ਪੱਤਰ ਪ੍ਰੇਰਕ
ਜਗਰਾਉਂ, 25 ਜੂਨ
ਪਾਵਰਕਾਮ ਉਪਭੋਗਤਾਵਾਂ ਕਿਸਾਨਾਂ ਅਤੇ ਘਰੇਲੂ ਖਪਤਾਕਾਰਾਂ ਨੇ ਪਾਵਰਕੌਮ ਵਿਭਾਗ ਦੇ ਜੂਨੀਅਰ ਇੰਜਨੀਅਰ ਦੀ ਬਦਲੀ ਖ਼ਿਲਾਫ਼ ਮੋਰਚਾ ਖੋਲ੍ਹਦਿਆਂ ਧਰਨਾ ਦਿੱਤਾ। ਲੋਕਾਂ ਨੇ ਕਿਹਾ ਕਿ ਵਧੀਆ ਕੰਮ ਰਹੇ ਜੇਈ ਗਗਨਦੀਪ ਸਿੰਘ ਦੀ ਬਦਲੀ ਵਿਭਾਗ ਵੱਲੋਂ ਜਾਣਬੁੱਝ ਕੇ ਉਸਦੀ ਬਦਲੀ ਹੰਭੜਾਂ ਦੀ ਕਰ ਦਿੱਤੀ ਗਈ। ਅਚਾਨਕ ਹੋਈ ਬਦਲੀ ਖ਼ਿਲਾਫ਼ ਪਹਿਲਾਂ ਤਾਂ ਲੋਕਾਂ ਨੇ ਐਕਸੀਅਨ, ਫਿਰ ਚੀਫ ਆਦਿ ਅਧਿਕਾਰੀਆਂ ਨਾਲ ਰਾਬਤਾ ਕੀਤਾ। ਜਦੋਂ ਕੋਈ ਗੱਲ ਨਾਂ ਬਣੀ ਇਲਾਕੇ ਕਰੀਬ ਦਰਜਨ ਪਿੰਡਾਂ ਦੀਆਂ ਪੰਚਾਇਤਾਂ ਨੇ ਲਿਖਤੀ ਰੂਪ ’ਚ ਬੇਨਤੀ ਕੀਤੀ। ਜਦੋਂ ਸੁਣਵਾਈ ਨਾਂ ਹੋਈ ਤਾਂ ਆਪਣਾ ਖੇਤੀ ਦਾ ਕੰੰਮ ਛੱਡ ਲੋਕ ਐਕਸੀਅਨ ਦਫ਼ਤਰ ਧਰਨਾ ਮਾਰ ਕੇ ਬੈਠ ਗਏ। ਊਨ੍ਹਾਂ ਨੇ ਇਸ ਸਬੰਧੀ ਕਾਂਗਰਸੀ ਆਗੂ ਗੇਜਾ ਰਾਮ ਨਾਲ ਵੀ ਰਾਬਤਾ ਕੀਤਾ, ਜਿਨ੍ਹਾਂ ਦੇ ਨੁਮਾਇੰਦੇ ਨੇ ਕਿਸਾਨਾਂ ਨੂੰ ਬਦਲੀ ਰੱਦ ਹੋਣ ਦਾ ਭਰੋਸਾ ਦਿੱਤਾ। ਪਰ ਲੋਕਾਂ ਨੇ ਆਰਡਰ ਆਉਣ ਤੱਕ ਸੰਘਰਸ਼ ਜਾਰੀ ਰੱਖਣ ਦਾ ਐਲਾਨ ਕੀਤਾ। ਧਰਨੇ ’ਚ ਸ਼ਾਮਿਲ ਕਿਸਾਨਾਂ, ਖਪਤਕਾਰਾਂ ਨਾਲ ਪਾਵਰਕੌਮ ਮੁਲਾਜ਼ਮ ਜਥੇਬੰਦੀਆਂ ਨੇ ਵੀ ਸਾਥ ਦਿੱਤਾ।