ਰਵੇਲ ਸਿੰਘ ਭਿੰਡਰ
ਪਟਿਆਲਾ, 6 ਜੁਲਾਈ
ਯੂਥ ਅਕਾਲੀ ਦਲ ਨੇ ਸੂਬਾ ਪ੍ਰਧਾਨ ਪਰਮਬੰਸ ਸਿੰਘ ਰੋਮਾਣਾ ਤੇ ਸਕੱਤਰ ਜਨਰਲ ਸਰਬਜੋਤ ਸਿੰਘ ਸਾਬੀ ਦੀ ਅਗਵਾਈ ਹੇਠ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਮੈਨੇਜਮੈਂਟ ਵਾਲੇ ਯਾਦਵਿੰਦਰਾ ਪਬਲਿਕ ਸਕੂਲ (ਵਾਈਪੀਐੱਸ) ਦਾ ਘਿਰਾਓ ਕਰ ਕੇ ਸਕੂਲ ਵੱਲੋਂ ਕਥਿਤ ਤੌਰ ’ਤੇ ਜਬਰੀ ਉਗਰਾਹੀਆਂ ਫ਼ੀਸਾਂ ਵਾਪਸ ਕੀਤੇ ਜਾਣ ਦੀ ਮੰਗ ਕੀਤੀ। ਰੋਮਾਣਾ ਨੇ ਪੰਜਾਬ ਸਰਕਾਰ ਨੂੰ ਫ਼ੀਸਾਂ ਦੇ ਮਾਮਲੇ ਦੇ ਨਬਿੇੜੇ ਲਈ ਤਿੰਨਾਂ ਦਾ ਅਲਟੀਮੇਟਮ ਦਿੱਤਾ ਤੇ ਕਿਹਾ ਕਿ ਜੇ ਫ਼ੀਸਾਂ ਦਾ ਮਸਲਾ ਹੱਲ ਨਾ ਕੀਤਾ ਤਾਂ ਯੂਥ ਅਕਾਲੀ ਦਲ ਨਿਊ ਮੋਤੀ ਬਾਗ਼ ਪੈਲੇਸ ਦਾ ਘਿਰਾਓ ਕਰੇਗਾ। ਇਸ ਧਰਨੇ ਵਿਚ ਵਾਈਪੀਐੱਸ ਦੇ ਬੱਚਿਆਂ ਅਤੇ ਹੋਰ ਕਈ ਸਕੂਲਾਂ ਦੇ ਬੱਚਿਆਂ ਤੇ ਉਨ੍ਹਾਂ ਦੇ ਮਾਪਿਆਂ ਨੇ ਵੀ ਸ਼ਮੂਲੀਅਤ ਕੀਤੀ। ਦੱਸਣਯੋਗ ਹੈ ਕਿ ਵਾਈਪੀਐੱਸ ਦੇ ਟਰੱਸਟ ਦੇ ਮੌਜੂਦਾ ਚੇਅਰਮੈਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਭਰਾ ਰਾਜਾ ਮਾਲਵਿੰਦਰ ਸਿੰਘ ਹਨ।
ਸਕੂਲਾਂ ਦੀਆਂ ਫ਼ੀਸਾਂ ਦੇ ਮਾਮਲੇ ’ਤੇ ਯੂਥ ਅਕਾਲੀ ਦਲ ਵੱਲੋਂ ਇਸ ਸਕੂਲ ਦਾ ਘਿਰਾਓ ਕਰਨ ਦਾ ਪ੍ਰੋਗਰਾਮ ਭਾਵੇਂ ਗੁਪਤ ਰੱਖਿਆ ਗਿਆ ਸੀ ਪਰ ਸਵੇਰ ਤਕ ਖ਼ਬਰ ਲੀਕ ਹੋਣ ’ਤੇ ਸਕੂਲ ਦੁਆਲੇ ਵੱਡੀ ਗਿਣਤੀ ਪੁਲੀਸ ਤਾਇਨਾਤ ਕਰ ਦਿੱਤੀ ਗਈ। ਯੂਥ ਅਕਾਲੀ ਵਰਕਰਾਂ ਨੂੰ ਵਾਈਪੀਐੱਸ ਤੋਂ ਥੋੜ੍ਹਾ ਪਿੱਛੇ ਰੋਕ ਲਿਆ ਗਿਆ। ਇਸ ਮੌਕੇ ਸ੍ਰੀ ਰੋਮਾਣਾ ਨੇ ਕਿਹਾ ਕਿ ਇਕ ਪਾਸੇ ਸੂਬਾ ਸਰਕਾਰ ਦਾਅਵੇ ਕਰ ਰਹੀ ਹੈ ਕਿ ਫ਼ੀਸਾਂ ਦੇ ਮਾਮਲੇ ’ਚ ਹਾਈ ਕੋਰਟ ਦੇ ਡਬਲ ਬੈਂਚ ਕੋਲ ਪਟੀਸ਼ਨ ਪਾਈ ਜਾਵੇਗੀ ਤੇ ਦੂਜੇ ਪਾਸੇ ਉਨ੍ਹਾਂ ਦੀ ਖ਼ੁਦ ਦੀ ਮੈਨੇਜਮੈਂਟ ਵਾਲੇ ਵਾਈਪੀਐੱਸ ਪਟਿਆਲਾ ਅਤੇ ਮੁਹਾਲੀ ਵੱਲੋਂ ਮਾਪਿਆਂ ਤੋਂ ਜਬਰੀ ਫ਼ੀਸਾਂ ਉਗਰਾਹੀਆਂ ਗਈਆਂ ਹਨ।
ਗਰਮੀ ਵਿੱਚ ਪੋਲੋ ਗਰਾਊਂਡ ਸਾਹਮਣੇ ਧਰਨੇ ’ਤੇ ਬੈਠੇ ਆਗੂਆਂ ਨੇ ਮੰਗ ਪੱਤਰ ਲੈਣ ਆਏ ਐੱਸਡੀਐੱਮ ਚਰਨਜੀਤ ਸਿੰਘ ਨੂੰ ਇਹ ਕਹਿ ਕੇ ਮੋੜ ਦਿੱਤਾ ਕਿ ਸੰਸਦ ਮੈਂਬਰ ਪਰਨੀਤ ਕੌਰ ਖ਼ੁਦ ਆ ਕੇ ਮੰਗ ਪੱਤਰ ਲੈਣ। ਪਰਨੀਤ ਕੌਰ ਦੇ ਬਾਹਰ ਗਏ ਹੋਣ ਕਾਰਨ ਐੱਸਡੀਐੱਮ ਨੇ ਤਿੰਨ ਦਿਨਾਂ ਅੰਦਰ ਸਰਕਾਰ ਨਾਲ ਅਕਾਲੀ ਨੇਤਾਵਾਂ ਦੀ ਗੱਲ ਕਰਵਾ ਕੇ ਮਸਲਾ ਹੱਲ ਕਰਨ ਦਾ ਭਰੋਸਾ ਦਿੱਤਾ। ਰੋਮਾਣਾ ਨੇ ਕਿਹਾ ਕਿ ਉਨ੍ਹਾਂ ਡਿਪਟੀ ਕਮਿਸ਼ਨਰ ਰਾਹੀਂ ਰਾਜਪਾਲ ਨੂੰ ਮੰਗ ਪੱਤਰ ਦਿੱਤਾ ਹੈ ਤੇ ਜੇ ਤਿੰਨ ਦਿਨਾਂ ’ਚ ਮਸਲਾ ਹੱਲ ਨਾ ਹੋਇਆ ਤਾਂ ਯੂਥ ਅਕਾਲੀ ਦਲ ਦੁਬਾਰਾ ਵਾਈਪੀਐੱਸ ਦਾ ਘਿਰਾਓ ਕਰੇਗਾ ਤੇ ਮੁੱਖ ਮੰਤਰੀ ਦੀ ਰਿਹਾਇਸ਼ ਅੱਗੇ ਧਰਨਾ ਦੇੇਵੇਗਾ।
ਫ਼ੀਸਾਂ ਦੇ ਮੁੱਦੇ ’ਤੇ ਵਿਸ਼ੇਸ਼ ਸੈਸ਼ਨ ਬੁਲਾਇਆ ਜਾਵੇ: ਚੰਦੂਮਾਜਰਾ
ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਤੇ ਸ਼ਹਿਰੀ ਪ੍ਰਧਾਨ ਹਰਪਾਲ ਜੁਨੇਜਾ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾ ਕੇ ਸਪੱਸ਼ਟ ਕਰਨ ਕਿ ਸਕੂਲੀ ਫ਼ੀਸਾਂ ਦੇ ਮੁੱਦੇ ’ਤੇ ਸਰਕਾਰ ਕੇਸ ਕਿਵੇਂ ਹਾਰੀ। ਸਿੱਖਿਆ ਦੇ ਖੇਤਰ ’ਚ ਹੋ ਰਹੀ ਲੁੱਟ ਬਾਰੇ ਸਰਕਾਰ ਜੋ ਉਪਰਾਲੇ ਕਰ ਰਹੀ ਹੈ, ਬਾਰੇ ਵੀ ਲੋਕਾਂ ਨੂੰ ਦੱਸਿਆ ਜਾਵੇ।