ਰਵੇਲ ਸਿੰਘ ਭਿੰਡਰ
ਪਟਿਆਲਾ, 29 ਜੁਲਾਈ
ਪੈਟਰੋਲ ਪੰਪ ਡੀਲਰਜ਼ ਐਸੋਸੀਏਸ਼ਨ ਪੰਜਾਬ ਦੇ ਸੱਦੇ ਉੱਤੇ ਪੰਜਾਬ ਭਰ ਦੇ ਅੱਜ ਪੈਟਰੋਲ ਪੰਪ ਬੰਦ ਹਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸ਼ਹਿਰ ਪਟਿਆਲਾ ’ਚ ਵੀ ਪੈਟਰੋਲ ਪੰਪ ਡੀਲਰਾਂ ਨੇ ਹੜਤਾਲ ਕੀਤੀ ਹੋਈ ਹੈ। ਬੀਤੇ ਦਿਨੀਂ ਪੈਟਰੋਲ ਪੰਪ ਡੀਲਰ ਵੱਲੋਂ ਵਿੱਤੀ ਘਾਟੇ ਕਾਰਨ ਖ਼ੁਦਕੁਸ਼ੀ ਕੀਤੀ ਗਈ ਸੀ,ਜਿਸ ਦੇ ਰੋਸ ਵਜੋਂ ਪੰਜਾਬ ਦੇ ਪੈਟਰੋਲ ਪੰਪ ਡੀਲਰਾਂ ਨੇ ਅੱਜ ਸਮੁੱਚੇ ਪੰਜਾਬ ਭਰ ਅੰਦਰ ਹੜਤਾਲ ਦਾ ਐਲਾਨ ਕੀਤਾ ਹੋਇਆ ਹੈ। ਪੈਟਰੋਲ ਪੰਪ ਡੀਲਰਾਂ ਦਾ ਸ਼ਿਕਵਾ ਹੈ ਕਿ ਗੁਆਂਢੀ ਰਾਜਾਂ ਨਾਲੋਂ ਪੰਜਾਬ ਅੰਦਰ ਤੇਲ ਉੱਤੇ ਵੈਟ ਜ਼ਿਆਦਾ ਹੋਣ ਕਾਰਨ ਉਹ ਵਿੱਤੀ ਘਾਟੇ ਨਾਲ ਜੂਝ ਰਹੇ ਹਨ। ਪੰਜਾਬ ਅੰਦਰ ਪੈਟਰੋਲ ਡੀਜ਼ਲ ਉੱਤੇ ਵੈਟ ਦੀ ਦਰ ਜ਼ਿਆਦਾ ਹੋਣ ਦੀ ਵਜ੍ਹਾ ਇੱਥੇ ਤੇਲ ਦੀ ਸਮਗਲਿੰਗ ਵੀ ਹੋ ਰਹੀ ਹੈ। ਇਹ ਹੜਤਾਲ ਸਵੇਰੇ ਅੱਠ ਵਜੇ ਤੋਂ ਲੈ ਕੇ ਸ਼ਾਮ ਪੰਜ ਵਜੇ ਤੱਕ ਕੀਤੀ ਜਾ ਰਹੀ ਹੈ। ਪਟਿਆਲਾ ਦੇ ਪੈਟਰੋਲ ਪੰਪ ਡੀਲਰ ਗੁਰਧਿਆਨ ਸਿੰਘ ਭਾਨਰੀ ਨੇ ਦੱਸਿਆ ਕਿ ਸਿਹਤ ਨਾਲ ਸਬੰਧੀ ਐਮਰਜੈਂਸੀ ਸੇਵਾਵਾਂ ਨੂੰ ਛੱਡ ਕੇ ਬਾਕੀ ਕਿਸੇ ਵਾਹਨ ਨੂੰ ਤੇਲ ਨਹੀਂ ਵੇਚਿਆ ਜਾ ਰਿਹਾ। ਉਨ੍ਹਾਂ ਦੱਸਿਆ ਕਿ ਪੈਟਰੋਲ ਪੰਪ ਡੀਲਰ ਐਸੋਸੀਏਸ਼ਨ ਦੀ ਮੰਗ ਹੈ ਕਿ ਪੰਜਾਬ ਵਿੱਚ ਜਿਹੜਾ ਤੇਲ ਉੱਤੇ ਵਾਧੂ ਵੈਟ ਲਾਇਆ ਹੋਇਆ ਹੈ ਉਸ ਨੂੰ ਵਾਪਸ ਲਿਆ ਜਾਵੇ।