ਪ੍ਰਭੂ ਦਿਆਲ
ਸਿਰਸਾ, 29 ਜੁਲਾਈ
ਰਾਜਸਥਾਨ ਦੇ ਨਾਲ ਲਗਦੇ ਹਰਿਆਣਾ ਦੇ ਦਰਜਨ ਪਿੰਡਾਂ ਦੇ ਕਿਸਾਨਾਂ ਨੂੰ ਟਿੱਡੀਆਂ ਨੇ ਵਾਹਣੀ ਪਾ ਦਿੱਤਾ ਹੈ। ਕਿਸਾਨ ਟਿੱਡੀਆਂ ਤੋਂ ਆਪਣੀਆਂ ਫ਼ਸਲਾਂ ਨੂੰ ਬਚਾਉਣ ਲਈ ਦਿਨ-ਰਾਤ ਪੂਰੇ ਪਰਿਵਾਰਾਂ ਨਾਲ ਖੇਤਾਂ ਦੀ ਰਾਖੀ ਕਰਨ ਲਈ ਮiਬੂਰ ਹੋ ਰਹੇ ਹਨ। ਕੋਈ ਕਿਸਾਨ ਪੀਪੇ ਥਾਲੀਆਂ ਖੜਕਾ ਕੇ ਟਿੱਡੀਆਂ ਉੱਡਾ ਰਿਹਾ ਹੈ ਤਾਂ ਕੋਈ ਟਰੈਕਰਟ ’ਤੇ ਡੈੱਕ ਲਾ ਕੇ ਤੇ ਕੋਈ ਖੇਤਾਂ ’ਚ ਪਟਾਕੇ ਚਲਾ ਕੇ ਟਿੱਡੀਆਂ ਤੋਂ ਫ਼ਸਲ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਖੇਤੀ ਵਿਭਾਗ ਵੱਲੋਂ ਲੰਘੀ ਰਾਤ ਕਈ ਥਾਵਾਂ ’ਤੇ ਟਿੱਡੀਆਂ ’ਤੇ ਸਪਰੇਅ ਕਰਕੇ ਉਨ੍ਹਾਂ ਨੂੰ ਮਾਰਨ ਦਾ ਵੀ ਦਾਅਵਾ ਕੀਤਾ ਗਿਆ ਹੈ।
ਟਿੱਡੀਆਂ ਹਵਾ ਦੇ ਰੁਖ਼ ਨਾਲ ਕਦੇ ਹਰਿਆਣਾ ਦੇ ਪਿੰਡਾਂ ਤੇ ਕਦੇ ਰਾਜਸਥਾਨ ਦੇ ਪਿੰਡਾਂ ਦੇ ਖੇਤਾਂ ਵਿੱਚ ਖੜ੍ਹੀਆਂ ਨਰਮੇ, ਕਪਾਹ, ਮੂੰਗੀ, ਬਾਜਰਾ, ਗੁਆਰੇ ਦੀ ਫ਼ਸਲ ’ਤੇ ਵਾਰ ਵਾਰ ਹਲਾ ਬੋਲ ਰਹੀ ਹੈ। ਕਿਸਾਨਾਂ ਨੇ ਖੇਤੀਬਾੜੀ ਵਿਭਾਗ ਵੱਲੋਂ ਟਿੱਡੀਆਂ ਦੇ ਕੰਟਰੋਲ ਲਈ ਕੀਤੇ ਗਏ ਪ੍ਰਬੰਧਾਂ ਨੂੰ ਘੱਟ ਦੱਸਿਆ ਹੈ, ਜਦੋਂਕਿ ਖੇਤੀਬਾੜੀ ਅਧਿਕਾਰੀਆਂ ਦਾ ਦਾਅਵਾ ਹੈ ਕਿ ਟਿੱਡੀਆਂ ਨਾਲ ਨਜਿੱਠਣ ਲਈ ਉਨ੍ਹਾਂ ਕੋਲ ਪੂਰੇ ਪ੍ਰਬੰਧ ਹਨ। ਅਧਿਕਾਰੀਆਂ ਨੇ ਦੱਸਿਆ ਹੈ ਕਿ ਟਿੱਡੀਆਂ ਹਵਾ ਦੇ ਰੱਖ ਨਾਲ ਉੱਡ ਰਹੀਆਂ ਹਨ। ਕਦੇ ਇਹ ਹਰਿਆਣਾ ਦੇ ਪਿੰਡਾਂ ਵਿੱਚ ਹੁੰਦੀਆਂ ਹਨ ਤੇ ਕਦੇ ਰਾਜਸਥਾਨ ਦੇ ਪਿੰਡਾਂ ਵਿੱਚ।