ਚਰਨਜੀਤ ਭੁੱਲਰ
ਚੰਡੀਗੜ੍ਹ, 13 ਜੂਨ
ਭਲਿਆ ਆਪਣੀ ਔਕਾਤ ਤਾਂ ਵੇਖ। ਛੋਟਾ ਮੂੰਹ, ਵੱਡੀ ਬਾਤ। ਗੱਲ ਪਤੇ ਦੀ ਕਰਦੈ, ਛੱਜੂ ਰਾਮ ਹੈ ਤਾਂ ਰੱਬ ਦਾ ਬੰਦਾ। ਇੰਜ ਆਖ ਰਿਹਾ ਹੈ, ਮੇਰਾ ਕਿਤੇ ਵਸ ਚੱਲੇ, ਝੂਲਾ ਲੱਦਾਖ ਵਾਲੀ ਪੈਗੌਂਗ ਝੀਲ ’ਤੇ ਰੱਖ ਆਵਾਂ। ਹੁਸੀਨ ਵਾਦੀ ਦੇ ਰੰਗ, ਠੰਢੀ ਹਵਾ ਦੇ ਬੁੱਲ੍ਹੇ, ਕਲੋਲਾਂ ਕਰਦੇ ਪੰਛੀ, ਧੁਨਾਂ ਕੱਢਦੇ ਝਰਨੇ, ਝੀਲ ਦਾ ਠੰਢਾ ਪਾਣੀ, ਪੈਰ ਪਾਣੀ ’ਚ ਹੋਣ, ਦੋਵੇਂ ਰੰਗਲੇ ਸੱਜਣ ਝੂਲੇ ’ਚ ਬੈਠੇ ਹੋਣ, ਸ਼ੀ ਜਿਨਪਿੰਗ ਤੇ ਨਰਿੰਦਰ ਮੋਦੀ। ‘ਇੱਕ ਤੂੰ ਹੋਵੇ ਇੱਕ ਮੈਂ ਹੋਵਾਂ..!’ ਖੈਰ ਦ੍ਰਿਸ਼ ਤਾਂ ਚੰਗਾ ਸਿਰਜਿਐ।
ਓਹ ਦੇਖੋ, ਸ਼ਾਇਰ ਰਾਹੁਲ ਗਾਂਧੀ ਪਧਾਰੇ ਨੇ। ‘ਸਭ ਕੋ ਮਾਲੂਮ ਹੈ ‘ਸੀਮਾ’ ਦੀ ਹਕੀਕਤ ਲੇਕਿਨ ਦਿਲ ਕੋ ਖੁਸ਼ ਰਖਨੇ ਕੇ ਲੀਏ ਸ਼ਾਇਦ ਯੇ ਖਿਆਲ ਅੱਛਾ ਹੈ।’ ਮਹਿਫ਼ਲ ਸਜੀ ਹੋਵੇ, ਰੱਖਿਆ ਮੰਤਰੀ ਅਰਜ਼ ਨਾ ਕਰਨ, ਇਹ ਕਿਵੇਂ ਹੋ ਸਕਦੈ। ‘ਹਾਥ ਮੇਂ ਦਰਦ ਹੈ ਤੋ ਦਵਾ ਕੀਜੈ, ‘ਹਾਥ’ ਹੀ ਜਬ ਦਰਦ ਹੋ ਤੋਂ ਕਿਆ ਕੀਜੈ।’ ਵਾਹ ਪਿਆਰੇ ਰਾਜਨਾਥ, ਵਾਹ। ਮਿਰਜ਼ਾ ਗਾਲਬਿ ਦੀ ਰੂਹ ਨੂੰ ਤਰੇਲੀ ਆਈ ਹੋਊ। ਪੰਜਾਬ ਦਾ ‘ਮਿਰਜ਼ਾ ਗਾਲਬਿ’ ਮੌਕਾ ਖੁੰਝਾ ਬੈਠਾ। ਛੱਜੂ ਰਾਮਾ, ਦਿਨੇ ਕੌਣ ਸੁਫ਼ਨੇ ਵੇਖਦੈ। ਹਕੀਕਤ ਵੇਖ, ਛੇ ਸਾਲ ਪਿਛੇ ਚੱਲ, ਚੇਤਾ ਫਰੋਲ ਤੇ ਨਾਲੇ ਚੇਤੇ ਕਰ। ਉਹ ਭਾਗਾਂ ਭਰਿਆ ਦਿਨ ਸੀ। ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ। ਸਿੱਧੇ ਸਾਬਰਮਤੀ ਆਸ਼ਰਮ ਪੁੱਜੇ। ਲਾਲ ਗਲੀਚੇ ਵਿਛੇ, ਢੋਲ ਵੱਜੇ ਤੇ ਗੁਜਰਾਤੀ ਰੰਗ ਬੱਝੇ। ਮੋਦੀ ਦੇ ਕੁੱਕ ਬਦਰੀ ਨੇ ਡੇਢ ਸੌ ਗੁਜਰਾਤੀ ਪਕਵਾਨ ਬਣਾਏ। ਸਾਬਰਮਤੀ ਨਦੀ ਦਾ ਕਿਨਾਰਾ। ਕਿਨਾਰੇ ਸਜਿਆ ਝੂਲਾ। ਝੂਲੇ ’ਚ ਬੈਠੇ ਜ਼ਿਨਪਿੰਗ ਤੇ ਮੋਦੀ। ਪਲਾਂ ਲਈ ਬੱਚੇ ਬਣ ਗਏ, ਝੂਲਾ-ਝੂਲਦੇ ਰਹੇ। ਮਨ ਕੇ ਸੱਚੇ ਨਾ ਬਣ ਸਕੇ। ਜ਼ਿਨਪਿੰਗ ਕਨੱਖਾ ਝਾਕਿਆ। ਮੋਦੀ ਅੱਖ ਦੀ ਰਮਜ਼ ਨਾ ਜਾਣ ਸਕੇ।
ਜ਼ਿਨਪਿੰਗ ਦੀ ਬੀਵੀ ਗਦ-ਗਦ ਹੋ ਉੱਠੀ। ਤੁਸੀਂ ਵੀ ਚੇਤਿਆਂ ’ਚੋਂ ਉੱਠੋ। ਕੱਲ੍ਹ ਨੂੰ ਛੱਡੋ, ਅੱਜ ਨੂੰ ਵਿਚਾਰੋ। ਭੋਲੇ ਪੰਛੀ ਨੂੰ ਦੱਸੋ, ਗੁਜਰਾਤੀ ਤਾਂ ਝੂਲੇ ਨੂੰ ਹੱਥ ਨੀਂ ਲਾਉਣ ਦਿੰਦੇ। ਲੱਦਾਖ ’ਚ ਕੌਣ ਲਿਜਾਣ ਦੇਊ। ਨਾਲੇ ਭੁਲੇਖਾ ਤੈਨੂੰ, ਜ਼ਿਨਪਿੰਗ ਪੌਗੈਂਗ ਝੀਲ ’ਤੇ ਝੂਟੇ ਲੈਣ ਆਊ। ਛੱਜੂ ਦੀ ਸੋਚ ਨੂੰ ਸਲਾਮਾਂ। ਅਖੇ, ਨਹੀਂ ਆਊ ਤਾਂ ਨਾ ਆਵੇ। ਉਹ ਲੱਦਾਖ ’ਚ ਜਦੋਂ ਝੂਲਾ ਰੱਖੂ। ਝੂਲਾ ਦੇਖ ਉਹ ਨੂੰ ਕੁਝ ਤਾਂ ਸ਼ਰਮ ਆਊ। ਪੰਜਾਬੀ ਟੱਪਾ ਹੈ, ‘ਗਲ ਗਲ ਪਾਣੀ ਏਂ, ਭੈੜੇ ਸੱਜਣਾ ਵੇ, ਸਾਡੀ ਕਦਰ ਨਾ ਜਾਣੀ ਏਂ।’ ਕੁੱਕ ਬਦਰੀ ਆਖ ਰਿਹੈ, ਨ੍ਹੇਰ ਸਾਈਂ ਦਾ। ਲੂਣ ਹਰਾਮ ਕਰ ਗਿਆ ਜ਼ਿਨਪਿੰਗ। ਹੁਣ ਤਾਂ ਖ਼ਬਰਾਂ ਹੀ ਖ਼ਬਰਾਂ ਹਨ। ਪਹਿਲੀ ਖ਼ਬਰ ਸੁਣੋ। ਚੀਨੀ ਫੌਜ ਸਰਹੱਦ ਲੰਘ ਆਈ ਹੈ। ਭਾਰਤੀ ਜ਼ਮੀਨ ’ਤੇ ਕਬਜ਼ਾ ਜਮਾ ਲਿਐ। ਦੂਜੀ ਖ਼ਬਰ, ਚੀਨ ਨੂੰ ਇੱਕ ਸੂਤ ਅੰਦਰ ਨਹੀਂ ਆਉਣ ਦੇਵੇਗਾ ਭਾਰਤ। ਲੱਗਦੇ ਹੱਥ ਤੀਜੀ ਖ਼ਬਰ, ‘ਚੀਨ ਸਦਭਾਵਨਾ ਨਾਲ ਪਿਛਾਂਹ ਹੋ ਜੇ-ਭਾਰਤ।’ ਸਮਝੋਂ ਬਾਹਰ ਐ ਜੀ। ਪਿਛਾਂਹ ਦੀਆਂ ਨਸੀਹਤਾਂ ਕਾਹਤੋਂ, ਜੇ ਸੂਤ ਅੰਦਰ ਹੀ ਨਹੀਂ ਆਏ। ਭੇਤੀ ਬੋਲੇ ਨੇ, ਚੀਨੀ ਫੌਜ ਪੌਗੈਂਗ ਝੀਲ ’ਚ ਅੱਗੇ ਵਧੀ ਹੈ।
ਚੀਨੀ ਕਹਾਵਤ ਹੈ, ‘ਫੌਜੀ ਪੁੱਤ ਨਾਲੋਂ ਬੇਔਲਾਦ ਹੋਣਾ ਬਿਹਤਰ।’ ਤਿੱਕੜੀ (ਮੋਦੀ/ਸ਼ਾਹ/ਡੋਵਾਲ) ਪਤੀਲਾ ਢਕੀ ਬੈਠੀ ਐ। ਭਾਫ ਕਿਥੋਂ ਬਾਹਰ ਨਿਕਲੂ। ਸਿਮਰਨਜੀਤ ਮਾਨ ਨੇ ਜੇਬ੍ਹ ’ਚੋਂ ਸੋਨ ਤਗਮਾ ਕੱਢਿਐ। ‘ਕਰੋ ਸਰਜੀਕਲ ਸਟ੍ਰਾਈਕ, ਨਾਲੇ ਤਗਮਾ ਦੇਊਂ, ਨਾਲੇ ਬਦਾਮ ਰੋਗਨ ਦੀ ਮਾਲਿਸ਼ ਕਰਾਂਗੇ, ਜੋ ਝਰੀਟੇ ਗਏ।’ ਮਾਨ ਸਾਹਿਬ, ਅੱਲ੍ਹੇ ਜ਼ਖ਼ਮ ਨਾ ਛੇੜੋ। ਹਾਲੇ ਤਾਂ 1962 ਵਾਲੇ ਜ਼ਖ਼ਮ ਨਹੀਂ ਭਰੇ। ਉਦੋਂ ਨੇਫ਼ਾ ਦੀਆਂ ਸਰਹੱਦਾਂ ’ਤੇ ਹਮਲਾ ਕੀਤਾ। ਜੰਗ ’ਚ ਚੀਨ ਨੂੰ ਜ਼ਮੀਨ ਮਿਲੀ। ਭਾਰਤ ਨੂੰ ਨਮੋਸ਼ੀ। ਉਪਰੋਂ ਚੀਨ ਫਰਮਾਇਆ, ਭਾਰਤੀ ਖ਼ਿੱਤੇ ’ਚ ਭੇਡਾਂ ਗੁਆਚੀਆਂ ਸੀ, ਉਹ ਲੱਭਣ ਗਏ ਸੀ। ਕਦੇ ਇਹ ਨਾਅਰੇ ਵੀ ਲੱਗੇ ਸਨ, ‘ਹਿੰਦ-ਚੀਨੀ ਭਾਈ ਭਾਈ’। ਹੁਣ ਪਤਾ ਲੱਗਿਐ, ਭਾਈ ਤਾਂ ਮਤਰੇਏ ਨਿਕਲੇ।
ਮੌਤ ਨੂੰ ਲਲਕਾਰਾ ਪੰਜਾਬੀ ਹੀ ਮਾਰਦੇ ਨੇ। ਭਾਰਤ-ਚੀਨ ਜੰਗ ’ਚ, ਕਿੰਨੇ ਹੀ ਪੁੱਤ ਗੁਆਏ। ਐਕਸ ਗ੍ਰੇਸ਼ੀਆ ਗਰਾਂਟ ਸਿਰਫ਼ 500 ਰੁਪਏ ਸੀ। ਜੰਗ ਦੇ ਦਿਨਾਂ ’ਚ ਭੀੜ ਬਣੀ। ਅੰਮ੍ਰਿਤਸਰ ਜ਼ਿਲ੍ਹੇ ਨੇ ਸੋਨਾ ਇਕੱਠਾ ਕੀਤਾ। ਭਾਰਤ ਸਰਕਾਰ ਦਾ ਬੋਝਾ ਭਰਿਆ। ਨਵਾਬ ਹੈਦਰਾਬਾਦ ਤਾਂ ਨੰਗ ਨਿਕਲਿਆ। ਆਖਣ ਲੱਗਾ, ਮੈਂ ਤਾਂ ਗਰੀਬ ਹਾਂ, ਕਿਥੋਂ ਪੈਸੇ ਦੇਵਾਂ।’ ਮਰਹੂਮ ਕਾਮਰੇਡ ਜਗੀਰ ਸਿੰਘ ਜੋਗਾ ਦੱਸਦੇ ਸਨ। ਬਠਿੰਡਾ ਜ਼ਿਲ੍ਹੇ ’ਚੋਂ 25 ਲੱਖ ਭੇਜੇ ਸਨ। ਜੰਗ ਵੇਲੇ ਜੋਗਾ ਸਣੇ 45 ਕਾਮਰੇਡ ਜੇਲ੍ਹਾਂ ’ਚ ਡੱਕੇ। ਉਦੋਂ ਫੌਜੀ ਭਰਤੀ ਲਈ 32 ਇੰਚ ਸੀਨੇ ਦੀ ਸ਼ਰਤ ਸੀ। ਸਾਡੇ ਜਰਨੈਲ ਦਾ ਸੀਨਾ 56 ਇੰਚ ਐ। ਜ਼ਰਾ, ਕਰੋਨਾ ਨਾਲ ਸਿੱਝ ਲਈਏ। ਜਿਨਪਿੰਗ ਦਾ ਕੱਢਾਂਗੇ ਭੁਲੇਖਾ।
1962 ’ਚ ਜੰਗੀ ਮਾਹੌਲ ਬਣਿਆ। ਕਵੀ ਵੀਰਾਂ ਨੇ ਰੜਕਾਂ ਕੱਢੀਆਂ। ਓਏ ਚੀਨ, ਸੁਧਰ ਜਾ, ਭਾਰਤ ਸੁੱਤਾ ਸ਼ੇਰ ਹੈ, ਪੂਛ ਨੂੰ ਹੱਥ ਨਾ ਲਾਈਂ। ਵੈਸੇ, ਜਦੋਂ 2014 ’ਚ ਮੋਦੀ ਨਵਾਂ ਸੁਨੇਹਾ ਲੈ ਗੁਜਰਾਤ ਪੁੱਜੇ। ਹਵਾਈ ਅੱਡੇ ’ਤੇ ਨਾਅਰੇ ਵੱਜੇ ‘ਦੇਖੋ ਦੇਖੋ ਕੌਣ ਆਇਆ, ਗੁਜਰਾਤ ਦਾ ਸ਼ੇਰ ਆਇਆ।’ ਮੋਦੀ ਨੇ ਹੁਣੇ ਦੱਸਿਐ, ਗੁਜਰਾਤ ’ਚ 29 ਫੀਸਦੀ ਸ਼ੇਰ ਵਧੇ ਹਨ। ਚੀਨ ਫਿਰ ਪੰਗੇ ਲੈਣੋਂ ਨਹੀਂ ਹਟਦਾ। ਮੌਤ ਕਿਤੇ ਖ਼ਾਲੀ ਹੱਥ ਮੁੜੀ ਐ। ਜਰਮਨੀ ਦਾ ਅਖਾਣ ਹੈ, ‘ਯੁੱਧ ਤੋਂ ਦੂਰ ਹਰ ਕੋਈ ਫੌਜੀ ਹੁੰਦਾ ਹੈ।’ ਚੀਨ ਦਾ ਅਖ਼ਬਾਰ ‘ਗਲੋਬਲ ਟਾਈਮਜ਼’। ਸੁਰਖ਼ੀ ਲੱਗੀ ਐ, ‘ਭਾਰਤ ਤਾਂ ਅਮਰੀਕਾ ਦੇ ਦਮ ’ਤੇ ਭੁੜਕ ਰਿਹੈ।’ ਸਾਡੇ ’ਚ ਭਾਰਤ ਟੰਗ ਨਾ ਅੜਾਏ। ਪੰਜਾਬੀ ਕਹਾਵਤ ਹੈ, ‘ਚੁੱਕੀ ਹੋਈ ਲੰਬੜਾਂ ਦੀ..!’ ਭਾਰਤ ਹੁਣ ਅਮਰੀਕਾ ਦੇ ਕੰਧਾੜੇ ਚੜ੍ਹਿਐ। ‘ਟਰੰਪ-ਮੋਦੀ ਭਾਈ ਭਾਈ’। ਨਵਾਂ ਰਿਸ਼ਤਾ ਗੰਢਿਐ। ਚੀਨੀ ਮਾਲ ਨਹੀਂ ਲਵਾਂਗੇ, ਐਲਾਨ ਕਰਤੇੇ।
ਸ਼ਮਸ਼ੇਰ ਸੰਧੂ ਤਸ਼ਰੀਫ਼ ਲਿਆਏ ਨੇ, ‘ਤੂੰ ਨੀਂ ਬੋਲਦੀ ਰਕਾਨੇ ਤੂੰ ਨੀਂ ਬੋਲਦੀ..!’ ਅੱਗੇ ਵੀ ਸੁਣੋ, ‘ਜੀਹਦੀ ਪੱਚੀਆਂ ਪਿੰਡਾਂ ’ਤੇ ਸਰਦਾਰੀ ਨੀਂ।’ ਅਮਰੀਕਾ ਨੇ ਬੱਚਿਆਂ ਵਾਂਗੂ ਖਿਡਾਏ ਨੇ, ਤਾਲਿਬਾਨ ਤੇ ਲਾਦੇਨ। ਹੀਰੋਸ਼ੀਮਾ/ ਨਾਗਾਸਾਕੀ ’ਤੇ ਬੰਬ ਗਿਰਾਏ ਨੇ। ਕਿਊਬਾ, ਵੀਅਤਨਾਮ, ਅਫ਼ਗਾਨਿਸਤਾਨ, ਇਰਾਕ, ਇਰਾਨ ’ਚ ਪੰਗੇ ਪਾਏ ਨੇ। ਟਰੰਪ ਨੇ ਹੁਣ ਸਿੰਗ ਚੀਨ ਨਾਲ ਫਸਾਏ ਨੇ। ਭੂਤਰੇ ਹੋਏ ਸਾਨ੍ਹ ਤੋਂ ਹਰ ਕੋਈ ਬਚਦੈ। ‘ਤੌਬਾ ਤੌਬਾ ਕਰ, ਰੱਬ ਕੋਲੋਂ ਡਰ।’
ਵਿਸ਼ਵ ਨੂੰ ਕਰੋਨਾ ਨੇ ਵੱਟੋ ਵੱਟ ਪਾਇਐ। ਭਾਰਤ ਸਿਖਰ ਵੱਲ ਹੋ ਚੱਲਿਐ। ਜਨਾਬ ਮੋਦੀ, ਕਿਹੜੀ ਡੰਡੀ ਪਏ ਨੇ। ਜੰਗ ਕਰੋਨਾ ਖ਼ਿਲਾਫ਼ ਲੜਨ। ਚੌਥੇ ਨੰਬਰ ’ਤੇ ਪੁੱਜ ਗਿਐ ਭਾਰਤ। ਕਾਂਗਰਸ ਆਖਦੀ ਐ, ਕਰੋਨਾ ਦੀ ਗਿਣਤੀ ਘਟਾਓ, ਸਾਡੇ ਵਿਧਾਇਕਾਂ ਦੀ ਨਹੀਂ। ਸ਼ਾਹ ਜੀ, ਚੋਣਾਂ ਦੇ ਗੇੜ ’ਚ ਪਏ ਨੇ। ਕੇਂਦਰੀ ਆਰਡੀਨੈਂਸਾਂ ਨੇ ਕਿਸਾਨ ਸੁੱਕਣੇ ਪਾਏ ਨੇ। ਯੂਪੀ ਵਾਲੇ ਯੋਗੀ ਗਊ ਰੱਖਿਅਕਾਂ ਦੀ ਰਾਖੀ ਲਈ ਆਰਡੀਨੈਂਸ ਲੈ ਆਏ ਨੇ। ਜ਼ਿੰਦਗੀ ਦੇ ਭਾਂਡੇ ਕਰੋਨਾ ਨੇ ਵਿਕਾਏ ਨੇ। ਟਰੰਪ ਤੇ ਮੋਦੀ ਆਪਣੀ ਦੁਨੀਆ ’ਚ ਗੁਆਚੇ ਨੇ। ਵਿਚਾਰਾਂ ਦੀ ਜੰਗ ਤੋਂ ਖ਼ਫ਼ਾ ਨੇ। ਗਰੀਬ ਬੰਦੇ ਲਈ ਰੋਟੀ ਹੀ ਜੰਗ ਹੈ। ਪਰਵਾਸੀ ਮਾਂ ਸੜਕ ਕੰਢੇ ਬੈਠੀ ਹੈ। ਚੁੰਨੀ ਦਾ ਝੂਲਾ ਬਣਾ ਕੇ ਬਾਹੀ ਨਾਲ ਬੰਨ੍ਹਿਐ। ਨੰਨ੍ਹਾ ਮੁੰਨਾ ਰਾਹੀ ਕੀ ਜਾਣੇ, ਕਿੰਨਾ ਰਾਹ ਪਿਐ ਹਾਲੇ। ਇਸ ਗੱਲੋਂ ਵੀ ਬੇਖ਼ਬਰ ਹੈ। ਚੀਨ ਢਿੱਡੋਂ ਕਿੰਨਾ ਦੁੱਖੀ ਹੈ। ਪੰਜਾਬੀ ਵੀ ਢਿੱਡ ਖਾਤਰ। ਕਦੇ ਚੀਨ, ਹਾਂਗਕਾਂਗ, ਸਿੰਗਾਪੁਰ ਜਾਂਦੇ ਸਨ। ਉਦੋਂ ਅਕਸਰ ਔਰਤਾਂ ਮਿਹਣੇ ਦਿੰਦੀਆਂ, ‘ਤੇਰੀ ਚੀਨ ਦੀ ਖੱਟੀ ਦਾ ਮੂੰਹ ਤੋੜ ਦੂੰ, ਜੰਮ ਕੇ ਨੌਂ ਕੁੜੀਆਂ।’
ਜੋ ਗੁਰਬਤ ’ਚ ਜੰਮੇ ਨੇ, ਉਨ੍ਹਾਂ ਲਈ ਰਿਜ਼ਕ ਵੱਡਾ ਮਸਲੈ। ਝੂਲੇ ਝੂਲਣੇ ਦਾ ਕਿਥੋਂ ਚੇਤਾ ਐ। ਨਾਲੇ ਚੀਨੀ ਮਾਲ ਦਾ ਕੌਣ ਭਰੋਸਾ ਕਰਦੈ। ਗੁਜਰਾਤੀ ਝੂਲੇ ਨੂੰ ਛੱਡੋ। ਤਿੰਨ ਗੁਲਾਬੀ ਝੂਲੇ ਲੱਗੇ ਨੇ, ਅਮਰੀਕਾ-ਮੈਕਸੀਕੋ ਸੀਮਾ ’ਤੇ। ਦੋ ਪ੍ਰੋਫੈਸਰਾਂ ਨੇ ਲਾਏ ਨੇ। ਦੋਵੇਂ ਦੇਸ਼ਾਂ ’ਦੇ ਬੱਚੇ ਝੂਲਦੇ ਨੇ, ਪਿਆਰ ਦੇ ਗੀਤ ਗਾਉਂਦੇ ਨੇ। ਪ੍ਰੋਫੈਸਰ ਸਾਹਿਬ, ਥੋੜ੍ਹੀ ਕਿਰਪਾ ਸਾਡੇ ’ਤੇ ਵੀ ਕਰੋ। ਬੱਸ ਸੌ ਕੁ ਝੂਲੇ ਭਾਰਤ ’ਚ ਵੀ ਰੱਖਜੋ। ਕੀ ਪਤੈ, ਝੂਲੇ ਵੇਖ ਕੇ ਕਿਸੇ ਨੂੰ ਮੁਹੱਬਤਾਂ ਦਾ ਝੂਟਾ ਲੈਣ ਦਾ ਹੀ ਖਿਆਲ ਆ ਜਾਵੇ। ਕਿਤੇ ਝੂਲੇ ਹੀ ਕਰਤਾਰੀ ਹੋ ਨਬਿੜਨ। ਬੰਗਲੌਰ ਦੀ ਬੱਚੀ ਅਮੁੱਲਿਆ ਫਿਰ ਕਿਲਕਾਰੀ ਮਾਰੇ, ਚਾਹੇ ਨਾਅਰੇ, ਜ਼ਮਾਨਤਾਂ ਤੋਂ ਤਾਂ ਖਹਿੜਾ ਸੁਟੂ।