ਦਲਿਤਾਂ ਨਾਲ ਵਹਿਸ਼ੀਆਨਾ ਵਿਹਾਰ
25 ਜੂਨ ਦੇ ਨਜ਼ਰੀਆ ਪੰਨੇ ’ਤੇ ਬਲਬੀਰ ਮਾਧੋਪੁਰੀ ਦਾ ਲੇਖ ‘ਆਦਿ ਧਰਮ ਅਤੇ ਦਲਿਤਾਂ ਨਾਲ ਵਾਪਰੇ ਸਾਕੇ’ ਪੜ੍ਹਿਆ। ਲੇਖ ਆਦਿ ਧਰਮੀ ਲਹਿਰ ਦੇ ਆਗੂਆਂ ਅਤੇ ਇਸ ਦੇ ਸੰਘਰਸ਼ ਦੌਰਾਨ ਦਲਿਤਾਂ ਨਾਲ ਹੋਏ ਵਹਿਸ਼ੀਆਨਾ ਵਿਹਾਰ ਬਾਰੇ ਬਹੁਪਰਤੀ ਜਾਣਕਾਰੀ ਦਿੰਦਾ ਹੈ। ਲੌਕਡਾਊਨ ਦੌਰਾਨ ਦਲਿਤਾਂ ਅਤੇ ਹੋਰ ਮਜ਼ਦੂਰ ਪਰਿਵਾਰਾਂ ਨਾਲ ਜੋ ਵਾਪਰਿਆ, ਉਹ ਕਲਪਨਾ ਤੋਂ ਪਰ੍ਹੇ ਹੈ। ਇਸ ਤੋਂ ਪਹਿਲਾਂ 24 ਜੂਨ ਦੇ ਨਜ਼ਰੀਆ ਪੰਨੇ ’ਤੇ ਡਾ. ਅਰੁਣ ਮਿੱਤਰਾ ਦਾ ਲੇਖ ‘ਕਰੋਨਾ : ਗਿਆਨ ਤੇ ਵਿਗਿਆਨ ਹੀ ਕਾਰਗਰ ਹਥਿਆਰ’ ਪੜ੍ਹਿਆ। ਲੇਖ ਸਾਡੀ ਸਰਕਾਰ ਦੀ ਕਰੋਨਾ ਮਹਾਮਾਰੀ ਬਾਰੇ ਸੋਚ, ਪਹੁੰਚ ਅਤੇ ਕਾਰਗੁਜ਼ਾਰੀ ਬਾਰੇ ਜਾਣਕਾਰੀ ਦਿੰਦਾ ਹੈ। ਸਰਕਾਰ ਬਿਮਾਰੀ ਬਾਰੇ ਵੱਧ ਤੋਂ ਵੱਧ ਆਬਾਦੀ ਨੂੰ ਜਾਣਕਾਰੀ ਦੇਣ ਦੀ ਬਜਾਏ ਆਪਣੇ ਵਿਸ਼ਵਾਸਾਂ ਰਾਹੀਂ ਸਿਆਸਤ ਕਰਦੀ ਹੀ ਨਜ਼ਰ ਆਉਂਦੀ ਹੈ। ਗਿਆਨ ਤੇ ਵਿਗਿਆਨ ਦਾ ਰਾਹ ਛੱਡਣ ਦਾ ਨਤੀਜਾ ਸਾਨੂੰ ਉਸ ਰਸਤੇ ਪਾਉਂਦਾ ਲੱਗਦਾ ਹੈ ਜਿਹੜਾ ਨਾ ਸਾਨੂੰ ਘਾਟ ਤੇ ਅਤੇ ਨਾ ਹੀ ਘਰ ਲਿਜਾ ਰਿਹਾ ਹੈ।
ਜਗਰੂਪ ਸਿੰਘ, ਉੱਭਾਵਾਲ (ਸੰਗਰੂਰ)
ਹਕੀਕਤ ਤੋਂ ਦੂਰ ਹੋਣ ਵਾਲਿਆਂ ਦੀ ਹੋਣੀ
25 ਜੂਨ ਦੇ ਜਵਾਂ ਤਰੰਗ ਪੰਨੇ ’ਤੇ ਮਨਮੀਤ ਕੱਕੜ ਦਾ ਲੇਖ ‘ਖੁ਼ਦਕੁਸ਼ੀਆਂ : ਕਿਉਂ ਹੋ ਰਹੇ ਨੌਜਵਾਨ ਡਿਪਰੈਸ਼ਨ ਦੇ ਸ਼ਿਕਾਰ’ ਪੜ੍ਹਿਆ। ਅਸਲ ਅਸੀਂ ਇੰਟਰਨੈੱਟ ਦੀ ਸੁਪਨਮਈ ਦੁਨੀਆਂ ਅੰਦਰ ਜਾ ਕੇ ਜ਼ਮੀਨੀ ਹਕੀਕਤਾਂ ਤੋਂ ਦੂਰ ਹੋ ਗਏ ਹਾਂ। ਦੂਜੇ ਸਾਡੇ ਬਾਰੇ ਕੀ ਸੋਚਦੇ ਹਨ? ਦੂਜਿਆਂ ਨੂੰ ਜੱਜ ਕਰਨ ਦੀ ਬਿਰਤੀ ਵੀ ਇਸ ਦਾ ਕਾਰਨ ਹਨ। ਮਾਨਸਿਕ ਸਿਹਤ ਦੇ ਨੁਕਤੇ ’ਤੇ ਗੱਲ ਕਰ ਕੇ ਸ਼ਰਮਿੰਦਾ ਹੋਣਾ ਜਾਂ ਗੱਲ ਕਰ ਕੇ ਵੀ ਇਸ ਦਾ ਹੱਲ ਨਾ ਲੱਭਣਾ ਵੀ ਇਕ ਕਾਰਨ ਹੈ। ਇਸ ਦੌਰ ’ਚ ਸਾਨੂੰ ਸੁਣਨ ਸਮਰੱਥਾ ਅਤੇ ਸਮਝਣ ਦੇ ਗੁਣ ਬਾਰੇ ਕੰਮ ਕਰਨ ਦੀ ਜ਼ਰੂਰਤ ਹੈ।
ਅਮੀਨਾ, ਪਟਿਆਲਾ
(2)
ਮਨਮੀਤ ਕੱਕੜ ਦੇ ਲੇਖ ‘ਕਿਉਂ ਹੋ ਰਹੇ ਨੌਜਵਾਨ ਡਿਪਰੈਸ਼ਨ ਦਾ ਸ਼ਿਕਾਰ’ ਵਿਚ ਕਾਫ਼ੀ ਜਾਣਕਾਰੀ ਸਾਂਝੀ ਕੀਤੀ ਗਈ ਹੈ। ਬੇਰੁਜ਼ਗਾਰੀ ਕਾਰਨ ਨੌਜਵਾਨ ਵਰਗ ਉਖੜ ਗਿਆ ਹੈ। ਇਨ੍ਹਾਂ ਨੂੰ ਹਕੀਕਤ ਦੇ ਸਨਮੁੱਖ ਕਰਨਾ ਅੱਜ ਦੇ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ। ਡਿਪਰੈਸ਼ਨ ਦੀ ਸਮੱਸਿਆ ਨਾਲ ਜੂਝ ਰਹੇ ਇਨਸਾਨਾਂ ਦੀ ਮਾਨਸਿਕਤਾ ਨੂੰ ਸਮਝਣ ਦੀ ਲੋੜ ਹੈ ਜਿਸ ਵਿਚ ਪਰਿਵਾਰਕ ਮੈਂਬਰ, ਦੋਸਤ ਸਾਰਥਿਕ ਸਾਬਤ ਹੋ ਸਕਦੇ ਹਨ।
ਪਰਮਿੰਦਰ ਕੌਰ ਪਵਾਰ, ਪਿੰਡ ਭੰਬਾ ਵੱਟੂ (ਫਾਜ਼ਿਲਕਾ)
ਜੀਰੀ ਲਾਉਂਦੇ ਲੀਡਰ
24 ਜੂਨ ਨੂੰ ਸਫ਼ਾ 3 ਉੱਤੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੂੰ ਜੀਰੀ ਲਗਾਉਂਦੇ ਦਿਖਾਇਆ ਗਿਆ ਹੈ। ਬੜਾ ਚੰਗਾ ਲੱਗਾ ਕਿ ਐਮਪੀ ਸਾਹਿਬ ਨੇ ਘੱਟੋ-ਘੱਟ ਨੌਜਵਨਾਂ ਨੂੰ ਹੱਥੀਂ ਕੰਮ ਕਰਨ ਨੂੰ ਪ੍ਰੇਰਿਆ ਪਰ ਸੱਚਾਈ ਇਸ ਤੋਂ ਉਲਟ ਹੈ, ਕਿਉਂਕਿ ਅੱਜ ਦੀ ਨੌਜਵਾਨੀ ਨੂੰ ਵੱਖ ਵੱਖ ਰੰਗਾਂ ਦੇ ਲੀਡਰਾਂ ਨੇ ਹੀ ਕੁਰਾਹੇ ਪਾਇਆ ਹੋਇਆ ਹੈ।
ਪਵਨ ਕੁਮਾਰ, ਸੋਗਲਪੁਰ (ਪਟਿਆਲਾ)
(2)
ਝੋਨਾ ਲਾਉਂਦੇ ਲੋਕ ਸਭਾ ਮੈਂਬਰ ਗਰੁਜੀਤ ਸਿੰਘ ਔਜਲਾ ਦੀ ਤਸਵੀਰ ਦੇਖ ਕੇ ਹੈਰਾਨੀ ਵੀ ਹੋਈ, ਚੰਗਾ ਵੀ ਲੱਗਿਆ। ਹੈਰਾਨੀ ਇਸ ਕਰ ਕੇ ਹੋਈ ਕਿ ਅਜਿਹਾ ਸਿਰਫ ਤੇ ਸਿਰਫ ਫੋਟੋ ਖਿਚਵਾਉਣ ਲਈ ਕੀਤਾ ਹੋਵੇਗਾ। ਚੰਗਾ ਇਸ ਕਰ ਕੇ ਲੱਗਿਆ ਕਿ ਜੇ ਸਾਡੀ ਸਿਆਸੀ ਜਮਾਤ ਹੱਥੀਂ ਕੰਮ ਕਰਨ ਦੀ ਮਿਸਾਲ ਪੈਦਾ ਕਰੇ ਤਾਂ ਨੌਜਵਾਨ ਪੀੜ੍ਹੀ ਨੂੰ ਇਸ ਸੁੱਚੇ ਕਾਰਜ ਲਈ ਪ੍ਰੇਰਿਆ ਜਾ ਸਕਦਾ ਹੈ। ਸਿਆਸੀ ਆਗੂਆਂ ਦੀ ਦਿਆਨਤਦਾਰੀ ਸਮਾਜ ਦਾ ਭਲਾ ਕਰਨ ਵਿਚ ਸਹਾਈ ਹੋ ਸਕਦੀ ਹੈ ਪਰ ਸਵਾਲ ਇਹੀ ਹੈ ਕਿ ਅਜਿਹਾ ਸੰਭਵ ਹੋ ਸਕੇਗਾ?
ਸਰਦਾਰਾ ਸਿੰਘ ਚੱਠਾ, ਲੁਧਿਆਣਾ
ਵਕਫ਼ ਬੋਰਡ ਅਤੇ ਪੰਜਾਬੀ
ਪੰਜਾਬ ਸਰਕਾਰ ਪੰਜਾਬੀ ਭਾਸ਼ਾ ਨੂੰ ਸਰਕਾਰੀ ਦਫ਼ਤਰਾਂ ਵਿਚ ਜ਼ਮੀਨੀ ਪੱਧਰ ’ਤੇ ਲਾਗੂ ਕਰਨ ਦੇ ਦਾਅਵੇ ਕਰਦੀ ਹੈ ਪਰ ਸਰਕਾਰ ਦਾ ਆਪਣਾ ਹੀ ਅਦਾਰਾ ਵਕਫ਼ ਬੋਰਡ ਮਾਂ ਬੋਲੀ ਦਾ ਗ਼ਲ ਘੁੱਟਣ ਦੇ ਰੌਂਅ ਵਿਚ ਹੈ। ਪਿਛਲੇ ਦਿਨੀਂ ਪੰਜਾਬ ਵਕਫ਼ ਬੋਰਡ ਨੇ ਮਤਾ ਪਾਸ ਕਰ ਦਿੱਤਾ ਕਿ ਮਨਿਸਟੀਰੀਅਲ ਸਟਾਫ਼ ਦੀ ਭਰਤੀ ਲਈ 10ਵੀਂ ਤਕ ਦੇ ਪੱਧਰ ਦੀ ਪੰਜਾਬੀ ਭਾਸ਼ਾ ਦਾ ਗਿਆਨ ਹੋਣਾ ਜ਼ਰੂਰੀ ਨਹੀਂ ਹੋਵੇਗਾ। ਲੋਕਾਂ ਦੀ ਮੰਗ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਸ ਮਤੇ ਨੂੰ ਰੱਦ ਕਰਨ।
ਮੁਹੰਮਦ ਇਕਬਾਲ ਤਹੀਮ, ਪਿੰਡ ਫਲੌਂਡ ਕਲਾਂ (ਮਾਲੇਰਕੋਟਲਾ)
ਭਾਰਤ ਦੀ ਵਿਦੇਸ਼ ਨੀਤੀ
ਪ੍ਰਧਾਨ ਮੰਤਰੀ ਵਜੋਂ ਨਰਿੰਦਰ ਮੋਦੀ ਸ਼ਾਇਦ ਦੁਨੀਆਂ ਦੇ ਸਭ ਤੋਂ ਜ਼ਿਆਦਾ ਦੇਸ਼ਾਂ ਦਾ ਦੌਰਾ ਕਰਨ ਵਾਲੇ ਆਗੂ ਹੋਣਗੇ। ਸਰਕਾਰ ਨੇ ਲੋਕਾਂ ਨੂੰ ਭਾਰਤ ਨੂੰ ਵਿਸ਼ਵ ਗੁਰੂ ਬਣਾਉਣ ਦਾ ਸੁਪਨਾ ਦਿਖਾਇਆ ਪਰ ਭਾਰਤ ਗੁਆਂਢੀ ਦੇਸ਼ਾਂ ਨਾਲ ਰਿਸ਼ਤਿਆਂ ਦੇ ਸਬੰਧ ਵਿਚ ਸਭ ਤੋਂ ਮਾੜੇ ਦੌਰ ਵਿਚੋਂ ਗੁਜ਼ਰ ਰਿਹਾ ਹੈ। ਐਲਏਸੀ ਉੱਪਰ 45 ਸਾਲਾਂ ਬਾਅਦ ਜਾਨੀ ਨੁਕਸਾਨ, ਸਭ ਤੋਂ ਭਰੋਸੇਯੋਗ ਗੁਆਂਢੀ ਨੇਪਾਲ ਖੇਤਰੀ ਵਿਵਾਦ, ਬੰਗਲਾਦੇਸ਼ ਨਾਲ ਸੀਏਏ ਮਾਮਲੇ ’ਤੇ ਦੂਰੀ, ਪਾਕਿਸਤਾਨ ਨਾਲ ਰਿਸ਼ਤਿਆਂ ਦਾ ਸਭ ਤੋਂ ਖ਼ਰਾਬ ਦੌਰ, ਸ੍ਰੀਲੰਕਾ ਦਾ ਵੀ ਭਾਰਤ ਤੋਂ ਦੂਰ, ਚੀਨ ਦੇ ਨੇੜੇ ਜਾਣਾ ਆਦਿ ਭਾਰਤ ਦੀ ਨਿੱਘਰਦੀ ਵਿਦੇਸ਼ ਨੀਤੀ ਵੱਲ ਇਸ਼ਾਰਾ ਕਰ ਰਿਹਾ ਹੈ। ਜੇ ਅਜੇ ਵੀ ਵਿਦੇਸ਼ ਨੀਤੀ ਵਿਚ ਸੁਧਾਰ ਨਹੀਂ ਕੀਤਾ ਗਿਆ ਤਾਂ ਭਾਰਤ ਖੇਤਰੀ ਮਹੱਤਤਾ ਵੀ ਗੁਆ ਬੈਠੇਗਾ।
ਸੰਜੇ ਖਾਨ ਧਾਲੀਵਾਲ, ਪਟਿਆਲਾ
ਛਾਪੇ ਦੀ ਉਕਾਈ
24 ਜੂਨ ਨੂੰ ਵਿਰਾਸਤ ਪੰਨੇ ਉੱਤੇ ਮੇਰਾ ਲੇਖ ‘ਸ਼ਹੀਦ ਭਾਈ ਮਨੀ ਸਿੰਘ’ ਛਪਿਆ ਹੈ। ਇਸ ਲੇਖ ਵਿਚ ਛਪਾਈ ਵੇਲੇ ਇਕ ਉਕਾਈ ਹੋ ਗਈ ਹੈ। ਇਸ ਵਿਚ ‘ਮਸਤ ਹਾਥੀ ਦਾ ਮੁਕਾਬਲਾ ਕਰਨ ਵਾਲੇ ਭਾਈ ਬਚਿੱਤਰ ਸਿੰਘ ਗੁਰੂ ਸਾਹਿਬ ਦੇ ਪੁੱਤਰ’, ਛਪ ਗਿਆ ਹੈ। ਭਾਈ ਬਚਿੱਤਰ ਸਿੰਘ ਭਾਈ ਮਨੀ ਸਿੰਘ ਦੇ ਪੁੱਤਰ ਸਨ।
ਸੁਖਵਿੰਦਰ ਸਿੰਘ ਮੁੱਲਾਂਪੁਰ, ਈਮੇਲ