ਜੈਸਮੀਨ ਭਾਰਦਵਾਜ
ਨਾਭਾ, 18 ਜੁਲਾਈ
ਇਥੋਂ ਦੇ ਜੇਲ੍ਹ ਪ੍ਰਸ਼ਾਸਨ ਨੇ ਨਵੀਂ ਜ਼ਿਲ੍ਹਾ ਜੇਲ੍ਹ ਵਿੱਚੋ ਪੰਜ ਮੋਬਾਈਲ ਫੋਨ ਬਰਾਮਦ ਕੀਤੇ। ਇਨ੍ਹਾਂ ਵਿੱਚੋਂ ਇਕ ਮੋਬਾਈਲ ਗੈਂਗਸਟਰ ਕੁਲਪ੍ਰੀਤ ਸਿੰਘ ਉਰਫ ਨੀਟਾ ਦਿਓਲ ਕੋਲੋਂ ਬਰਾਮਦ ਹੋਇਆ। ਨੀਟਾ ਦਿਓਲ 2016 ਵਿਚ ਨਾਭਾ ਅਤਿ ਸੁਰੱਖਿਆ ਜੇਲ੍ਹ ਤੋੜ ਕੇ ਪੰਜ ਹੋਰ ਕੈਦੀਆਂ ਸਮੇਤ ਫਰਾਰ ਹੋਣ ਵਿਚ ਸਫਲ ਹੋ ਗਿਆ ਸੀ, ਜਿਸ ਨੂੰ ਬਾਅਦ ਵਿਚ ਗ੍ਰਿਫਤਾਰ ਕੀਤਾ ਗਿਆ। ਫ਼ਰਾਰ ਕੈਦੀਆਂ ਵਿੱਚੋਂ ਖਾਲਿਸਤਾਨ ਲਬਿਰੇਸ਼ਨ ਫੋਰਸ ਦਾ ਕਥਿਤ ਆਗੂ ਕਸ਼ਮੀਰ ਸਿੰਘ ਅਜੇ ਵੀ ਗ੍ਰਿਫ਼ਤ ਤੋਂ ਬਾਹਰ ਹੈ। ਇਸ ਸਮੇਂ ਨਾਭਾ ਦੀ ਦੂਜੀ ਜੇਲ੍ਹ ਵਿਚ ਬੰਦ ਨੀਟਾ ਦਿਓਲ ਕੋਲੋਂ ਫਿਰ ਤੋਂ ਮੋਬਾਈਲ ਮਿਲਣ ਨਾਲ ਪੁਲੀਸ ਵਿਭਾਗ ਅਤੇ ਖੁਫ਼ੀਆ ਵਿਭਾਗ ਚੌਕੰਨੇ ਹੋ ਗਏ ਹਨ। ਇਸ ਤੋਂ ਇਲਾਵਾ ਚਾਰ ਮੋਬਾਈਲ ਜੇਲ੍ਹ ਦੇ ਇਕ ਬਲਾਕ ਵਿੱਚੋਂ ਬਰਾਮਦ ਕੀਤੇ ਗਏ ਜਿਨ੍ਹਾਂ ਦੀ ਮਲਕੀਅਤ ਦਾ ਅਜੇ ਪਤਾ ਲਗਾਇਆ ਜਾ ਰਿਹਾ ਹੈ।
ਜੇਲ੍ਹ ਦੇ ਸਹਾਇਕ ਸੁਪਰਡੈਂਟ ਸ਼ਰੀਫ ਮੁਹੰਮਦ ਨੇ ਦੱਸਿਆ ਕਿ ਕੁਲਪ੍ਰੀਤ ਸਿੰਘ ਦੀ ਤਲਾਸ਼ੀ ਲਈ ਗਈ ਤਾਂ ਇਕ ਟੱਚ ਸਕਰੀਨ ਫੋਨ ਬਰਾਮਦ ਹੋਇਆ। ਬਾਕੀ ਦੇ ਚਾਰ ਮੋਬਾਈਲ ਬਲਾਕ 6 ਦੇ ਕੂੜੇ ਦੇ ਢੇਰ ਵਿੱਚੋਂ ਬਰਾਮਦ ਕੀਤੇ ਗਏ।