ਚਰਨਜੀਤ ਸਿੰਘ ਢਿੱਲੋਂ
ਜਗਰਾਉਂ, 29 ਜੁਲਾਈ
ਸਥਾਨਕ ਸ਼ਹਿਰ ਦੇ ਪੌਸ਼ ਇਲਾਕੇ ’ਚ ਬਣੀਆਂ ਕਲੋਨੀਆਂ ਮੋਤੀ ਬਾਗ ਅਤੇ ਸੈਂਟਰਲ ਸਿਟੀ ਨੂੰ ਆਪਸ ’ਚ ਜੋੜਨ ਵਾਲੀ ਸੜਕ ’ਤੇ ਸ਼ਰਾਰਤੀ ਅਨਸਰਾਂ ਵੱਲੋਂ ਕੀਤੀ ਕੰਧ ਨੂੰ ਆਖਰ ਨਗਰ ਕੌਂਸਲ ਨੇ ਢਾਹ ਦਿੱਤਾ, ਜਿਸ ਕਾਰਨ ਦੋਵਾਂ ਕਲੋਨੀਆਂ ਦੇ ਵਸਨੀਕਾਂ ਨੇ ਸੁੱਖ ਦਾ ਸਾਹ ਲਿਆ।
ਇਸ ਵਿਵਾਦਤ ਮੁੱਦੇ ਸਬੰਧੀ ਕਾਰਜਸਾਧਕ ਅਫਸਰ ਸੁਖਦੇਵ ਸਿੰਘ ਰੰਧਾਵਾ, ਕਲੋਨੀਆਂ ਦੇ ਵਸਨੀਕਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਮੋਤੀ ਬਾਗ ਅਤੇ ਸੈਂਟਰਲ ਸਿਟੀ ਦੋਵੇਂ ਕਲੋਨੀਆਂ ਦੇ ਹੋਂਦ ’ਚ ਆਉਣ ਸਮੇਂ ਇੱਕ ਰਸਤਾ ਛੱਡਿਆ ਹੋਇਆ ਸੀ। ਇਹ ਰਸਤਾ ਦੋਵਾਂ ਕਲੋਨੀਆਂ ਦੇ ਵਸਨੀਕਾਂ ਲਈ ਲਾਹੇਵੰਦ ਸੀ, ਅਚਾਨਕ ਕੁਝ ਸ਼ਰਾਰਤੀ ਅਨਸਰਾਂ ਨੇ ਹਮਮਸ਼ਵਰਾ ਹੋ ਉਕਤ ਰਸਤੇ ’ਚ ਉੱਚੀ ਕੰਧ ਮਾਰ ਦਿੱਤੀ। ਜਿਸ ਨਾਲ ਕਲੋਨੀਆ ਦੇ ਵਸਨੀਕ ਪ੍ਰਭਾਵਿਤ ਹੋਏ ਕਿਉਂਕਿ ਦੋਵੇਂ ਕਲੋਨੀਆਂ ’ਚ ਕੁਝ ਪਲਾਟਾਂ ’ਚ ਕੋਠੀਆਂ ਵਗੈਰਾ ਬਣੀਆਂ ਹੋਈਆਂ ਹਨ ਤੇ ਕੁਝ ਪਲਾਟ ਖਾਲੀ ਪਏ ਹਨ। ਕੰਧ ਉਸਰਨ ਨਾਲ ਪਲਾਟਾਂ ਦੀ ਕੀਮਤ ’ਤੇ ਵੀ ਅਸਰ ਪਿਆ। ਇਸ ਮੁੱਦੇ ਨੂੰ ਲੈ ਕੇ ਗੁਰਸ਼ਰਨ ਕੌਰ ਅਤੇ ਹਰਮਿੰਦਰ ਸਿੰਘ ਨੇ ਐੱਸਡੀਐੱਮ ਨੂੰ ਜਾਣੂ ਕਰਵਾਇਆ ਤੇ ਦਖਲ ਦੀ ਮੰਗ ਕੀਤੀ। ਐੱਸਡੀਐੱਮ ਨੇ ਉਕਤ ਮਸਲਾ ਨਗਰ ਕੌਂਸਲ ਨੂੰ ਸੌਪਿਆ। ਪੜਤਾਲ ਕਰਨ ਮਗਰੋਂ ਨਗਰ ਕੌਂਸਲ ਨੇ ਇਸ ਵਿਵਾਦਤ ਕੰਧ ਨੂੰ ਢਾਹ ਦਿੱਤਾ।