ਨਵੀਂ ਦਿੱਲੀ, 18 ਜੁਲਾਈ
ਪਾਕਿਸਤਾਨ ਵਿੱਚ ਧਾਰਮਿਕ ਅਸਹਿਣਸ਼ੀਲਤਾ ਹੁਣ ਭੇਦਭਾਵ ਨਾਲ ਇਕ ਵੱਖਰੇ ਪੱਧਰ ’ਤੇ ਪਹੁੰਚ ਗਈ ਹੈ ਅਤੇ ਘੱਟ ਗਿਣਤੀਆਂ ਖ਼ਿਲਾਫ਼ ਭੇਦਭਾਵ ਸਿਰਫ਼ ਹਿੰਦੂ ਭਾਈਚਾਰੇ ਦੇ ਮੰਦਰ ਅਤੇ ਈਸਾਈਆਂ ਦੇ ਧਾਰਮਿਕ ਸਥਾਨ ਢਾਹੁਣ ਤੱਕ ਸੀਮਿਤ ਨਹੀਂ ਰਿਹਾ ਹੈ। ਪਾਕਿਸਤਾਨ ਵਿੱਚ ਗੰਧਾਰ ਖੇਤਰ ’ਚ ਸਥਿਤ ਬੌਧ ਧਰਮ ਦੇ ਸਭ ਤੋਂ ਪ੍ਰਭਾਵੀ ਯਾਦਗਾਰੀ ਚਿੰਨ੍ਹਾਂ ਵਿੱਚ ਸ਼ਾਮਲ ਤਖ਼ਤ-ਏ-ਬਾਹੀ ਅਤੇ ਗੁਆਂਢੀ ਪੁਰਾਣੇ ਸ਼ਹਿਰ ਸਹਿਰ-ਏ-ਬਹਿਲੋਲ ਜਿਸ ਨੂੰ ਯੂਨੈਸਕੋ ਵੱਲੋਂ ਵਿਸ਼ਵ ਧਰੋਹਰ ਵਿੱਚ ਸ਼ਾਮਲ ਕੀਤਾ ਗਿਆ ਸੀ, ਨੂੰ ਬਾਗੀ ਮੌਲਵੀ ਦੇ ਸਮਰਥਕਾਂ ਨੇ ਢਾਹ ਦਿੱਤਾ। ਖ਼ੈਬਰ ਪਖ਼ਤੂਨਖਵਾ ਦੇ ਮਰਦਾਨ ’ਚ ਸਥਿਤ ਇਹ ਇਤਿਹਾਸਕ ਸਥਾਨ ਈਸਾ ਬਾਅਦ ਪਹਿਲੀ ਤੋਂ 7ਵੀਂ ਸਦੀ ਵਿਚਾਲੇ ਗੰਧਾਰੀ ਖੇਤਰ ਵਿੱਚ ਮੱਠਵਾਸ ਅਤੇ ਸ਼ਹਿਰੀਕਰਨ ਦੇ ਵਿਕਾਸ ਦੀ ਸਭ ਤੋਂ ਢੁੱਕਵੀਂ ਉਦਾਹਰਨ ਹੈ। ਇਸ ਸਬੰਧੀ ਸੋਸ਼ਲ ਮੀਡੀਆ ’ਤੇ ਕਈ ਹੈਰਾਨ ਕਰਨ ਦੇਣ ਵਾਲੀਆਂ ਵੀਡੀਓ ਵਾਇਰਲ ਹੋਈਆਂ ਹਨ ਜਿਨ੍ਹਾਂ ਵਿੱਚ ਇਕ ਮੌਲਵੀ ਦੇ ਕਹਿਣ ’ਤੇ ਇਕ ਵਿਅਕਤੀ ਬੁੱਧ ਦਾ ਬੁੱਤ ਤੋੜਦਾ ਹੋਇਆ ਨਜ਼ਰ ਆ ਰਿਹਾ ਹੈ।