ਰਾਜਿੰਦਰ ਸਿੰਘ ਮਰਾਹੜ
ਭਗਤਾ ਭਾਈ, 6 ਜੁਲਾਈ
ਬੀ.ਐੱਸ.ਐੱਨ.ਐੱਲ. ਵਿਭਾਗ ਵੱਲੋਂ ਕੱਢੇ ਗਏ ਮੁਲਾਜ਼ਮਾਂ ਦਾ ਇੱਕ ਵਫ਼ਦ ਆਮ ਆਦਮੀ ਪਾਰਟੀ ਦੇ ਆਗੂ ਜਤਿੰਦਰ ਸਿੰਘ ਭੱਲਾ ਦੀ ਅਗਵਾਈ ਵਿੱਚ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੂੰ ਮਿਲਿਆ। ਵਫ਼ਦ ਵਿੱਚ ਮਿੰਟੂ ਕੈਨੇਡਾ, ਜਸਵੀਰ ਸਿੰਘ ਸੇਲਬਰਾਹ, ਰਾਜਾ ਰਾਮਪੁਰਾ ਅਤੇ ਜਗਸੀਰ ਸਿੰਘ ਧਿੰਗੜ ਸ਼ਾਮਲ ਸਨ। ਜਤਿੰਦਰ ਸਿੰਘ ਭੱਲਾ ਨੇ ਦੱਸਿਆ ਕਿ ਬੀ.ਐੱਸ.ਐੱਨ.ਐੱਲ. ਵਿਭਾਗ ਬਠਿੰਡਾ ਨੇ ਪਿਛਲੇ 20 ਸਾਲਾਂ ਤੋਂ ਵਿਭਾਗ ਵਿੱਚ ਸੇਵਾਵਾਂ ਨਿਭਾ ਰਹੇ ਲਗਭਗ 100 ਠੇਕਾ ਆਧਾਰਿਤ ਮੁਲਾਜ਼ਮਾਂ ਨੂੰ ਨੌਕਰੀਓਂ ਕੱਢ ਕੇ ਉਨ੍ਹਾਂ ਦੀ ਕਰੀਬ 1 ਸਾਲ ਦੀ ਤਨਖਾਹ ਵੀ ਨਹੀਂ ਦਿੱਤੀ ਜਾ ਰਹੀ। ਸ੍ਰੀ ਚੀਮਾ ਨੇ ਵਫ਼ਦ ਨੂੰ ਭਰੋਸਾ ਦਿਵਾਇਆ ਕਿ ਮੁਲਾਜ਼ਮਾਂ ਨਾਲ ਕਿਸੇ ਪ੍ਰਕਾਰ ਦਾ ਧੱਕਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਤੇ ਪਾਰਟੀ ਇਨ੍ਹਾਂ ਮੁਲਾਜ਼ਮਾਂ ਨਾਲ ਡਟ ਕੇ ਖੜ੍ਹੇਗੀ ਅਤੇ ਉਨ੍ਹਾਂ ਦੇ ਹੱਕ ਹਰ ਹੀਲੇ ਦਿਵਾਏਗੀ।