ਵਰਵਰਾ ਰਾਓ
ਕਵੀ
(ਬੈਂਜਾਮਿਨ ਮੋਲਾਇਸ ਦੀ ਯਾਦ ਵਿੱਚ)
ਜਦ ਪ੍ਰਤਿਗਾਮੀ ਯੁੱਗ ਧਰਮ
ਘੋਟਦਾ ਏ ਵਕਤ ਦੇ ਉਮੜਦੇ-ਘੁਮੜਦੇ ਬੱਦਲਾਂ ਦਾ ਗਲਾ
ਤਦ ਨਾ ਲਹੂ ਵਗਦਾ ਹੈ
ਨਾ ਹੰਝੂ
ਵਜਰ ਬਣ ਕੇ ਗਿਰਦੀ ਹੈ ਬਿਜਲੀ
ਉਠਦਾ ਹੈ ਮੀਂਹ ਦੀਆਂ ਕਣੀਆਂ ਨਾਲ ਤੂਫ਼ਾਨ…
ਪੂੰਝਦੀ ਹੈ ਮਾਂ ਧਰਤੀ ਆਪਣੇ ਹੰਝੂ
ਜੇਲ੍ਹ ਦੀਆਂ ਸੀਖਾਂ ਤੋਂ ਬਾਹਰ ਆਉਂਦਾ ਹੈ
ਕਵੀ ਦਾ ਸੁਨੇਹਾ ਗੀਤ ਬਣਕੇ
ਕਦ ਡਰਦਾ ਹੈ ਦੁਸ਼ਮਣ ਕਵੀ ਤੋਂ?
ਜਦ ਕਵੀ ਦੇ ਗੀਤ ਹਥਿਆਰ ਬਣ ਜਾਂਦੇ ਨੇ
ਉਹ ਕੈਦ ਕਰ ਲੈਂਦਾ ਹੈ ਕਵੀ ਨੂੰ
ਫਾਂਸੀ ’ਤੇ ਚੜ੍ਹਾਉਂਦਾ ਹੈ
ਫਾਂਸੀ ਦੇ ਤਖ਼ਤੇ ਦੇ ਇਕ ਪਾਸੇ ਹੁੰਦੀ ਹੈ ਸਰਕਾਰ
ਦੂਜੇ ਪਾਸੇ ਅਮਰਤਾ
ਕਵੀ ਜਿਉਂਦਾ ਹੈ ਆਪਣੇ ਗੀਤਾਂ ’ਚ
ਅਤੇ ਗੀਤ ਜਿਉਂਦਾ ਹੈ ਲੋਕਾਂ ਦੇ ਦਿਲਾਂ ’ਚ
* * *
ਵੇਤਾਲ ਲਾਸ਼
ਲੌਕਅੱਪ ’ਚੋਂ ਲਾਸ਼ ਨੂੰ
ਮੋਢਿਆਂ ’ਤੇ ਚੁੱਕੀ
ਮੈਂ ਤੁਰ ਰਿਹਾ ਹਾਂ
ਆਪਣੀ ਮੌਤ ਦੀ ਘਟਨਾ ਸੁਣਾਵਾਂ
ਪੁੱਛਦੀ ਹੈ ਲਾਸ਼
‘ਮੇਰੀ ਮੌਤ ਸਹਿਜ ਸੀ ਜਾਂ ਕਤਲ’।
ਲਾਸ਼ ਅਤੇ ਉਹ ਵੀ ਲੌਕਅੱਪ ’ਚ
ਗੱਲ ਕਰ ਰਿਹਾ ਹੋਵੇ ਤਾਂ
ਉਹ ਕਤਲ ਹੀ ਹੋ ਸਕਦਾ ਹੈ-
ਮੈਂ ਕਿਹਾ
ਸੱਚ ਕਹਿਣ ’ਤੇ ਖ਼ੁਸ਼ੀ ਹੋਈ
ਜਿਉਂਦੇ ਬੰਦੇ ਦਾ
ਲੌਕਅੱਪ ’ਚ ਮੂੰਹ ਖੋਲ੍ਹਣਾ ਹੀ ਅਪਰਾਧ ਹੈ
ਇਸ ਲਈ
ਉਹ ਲਾਸ਼ ਲੋਪ ਹੋ ਗਈ
ਅਤੇ ਫੇਰ ਦੂਜੇ ਲੌਕਅੱਪ ’ਚ ਮਿਲੀ
* * *
ਸੂਰਜ
ਸਵੇਰ ਦੇ ਲਈ ਲੜਨ ਵਾਲੇ ਹੱਥਾਂ ਨੂੰ ਬੰਨ੍ਹਕੇ
ਸਵੇਰ ਦੇਖਣ ਨੂੰ ਉਤਸੁਕ ਬੇਚੈਨ ਅੱਖਾਂ ’ਤੇ
ਤੂੰ ਸਵੇਰ ਦੇ ਵਕਤ ਦਾ ਪਰਦਾ ਪਾ ਦਿੱਤਾ
ਫੇਰ ਸਵੇਰ ਨੂੰ ਸੱਦਾ ਦੇ ਕੇ ਬੁਲਾਉਣ ਵਾਲੇ ਗਲੇ ’ਚ
ਫਾਂਸੀ ਦਾ ਫੰਦਾ ਪਾ ਦਿੱਤਾ
ਜਦ ਨੂੰ ਬਟਨ ਦੱਬ ਕੇ ਪਿੱਛੇ ਦੇਖਿਆ
ਸਾਰਾ ਆਸਮਾਨ ਸੁਰਖ਼ ਸੀ
ਲਹੂ ਭਿੱਜੀ ਕੁੱਖ ’ਚ
ਕੋਈ ਅੱਖ ਖੋਲ੍ਹ ਰਿਹਾ ਸੀ
(ਵਰਵਰਾ ਰਾਓ ਇਸ ਵੇਲੇ ਨਜ਼ਰਬੰਦ ਹਨ)
– ਪੰਜਾਬੀ ਰੂਪ: ਤਰਸੇਮ