਹਦਾਇਤਾਂ ਦੀ ਪਾਲਣਾ ਕਰਨ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਨੂੰ ਸਖਤੀ ਕਰਨ ਲਈ ਮਜਬੂਰ ਨਾ ਕੀਤਾ ਜਾਵੇ ਸਗੋਂ ਸਮਾਜ ਪ੍ਰਤੀ ਆਪਣੀ ਜ਼ਿੰਮੇਵਾਰੀ ਨੂੰ ਸਮਝਦਿਆਂ ਹਦਾਇਤਾਂ ਦੀ ਪਾਲਣਾ ਕਰਨੀ ਯਕੀਨੀ ਬਨਾਉਣ ਤਾਂ ਜੋ ਕਰੋਨਾ ਨੂੰ ਫੈਲਣ ਤੋਂ ਰੋਕਿਆ ਜਾ ਸਕੇ। ਇਸ ਮੌਕੇ ਧੂਰੀ ਵਪਾਰ ਮੰਡਲ ਦੇ ਪ੍ਰਧਾਨ ਵਿਕਾਸ ਜੈਨ ਨੇ ਕਰੋਨਾ ਦੌਰਾਨ ਦੁਕਾਨਦਾਰਾਂ ਵੱਲੋਂ ਪ੍ਰਸ਼ਾਸਨ ਨੂੰ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਉਨ੍ਹਾਂ ਲੋਕਾਂ ਨੂੰ ਹਦਾਇਤਾਂ ਦਾ ਪਾਲਣ ਕਰਨ ਦੀ ਅਪੀਲ ਕੀਤੀ।
ਝੁੱਗੀ ਝੌਂਪੜੀਆਂ ‘ਚ ਫ਼ਲ, ਸੈਨੇਟਾਈਜ਼ਰ ਤੇ ਮਾਸਕ ਵੰਡੇ
ਮਾਲੇਰਕੋਟਲਾ (ਨਿੱਜੀ ਪੱਤਰ ਪ੍ਰੇਰਕ): ਸਮਾਜ ਸੇਵੀ ਤੇ ਵਾਤਾਵਰਨ ਪ੍ਰੇਮੀ ਇੰਦਰਜੀਤ ਸਿੰਘ ਮੁੰਡੇ, ਪੁਲੀਸ ਕਪਤਾਨ ਮਨਜੀਤ ਸਿੰਘ ਬਰਾੜ ਅਤੇ ਸੰਤ ਹਰਪਾਲ ਦਾਸ, ਮੁਖੀ, ਡੇਰਾ ਸਮਾਧਾਂ, ਇਮਾਮਗੜ ਵੱਲੋਂ ਕੋਵਿਡ-19 ਦੇ ਮੱਦੇਨਜ਼ਰ ਲੋੜਵੰਦਾਂ, ਗ਼ਰੀਬਾਂ ਅਤੇ ਝੁੱਗੀਆਂ ਵਿੱਚ ਰਹਿੰਦੇ ਲੋਕਾਂ ਦੀ ਸਾਂਝੇ ਤੌਰ ’ਤੇ ਮੱਦਦ ਕਰਨ ਦੀ ਵਿੱਢੀ ਗਈ ਮੁਹਿੰਮ ਤਹਿਤ ਅੱਜ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ‘ਚ ਰਹਿੰਦੇ ਝੁੱਗੀ ਝੌਂਪੜੀਆਂ (ਕੁਟੀ ਰੋਡ, ਬਸ ਸਟੈਂਡ ਅਤੇ ਕਚਹਿਰੀ ਰੋਡ ) ਨੂੰ ਫ਼ਲ ਵੰਡੇ ਤੇ ਕਰੋਨਾ ਦੇ ਫੈਲਾਅ ਨੂੰ ਰੋਕਣ ਲਈ ਮਾਸਕ, ਸੈਨੇਟਾਈਜ਼ਰ ਅਤੇ ਰੋਗਾਂ ਨਾਲ ਲੜਨ ਦੀ ਤਾਕਤ ਵਿੱਚ ਵਾਧਾ ਕਰਨ ਵਾਲੀ ਹੋਮਿਓਪੈਥਿਕ ਦਵਾਈ ਵੰਡੀ । ਇਸ ਮੌਕੇ ਪੁਲੀਸ ਕਪਤਾਨ ਮਨਜੀਤ ਸਿੰਘ ਬਰਾੜ ਨੇ ਇਨ੍ਹਾਂ ਲੋਕਾਂ ਨੂੰ ਸਮਾਜਿਕ ਦੂਰੀ ਬਣਾਈ ਰੱਖਣ, ਮਾਸਕ ਪਾਉਣ ਲਈ ਅਤੇ ਸੈਨੇਟਾਈਜ਼ਰ ਦੀ ਵਰਤੋਂ ਸਬੰਧੀ ਜਾਗਰੂਕ ਕੀਤਾ।