ਹੁਸ਼ਿਆਰ ਸਿੰਘ ਰਾਣੂ
ਮਾਲੇਰਕੋਟਲਾ, 17 ਜੁਲਾਈ
ਵਧੀਕ ਡਿਪਟੀ ਕਮਿਸ਼ਨਰ ਰਾਜੇਸ਼ ਤ੍ਰਿਪਾਠੀ ਨੇ ਕਿਹਾ ਕਿ ਮਿਸ਼ਨ ਫ਼ਤਹਿ ਤਹਿਤ ਕੋਵਿਡ-19 ਖ਼ਿਲਾਫ਼ ਮਾਲੇਰਕੋਟਲਾ ਵਿੱਚ ਵਿੱਢੀ ਗਈ ਜੰਗ ਲੋਕਾਂ ਦੇ ਸਹਿਯੋਗ ਨਾਲ ਕਾਮਯਾਬ ਹੋਵੇਗੀ। ਉਹ ਅੱਜ ਇੱਥੇ ਧਾਰਮਿਕ ਤੇ ਸਮਾਜਿਕ ਸੰਸਥਾਵਾਂ, ਮੈਡੀਕਲ ਐਸੋਸੀਏਸ਼ਨ, ਦੁਕਾਨਦਾਰਾਂ ਤੇ ਹੋਰਨਾਂ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਕੋਵਿਡ-19 ਦੇ ਫੈਲਾਅ ਨੂੰ ਰੋਕਣ ਸਬੰਧੀ ਜਾਗਰੂਕਤਾ ਮੁਹਿੰਮ ਦਾ ਆਗਾਜ਼ ਕਰਨ ਮੌਕੇ ਬੋਲ ਰਹੇ ਸਨ। ਸ੍ਰੀ ਤ੍ਰਿਪਾਠੀ ਨੇ ਲੋਕਾਂ ਨੂੰ ਕੋਵਿਡ-19 ਬਾਰੇ ਜਾਗਰੂਕ ਕਰਨ ਲਈ ਮੁਹਿੰਮ ਸ਼ੁਰੂ ਕੀਤੇ ਜਾਣ ਤੋਂ ਪਹਿਲਾਂ ਗੁਰਦੁਆਰਾ ਹਾਅ ਦਾ ਨਾਅਰਾ, ਮਸਜਿਦ ਨੇੜੇ ਸਰਹੰਦੀ ਗੇਟ, ਮੰਦਰ ਸ੍ਰੀ ਹਨੂੰਮਾਨ ਵਿਖੇ ਨਤਮਸਤਕ ਹੋ ਕੇ ਲੋਕਾਈ ਦੇ ਭਲੇ ਅਤੇ ਚੰਗੀ ਸਿਹਤ ਲਈ ਅਰਦਾਸ ਕੀਤੀ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਸ਼ਹਿਰ ਵਾਸੀਆਂ ਦੀ ਤੰਦਰੁਸਤੀ ਅਤੇ ਕੋਵਿਡ-19 ਦੇ ਫੈਲਾਅ ਨੂੰ ਰੋਕਣ ਲਈ ਹਰ ਸੰਭਵ ਉਪਰਾਲੇ ਕਰ ਰਿਹਾ ਹੈ, ਜਿਸ ਲਈ ਸ਼ਹਿਰ ਵਾਸੀਆਂ ਦਾ ਸਹਿਯੋਗ ਵੀ ਜ਼ਰੂਰੀ ਹੈ। ਏਡੀਸੀ ਨੇ ਕਿਹਾ ਕਿ ਸਿਹਤ ਵਿਭਾਗ ਅਤੇ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਨੀ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਟੀਮਾਂ ਭੇਜ ਕੇ ਮਾਸਕ ਅਤੇ ਸੈਨੇਟਾਈਜ਼ਰ ਵੰਡੇ ਜਾ ਰਹੇ ਹਨ। ਇਸ ਦੌਰਾਨ ਐੱਸਡੀਐੱਮ ਵਿਕਰਮਜੀਤ ਸਿੰਘ ਪਾਂਥੇ, ਪੁਲੀਸ ਕਪਤਾਨ ਮਨਜੀਤ ਸਿੰਘ, ਡੀਐੱਸਪੀ ਚਰਨਪਾਲ ਸਿੰਘ ਮਾਂਗਟ, ਤਹਿਸੀਲਦਾਰ ਬਾਦਲਦੀਨ ਸਮੇਤ ਹੋਰਨਾਂ ਅਧਿਕਾਰੀਆਂ ਨੇ ਦਿੱਲੀ ਗੇਟ, ਸਰਹੰਦੀ ਗੇਟ, ਕੇਲੋਂ ਗੇਟ, ਕਲੱਬ ਚੌਕ ਆਦਿ ਥਾਵਾਂ ’ਤੇ ਲੋਕਾਂ ਨੂੰ ਮਾਸਕ ਵੰਡ ਕੇ ਕੋਵਿਡ-19 ਤੋਂ ਬਚਾਅ ਸਬੰਧੀ ਜਾਗਰੂਕ ਕੀਤਾ। ਇਸ ਮੌਕੇ ਸਹਾਇਕ ਕਮਿਸ਼ਨਰ (ਅੰਡਰ ਟ੍ਰੇਨਿੰਗ) ਦੇਵਦਰਸ਼ਦੀਪ ਸਿੰਘ ਹਾਜ਼ਰ ਸਨ।