ਸੁਭਾਸ਼ ਚੰਦਰ
ਸਮਾਣਾ, 13 ਜੂਨ
ਸੀਆਈਏ ਸਟਾਫ਼ ਦੀ ਪੁਲੀਸ ਨੇ ਬੀਤੀ ਕੱਲ੍ਹ ਪਿੰਡ ਸੇਖੁਪੂਰਾ ਤੋਂ ਚੋਰੀ ਕੀਤੇ ਸਰੀਏ ਸਮੇਤ ਤਿੰਨ ਵਿਅਕਤੀਆਂ ਨੂੰ ਕਾਬੂ ਕਰ ਕੇ ਅਦਾਲਤ ’ਚ ਪੇਸ਼ ਕਰਨ ਮਗਰੋਂ ਪੁੱਛਗਿੱਛ ਲਈ ਰਿਮਾਂਡ ਹਾਸਲ ਕੀਤਾ ਹੈ। ਐੱਸਪੀ (ਡੀ) ਪਰਵਿੰਦਰ ਸਿੰਘ ਚੀਮਾ ਨੇ ਦੱਸਿਆ ਕਿ 6 ਜੂਨ ਦੀ ਰਾਤ ਨੂੰ ਪਿੰਡ ਸੇਖੁਪੂਰਾਂ ਵਿੱਚ ਗਰੇਸ਼ੀਅਨ ਸੁਪਰ ਸਪੈਸ਼ਲਿਟੀ ਹਸਪਤਾਲ ਦੀ ਬਣ ਰਹੀ ਬਿਲਡਿੰਗ ਦੇ ਸਾਮਾਨ ਦੀ ਰਾਖੀ ਲਈ ਰੱਖੇ ਚੌਂਕੀਦਾਰ ਨੂੰ ਦਰਜਨ ਦੇ ਕਰੀਬ ਅਣਪਛਾਤੇ ਚੋਰ ਤੇਜ਼ਧਾਰ ਹਥਿਆਰਾਂ ਦੀ ਮਦਦ ਨਾਲ ਬੰਨ੍ਹ ਕੇ ਉਸ ਥਾਂ ’ਤੇ ਪਿਆ ਕਰੀਬ 8 ਟਨ ਸਰੀਆ ਆਪਣੇ ਟਰੱਕ ਵਿੱਚ ਲੱਦ ਕੇ ਫ਼ਰਾਰ ਹੋ ਗਏ ਸਨ ਜਿਸਦੀ ਸੂਚਨਾ ਕੰਪਨੀ ਮਾਲਕਾਂ ਨੇ ਥਾਣਾ ਪਸਿਆਣਾ ਵਿੱਚ ਦਰਜ ਕਰਵਾਈ ਸੀ।
ਸੀਆਈਏ ਸਟਾਫ਼ ਦੀ ਪੁਲੀਸ ਨੇ ਮੰਡੀ ਗੋਬਿੰਦਗੜ੍ਹ ਦੀ ਇੱਕ ਲੋਹਾ ਮਿੱਲ ਵਿੱਚ ਸਰੀਆ ਵੇਚਦੇ ਚੋਰਾਂ ਨੂੰ ਮੌਕੇ ’ਤੇ ਸਮੇਤ ਸਾਮਾਨ ਅਤੇ ਹਥਿਆਰਾਂ ਕਾਬੂ ਕਰ ਲਿਆ, ਜਿਨ੍ਹਾਂ ਦੀ ਪਛਾਣ ਸੁਭਾਸ਼ ਕੁਮਾਰ, ਦੇਸ ਰਾਜ ਤੇ ਭੂਸ਼ਨ ਲਾਲ ਵਜੋਂ ਹੋਈ। ਚੋਰੀ ਕੀਤਾ ਸਰੀਆ ਮੁਲਜ਼ਮਾਂ ਨੇ ਮਿੱਲ ਮਾਲਕ ਨੂੰ ਦੋ ਲੱਖ ਰੁਪਏ ਵਿੱਚ ਵੇਚਿਆ ਸੀ।