ਗੁਰਮੀਤ ਸਿੰਘ
ਬਾਮ੍ਹਣੀ ਕਿਰਲੀ ਨੂੰ ਅਸੀਂ ਕਈ ਵਾਰੀ ਘਰਾਂ ਵਿਚ ਵੇਖਦੇ ਹੀ ਘਬਰਾ ਜਾਂਦੇ ਹਾਂ। ਕਈ ਥਾਵਾਂ ’ਤੇ ਇਸ ਨੂੰ ‘ਸੱਪ ਦੀ ਮਾਸੀ’ ਵੀ ਕਿਹਾ ਜਾਂਦਾ ਹੈ। ਅੰਗਰੇਜ਼ੀ ਵਿਚ ਇਸ ਨੂੰ ‘ਸਕਿੰਕ’ (Skink) ਅਤੇ ਹਿੰਦੀ ਵਿਚ ਕੋਤਰੀ ਕਿਹਾ ਜਾਂਦਾ ਹੈ। ਇਸਦਾ ਸਰੀਰ ਚਮਕਦਾਰ ਅਤੇ ਅਗਲੀਆਂ ਲੱਤਾਂ ਆਮ ਤੌਰ ’ਤੇ ਅਵਿਕਸਤ ਹੁੰਦੀਆਂ ਹਨ। ਬਾਮ੍ਹਣੀ ਕਿਰਲੀ ਦਾ ਇਕ ਸਭ ਤੋਂ ਵੱਖਰਾ ਸਮੂਹ ਹੈ ਅਤੇ ਇਸ ਦੀਆਂ ਲਗਭਗ 1200 ਦੇ ਕਰੀਬ ਪ੍ਰਜਾਤੀਆਂ ਹਨ। ਇਨ੍ਹਾਂ ਦੇ ਜਬਾੜ੍ਹੇ ਘੱਟ ਲਚਕਦਾਰ ਹੁੰਦੇ ਹਨ, ਪਲਕਾਂ ਪਾਰਦਰਸ਼ੀ ਹੋਣ ਕਰਕੇ ਅੱਖਾਂ ਦੇ ਬੰਦ ਹੋਣ ’ਤੇ ਵੀ ਇਹ ਵੇਖਣ ਦੀ ਸਮਰੱਥਾ ਰੱਖਦੀਆਂ ਹਨ। ਇਨ੍ਹਾਂ ਦੇ ਕੰਨ ਬਾਹਰ ਨੂੰ ਖੁੱਲ੍ਹੇ ਰਹਿੰਦੇ ਹਨ। ਇਸ ਦੀਆਂ ਕੁਝ ਕਿਸਮਾਂ ਕਾਫ਼ੀ ਛੋਟੀਆਂ ਹੁੰਦੀਆਂ ਹਨ। ਆਮ ਤੌਰ ’ਤੇ ਇਸ ਦੀ ਲੰਬਾਈ 7.5 ਤੋਂ 14.5 ਸੈਂਟੀਮੀਟਰ (3.0 ਤੋਂ 5.7 ਇੰਚ) ਤਕ ਹੁੰਦੀ ਹੈ, ਜਿਸ ਵਿਚ ਅੱਧੇ ਤੋਂ ਜ਼ਿਆਦਾ ਇਸ ਦੀ ਪੂਛ ਹੁੰਦੀ ਹੈ। ਇਸ ਕਿਰਲੀ ਦਾ ਸਿਰ ਪਤਲੀ ਸਖ਼ਤ ਹੱਡੀ ਵਰਗੀ ਪਰਤ ਨਾਲ ਢਕਿਆ ਹੁੰਦਾ ਹੈ।
ਆਮ ਤੌਰ ’ਤੇ ਇਹ ਕਿਰਲੀਆਂ ਮਾਸਾਹਾਰੀ ਅਤੇ ਖ਼ਾਸ ਤੌਰ ’ਤੇ ਕੀਟਨਾਸ਼ਕ ਹੁੰਦੀਆਂ ਹਨ। ਇਹ ਆਪਣੇ ਆਮ ਸ਼ਿਕਾਰ ਵਿਚ ਮੱਖੀਆਂ, ਬੀਟਲਜ਼, ਟਿੱਡੇ-ਟਿੱਡੀਆਂ, ਗੰਡੋਏ, ਵੱਖੋ ਵੱਖਰੀਆਂ ਕਿਸਮਾਂ ਦੇ ਧਰਤੀ ਦੇ ਕੀੜੇ, ਮਿਲੀਪੀਡਜ਼, ਸੈਂਟੀਪੀਡਜ਼ ਆਦਿ ਵੀ ਖਾਂਦੀਆਂ ਹਨ। ਬਾਮ੍ਹਣੀ ਕਿਰਲੀਆਂ ਕੀੜੇ-ਮਕੌੜੇ ਖਾਣ ਵਿਚ ਬਹੁਤ ਸਾਰੀਆਂ ਮਹੱਤਵਪੂਰਣ ਭੂਮਿਕਾਵਾਂ ਨਿਭਾਉਂਦੀਆਂ ਹਨ ਅਤੇ ਅੰਤ ਵਿਚ ਬਹੁਤ ਸਾਰੇ ਸ਼ਿਕਾਰੀਆਂ (ਪੰਛੀਆਂ, ਸੱਪਾਂ, ਲੂੰਬੜੀਆਂ) ਦੀ ਖੁਰਾਕ ਦਾ ਸਾਧਨ ਬਣਦੀਆਂ ਹਨ। ਇਸ ਤਰ੍ਹਾਂ ਇਹ ਬਾਮ੍ਹਣੀ ਕਿਰਲੀਆਂ ਇਨਸਾਨਾਂ ਲਈ ਕੀੜੇ ਅਤੇ ਹੋਰ ਜੀਵ ਜੰਤੂਆਂ ਨੂੰ ਖਾ ਕੇ ਉਨ੍ਹਾਂ ਦੀ ਵਧਦੀ ਗਿਣਤੀ ਨੂੰ ਨਿਯੰਤਰਿਤ ਕਰਦੀਆਂ ਹਨ।
ਕੁਦਰਤ ਨੇ ਇਸ ਨੂੰ ਆਪਣਾ ਬਚਾਅ ਕਰਨ ਲਈ ਇਸ ਤਰ੍ਹਾਂ ਦੀ ਸ਼ਕਤੀ ਦਿੱਤੀ ਹੈ ਕਿ ਜੇਕਰ ਕੋਈ ਸ਼ਿਕਾਰੀ ਇਸਨੂੰ ਫੜ ਲੈਂਦਾ ਹੈ ਤਾਂ ਇਹ ਆਪਣੀ ਪੂਛ ਤੁੜਵਾ ਕੇ ਭੱਜ ਜਾਂਦੀਆਂ ਹਨ। ਅਜਿਹੀਆਂ ਪ੍ਰਜਾਤੀਆਂ ਆਮ ਤੌਰ ’ਤੇ ਪੂਛ ਦੇ ਗੁਆਚੇ ਹਿੱਸੇ ਨੂੰ ਤਿੰਨ ਤੋਂ ਚਾਰ ਮਹੀਨਿਆਂ ਦੇ ਅੰਦਰ ਦੁਬਾਰਾ ਪੈਦਾ ਕਰ ਲੈਂਦੀਆਂ ਹਨ। ਇਹ ਆਮਤੌਰ ’ਤੇ ਆਪਣੇ ਸਰੀਰ ਦੇ ਵੱਖ ਵੱਖ ਰੰਗਾਂ ਕਰਕੇ ਆਪਣੇ ਆਪਨੂੰ ਆਸਾਨੀ ਨਾਲ ਆਲੇ-ਦੁਆਲੇ ਦੇ ਵਾਤਾਵਰਣ ਵਿਚ ਛੁਪਾ ਲੈਂਦੀਆਂ ਹਨ। ਇਸ ਦੀਆਂ ਬਹੁਤ ਸਾਰੀਆਂ ਕਿਸਮਾਂ ਵਿਚ ਇਹ ਵਿਸ਼ੇਸ਼ਤਾ ਸਪੱਸ਼ਟ ਤੌਰ ’ਤੇ ਵੇਖਣ ਨੂੰ ਮਿਲਦੀ ਹੈ। ਬਹੁਤ ਸਾਰੀਆਂ ਬਾਮ੍ਹਣੀ ਕਿਰਲੀਆਂ ਆਪਣਾ ਸਮਾਂ ਧਰਤੀ ਦੇ ਹੇਠਾਂ ਬਿਤਾਉਂਦੀਆਂ ਹਨ ਜਿੱਥੇ ਉਹ ਜ਼ਿਆਦਾਤਰ ਸ਼ਿਕਾਰੀਆਂ ਤੋਂ ਸੁਰੱਖਿਅਤ ਰਹਿੰਦੀਆਂ ਹਨ। ਉਹ ਹਵਾ ਨੂੰ ਸੁੰਘਣ ਅਤੇ ਆਪਣੇ ਸ਼ਿਕਾਰ ਨੂੰ ਲੱਭਣ ਲਈ ਆਪਣੀ ਜੀਭ ਦੀ ਵਰਤੋਂ ਵੀ ਕਰਦੀਆਂ ਹਨ।
ਪ੍ਰਜਣਨ ਦੇ ਮੌਸਮ ਦੌਰਾਨ ਇਨ੍ਹਾਂ ਦੀਆਂ ਕੁਝ ਕਿਸਮਾਂ ਦੀ ਚਮੜੀ ਜਿਨਸੀ ਪਰਿਪੱਕਤਾ ਨੂੰ ਦਰਸਾਉਣ ਲਈ ਸੰਤਰੀ ਜਾਂ ਲਾਲ ਨਿਸ਼ਾਨ ਪ੍ਰਦਰਸ਼ਿਤ ਕਰਦੀਆਂ ਹਨ। ਇਹ ਇਨਸਾਨ ਨੂੰ ਨੁਕਸਾਨ ਨਹੀਂ ਪਹੁੰਚਾਉਂਦੀਆਂ। ਇਸ ਲਈ ਇਨ੍ਹਾਂ ਤੋਂ ਡਰਨ ਦੀ ਕੋਈ ਜ਼ਰੂਰਤ ਨਹੀਂ ਹੈ।
*ਪ੍ਰਧਾਨ,ਨੇਚਰ ਕੰਜ਼ਰਵੇਸ਼ਨ ਸੁਸਾਇਟੀ,ਪੰਜਾਬ।
ਸੰਪਰਕ: 98884-56910