ਬੱਚਿਆਂ ਦਾ ਹਾਲ
6 ਜੁਲਾਈ ਦੇ ਸੰਪਾਦਕੀ ‘ਤਾਲਾਬੰਦੀ: ਬੱਚਿਆਂ ਲਈ ਚੁਣੌਤੀ’ ਵਿਚ ਸਹੀ ਲਿਖਿਆ ਹੈ ਕਿ ਤਾਲਾਬੰਦੀ ਕਾਰਨ ਬੱਚੇ ਇਕਲਾਪੇ ਵੱਲ ਵਧ ਰਹੇ ਹਨ। ਲੰਮੇ ਸਮੇਂ ਦੇ ਲੌਕਡਾਊਨ ਨੇ ਵਿਦਿਆਰਥੀਆਂ ਦੀ ਸਿਹਤ ’ਤੇ ਬਹੁਤ ਮਾੜਾ ਅਸਰ ਪਾਇਆ ਹੈ। ਕਰੋਨਾ ਕਰ ਕੇ ਮਨਾਂ ’ਚ ਜ਼ਿਆਦਾ ਡਰ ਪੈਦਾ ਕਰਨ ਦੀ ਥਾਂ ਸਕੂਲ ਤੇ ਹੋਰ ਸਿੱਖਿਆ ਸੰਸਥਾਵਾਂ ਨੂੰ ਖੋਲ੍ਹਣਾ ਵਧੇਰੇ ਠੀਕ ਰਹੇਗਾ। ਅਧਿਆਪਕ ਵਿਦਿਆਰਥੀਆਂ ਨੂੰ ਸਾਵਧਾਨੀਆਂ ਰੱਖਣ ਬਾਰੇ ਦੱਸ ਸਕਦੇ ਹਨ। ਜੇਈਈ ਤੇ ਨੀਟ ਦੇ ਇਮਤਿਹਾਨ ਵੀ ਵਾਰ ਵਾਰ ਅੱਗੇ ਪਾ ਕੇ ਅਨਿਸ਼ਚਿਤਤਾ, ਤਣਾਅ, ਡਰ ਵਾਲੀ ਹਾਲਤ ਬਣਾਉਣ ਦੀ ਥਾਂ ਇਹ ਇਮਤਿਹਾਨ ਹੁਣ ਬਿਨਾਂ ਦੇਰੀ ਤੋਂ ਲਏ ਜਾਣੇ ਚਾਹੀਦੇ ਹਨ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਐਨਐਸਯੂਆਈ ਇਕਾਈ ਵੱਲੋਂ ਸੁਖਨਾ ਝੀਲ ਤੋਂ ਲੈ ਕੇ 17 ਸੈਕਟਰ ਤੱਕ, ਤੇਲ ਦੀਆਂ ਵਧੀਆਂ ਕੀਮਤਾਂ ਵਿਰੁੱਧ ਸਾਇਕਲਾਂ ’ਤੇ ਰੈਲੀ ਕਰਨਾ ਵਧੀਆ ਉਪਰਾਲਾ ਲੱਗਿਆ।
ਸੋਹਣ ਲਾਲ ਗੁਪਤਾ, ਪਟਿਆਲਾ
ਖ਼ੁਦਕੁਸ਼ੀ ਬਨਾਮ ਮਨੁੱਖ
6 ਜੁਲਾਈ ਨੂੰ ਨਜ਼ਰੀਆ ਪੰਨੇ ਉੱਤੇ ਡਾ. ਸ਼ਿਆਮ ਸੁੰਦਰ ਦੀਪਤੀ ਨੇ ‘ਖ਼ੁਦਕੁਸ਼ੀ ਦਾ ਵਰਤਾਰਾ: ਮਨੁੱਖੀ ਵਿਕਾਸ ’ਤੇ ਪ੍ਰਸ਼ਨ ਚਿੰਨ੍ਹ’ ਵਿਚ ਮਨੁੱਖੀ ਸੁਭਾਅ ਬਾਰੇ ਜ਼ਿਕਰ ਕੀਤਾ ਹੈ। ਹਰ ਜੀਵ ਕੁਦਰਤ ਨਾਲ ਸੰਘਰਸ਼ ਕਰ ਕੇ ਆਪਣੇ ਰਹਿਣ ਲਈ ਥਾਂ ਬਣਾਉਂਦਾ ਹੈ ਅਤੇ ਜੀਵਨ ਨੂੰ ਸੁਖਾਲਾ ਬਣਾਉਣ ਲਈ ਹਰ ਸੰਭਵ ਯਤਨ ਕਰਦਾ ਹੈ। ਇਨਸਾਨ ਜਿਸ ਦਾ ਦਿਮਾਗ਼ ਸਾਰੇ ਦੂਜਿਆਂ ਜੀਵਾਂ ਤੋਂ ਉੱਤਮ ਮੰਨਿਆ ਗਿਆ ਹੈ, ਉਹ ਸਮਾਜ ਵਿਚ ਥਾਂ ਬਣਾਉਣ ਲਈ ਸੰਘਰਸ਼ ਕਰਦਾ ਹੈ ਪਰ ਜਦੋਂ ਅਸਫ਼ਲਤਾ ਦਾ ਮੂੰਹ ਦੇਖਣਾ ਪੈਂਦਾ ਤਾਂ ਨਿਰਾਸ਼ ਹੋ ਜਾਂਦਾ ਹੈ। ਇਹ ਨਿਰਾਸ਼ਾ ਮਨੁੱਖ ਦੀ ਜੀਣ ਦੀ ਲਾਲਸਾ ਨੂੰ ਖ਼ਤਮ ਕਰ ਦਿੰਦੀ ਹੈ। ਇਸ ਸਮੇਂ ਸਾਨੂੰ ਹਰਬਰਟ ਸਪੈਂਸਰ ਦਾ ਸਿਧਾਂਤ (Survival of the fittest) ਅਪਣਾਉਣਾ ਚਾਹੀਦਾ ਹੈ ਕਿ ਅਸੀਂ ਕਿਸੇ ਦੂਜੇ ਸ਼ਖ਼ਸ ਦੀ ਤੁਲਨਾ ਵਿਚ ਨਹੀਂ, ਸਗੋਂ ਆਪਣੇ ਵਿਚਾਰਾਂ, ਸਮਝ ਅਤੇ ਸਿਹਤ ਪ੍ਰਤੀ ਦੂਜਿਆਂ ਤੋਂ ਸਰਵੋਤਮ ਹੋਈਏ।
ਅਮਨਦੀਪ ਕੌਰ ਸੰਧੂ, ਪਟਿਆਲਾ
(2)
ਡਾ. ਸ਼ਿਆਮ ਸੁੰਦਰ ਦੀਪਤੀ ਨੇ ਖ਼ੁਦਕੁਸ਼ੀਆਂ ਦੇ ਸੰਵੇਦਨਸ਼ੀਲ ਮੁੱਦੇ ਬਾਰੇ ਲਿਖਿਆ ਹੈ। ਉਨ੍ਹਾਂ ਖ਼ੁਦਕੁਸ਼ੀਆਂ ਦੇ ਬਹੁਤ ਸਾਰੇ ਕਾਰਨਾਂ ਦਾ ਵਰਨਣ ਕੀਤਾ ਹੈ ਪਰ ਖ਼ੁਦਕੁਸ਼ੀਆਂ ਦੇ ਅਜੋਕੇ ਅਸਲੀ ਕਾਰਨਾਂ ਦਾ ਜ਼ਿਕਰ ਨਹੀਂ ਕੀਤਾ। ਅਸਲੀਅਤ ਇਹ ਹੈ ਕਿ ਅੱਜ ਦੇ ਦੌਰ ਵਿਚ ਵਧੇਰੇ ਖ਼ੁਦਕੁਸ਼ੀਆਂ ਸਰਕਾਰੀ-ਤੰਤਰ, ਗੁੰਡਾ-ਤੰਤਰ, ਘਟੀਆ ਸਿੱਖਿਆ ਤੇ ਸਿਹਤ ਸਹੂਲਤਾਂ, ਰਿਸ਼ਵਤਖੋਰੀ, ਰਾਖਵਾਂਕਰਨ, ਰਾਜਨੀਤੀ, ਭਾਈ-ਭਤੀਜਾਵਾਦ ਅਤੇ ਅਮੀਰੀ-ਗ਼ਰੀਬੀ ਦੇ ਪਾੜੇ ਕਾਰਨ ਹੋ ਰਹੀਆਂ ਹਨ। ਇਹ ਅਸਲ ਵਿਚ ਕਤਲ ਹਨ। ਖ਼ੁਦਕੁਸ਼ੀ ਦੀ ਹਰ ਖ਼ਬਰ ਵਿਚ ਕਾਰਨ ਲਿਖਿਆ ਹੁੰਦਾ ਹੈ ਕਿ ਫਲਾਣੇ ਲੀਡਰ ਤੋਂ ਤੰਗ ਆ ਕੇ ਕੀਤੀ ਖ਼ੁਦਕੁਸ਼ੀ, ਕਰਜ਼ੇ ਤੋਂ ਤੰਗ ਆ ਕੇ, ਬਿਮਾਰੀ ਤੋਂ ਤੰਗ ਆ ਕੇ, ਪੁਲੀਸ ਤੋਂ ਤੰਗ ਆ ਕੇ, ਨੌਕਰੀ ਨਾ ਮਿਲਣ ਕਾਰਨ, ਪ੍ਰੀਖਿਆ ਵਿਚ ਸਫ਼ਲ ਨਾ ਹੋਣ ’ਤੇ ਜਾਂ ਝੂਠੇ ਜਾਤੀਵਾਦ ਕੇਸ ਤੋਂ ਤੰਗ ਆ ਕੇ ਖ਼ੁਦਕਸ਼ੀ ਕੀਤੀ। ਜਦੋਂ ਹਰ ਅਣਆਈ ਮੌਤ ਲਈ ਜ਼ਿੰਮੇਵਾਰ ਕਾਤਲ ਖ਼ਬਰਾਂ ਵਿਚ ਦਰਸਾਏ ਜਾਂਦੇ ਹਨ ਤਾਂ ਇਹ ਹੱਤਿਆਵਾਂ ਖ਼ੁਦਕੁਸ਼ੀਆਂ ਕਿਵੇਂ ਹੋਈਆਂ?
ਵਿਨੋਦ ਗਰਗ, ਈਮੇਲ
ਕਿਰਤੀਆਂ ਦਾ ਹਾਲ
2 ਜੁਲਾਈ ਨੂੰ ਜਤਿੰਦਰ ਸਿੰਘ ਦਾ ਲੇਖ ‘ਨਾ ਝੰਗ ਛੁੱਟਿਆ ਨਾ ਕੰਟ ਪਾਟੇ…’ ਪੜ੍ਹਿਆ। ਇਸ ਵਿਚ ਲੇਖਕ ਨੇ ਹਿਜਰਤ ਕਰ ਰਹੇ ਕਿਰਤੀਆਂ ਦਾ ਪੱਖ ਉਭਾਰ ਕੇ ਸਵਾਲ ਕੀਤਾ ਹੈ ਕਿ ਉਸ ਮਾਨਸਿਕਤਾ ਲਈ ਆਖ਼ਿਰ ਕੌਣ ਜ਼ਿੰਮੇਵਾਰ ਹੈ ਜਿਸ ਕਾਰਨ ਉਨ੍ਹਾਂ ਲੌਕਡਾਊਨ ਦੌਰਾਨ ਪੈਦਲ ਆਪਣੇ ਘਰਾਂ ਨੂੰ ਜਾਣ ਲਈ ਚਾਲੇ ਪਾ ਦਿੱਤੇ ਸਨ? ਮੈਂ ਇਸ ਮੰਦਭਾਗੇ ਮੰਜ਼ਰ ਲਈ ਉਸ ਸੋਚ ਨੂੰ ਜ਼ਿੰਮੇਵਾਰ ਮੰਨਦਾ ਹਾਂ ਜਿਸ ਨੇ ਸਾਨੂੰ ਕੇਵਲ ਆਪਣੇ ਤਕ ਸੀਮਤ ਕਰ ਦਿੱਤਾ ਹੈ। ਅੱਜ ਦਾ ਕੌੜਾ ਸੱਚ ਇਹ ਹੈ ਕਿ ਅਸੀਂ ਆਪਣੇ ਫ਼ਾਇਦੇ ਲਈ ਕੁਝ ਵੀ ਕਰਨ ਲਈ ਤਿਆਰ ਹਾਂ। ਸਾਂਝੀਵਾਲਤਾ, ਆਪਸੀ ਭਾਈਚਾਰਾ, ਨੈਤਿਕ ਕਦਰਾਂ ਕੀਮਤਾਂ, ਕੰਮਕਾਰ ਦੇ ਅਸੂਲ, ਕੁਰਬਾਨੀ ਤੇ ਤਿਆਗ ਵਰਗੀਆਂ ਭਾਵਨਾਵਾਂ ਸਾਡੀ ਜ਼ਿੰਦਗੀ ’ਚੋਂ ਮਨਫ਼ੀ ਹੋ ਕੇਵਲ ਕਿਤਾਬਾਂ ਦਾ ਸ਼ਿੰਗਾਰ ਬਣ ਕੇ ਰਹਿ ਗਈਆਂ ਹਨ।
ਗਗਨਦੀਪ ਸਿੰਘ ਸਰਾਂ, ਮੁੱਲਾਂਪੁਰ
(2)
2 ਜੁਲਾਈ ਦੇ ਲੇਖ ‘ਨਾ ਝੰਗ ਛੁੱਟਿਆ ਨਾ ਕੰਨ ਪਾਟੇ…’ ਵਿਚ ਜਤਿੰਦਰ ਸਿੰਘ ਨੇ ਕਰੋਨਾ ਮਹਾਮਾਰੀ ਵਿਚੋਂ ਉਪਜੀ ਬਿਪਤਾ ਵਿਚ ਗ਼ਰੀਬਾਂ ਦੀ ਸਾਰ ਨਾ ਹੀ ਉਨ੍ਹਾਂ ਦੇ ਮਾਲਕਾਂ ਅਤੇ ਨਾ ਹੀ ਅਖੌਤੀ ਦੇਸ਼ ਭਗਤ ਸਰਕਾਰ ਵੱਲੋਂ ਲੈਣ ਬਾਰੇ ਜਾਇਜ਼ ਸਵਾਲ ਉਠਾਏ ਹਨ। ਸੱਚਮੁੱਚ ਸਰਕਾਰ ਤੇ ਇਸ ਦੇ ਸੱਜੇ-ਪੱਖੀ ਚੇਲਿਆਂ ਨੂੰ ਸਵਾਲ ਕਰਨਾ ਬਣਦਾ ਹੈ ਕਿ ਜਿਸ ਦੇਸ਼ ਭਗਤੀ ਨੂੰ ਤੁਸੀਂ ਗਾਨੇ ਵਾਂਗ ਗੁੱਟ ’ਤੇ ਸਜਾਈ ਫਿਰਦੇ ਹੋ, ਕੀ ਕਦੇ ਅਸਲ ਜ਼ਿੰਦਗੀ ਵਿਚ ਲੋੜਵੰਦਾਂ ਦੀ ਆਪ ਜਾਂ ਸਰਕਾਰੀ ਸਿਸਟਮ ਰਾਹੀਂ ਮਦਦ ਕੀਤੀ ਹੈ ਜਾਂ ਆਮ ਲੋਕ ਤੁਹਾਨੂੰ ਓਨੇ ਦੇਸ਼ ਭਗਤ ਨਜ਼ਰ ਨਹੀਂ ਆਉਂਦੇ? ਪਰ ਬਾਅਦ ਵਿਚ ਲੇਖਕ ਲੋਕਾਂ ਨੂੰ ਕਿਸੇ ਕ੍ਰਾਂਤੀ ਲਈ ਆਖ ਕੇ ਮੁੱਦੇ ਨੂੰ ਰਾਹੋਂ ਭਟਕਾ ਗਿਆ। ਜਿੰਨੇ ਦੇਸ਼ਾਂ ’ਚ ਵੀ ਇਹ ਕ੍ਰਾਂਤੀ ਆਈ, ਇਸ ਨੇ ਆਮ ਲੋਕਾਂ ਦੇ ਜੀਵਨ ਵਿਚ ਕੋਈ ਸਿਫ਼ਤੀ ਤਬਦੀਲੀ ਨਹੀਂ ਲਿਆਂਦੀ। ਜੇ ਕ੍ਰਾਂਤੀ ਦਾ ਮਕਸਦ ਗ਼ਰੀਬਾਂ ਦੀ ਆਰਥਿਕ ਹਾਲਤ ’ਚ ਸੁਧਾਰ ਹੈ ਤਾਂ ਇਹ ਗੱਲ ਸਪੱਸ਼ਟ ਹੋ ਜਾਣੀ ਚਾਹੀਦੀ ਹੈ ਕਿ ਇਹ ਸੁਧਾਰ ਖੱਬੇ ਪੱਖੀਆਂ ਦੁਆਰਾ ਸੁਝਾਏ ਤੇ ਪ੍ਰਚਾਰੇ ਜਾਂਦੇ ਆਰਥਿਕ/ਰਾਜਨੀਤਕ ਸਿਸਟਮ/ਢਾਂਚੇ ਨਾਲ ਬਿਲਕੁਲ ਵੀ ਹਾਸਿਲ ਨਹੀਂ ਹੋ ਸਕਦਾ। ਜੇ ਕ੍ਰਾਂਤੀ ਦਾ ਮਕਸਦ ਸਰਕਾਰ ਜਾਂ ਪੋਲਿਟ ਬਿਊਰੋ ਨੂੰ ਹੀ ਅਸੀਮ ਤਾਕਤ ਤੇ ਸ਼ਕਤੀਆਂ ਦਿਵਾਉਣਾ ਹੈ ਤਾਂ ਸਰਕਾਰ ਦੀ ਕਾਰਗੁਜ਼ਾਰੀ ਤੋਂ ਪਹਿਲਾਂ ਹੀ ਕਰੋਨਾ ਮਹਾਮਾਰੀ ਦੌਰਾਨ ਹੀ ਗ਼ਰੀਬਾਂ ਨਾਲ ਵਿਹਾਰ ਵਿਚੋਂ ਜੱਗ ਜ਼ਾਹਿਰ ਹੋ ਚੁੱਕੀ ਹੈ। ਸਮੁੱਚੇ ਆਰਥਿਕ ਢਾਂਚੇ ਨੂੰ ਹੰਢਣਸਾਰ ਬਣਾਉਣ ਵਾਸਤੇ ਪੱਛਮੀ ਦੇਸ਼ਾਂ ਦੁਆਰਾ ਅਪਣਾਏ ਤੇ ਵਿਕਸਤ ਕੀਤੇ ਆਰਥਿਕ ਸਿਸਟਮ, ਅਰਥਾਤ ਪੂੰਜੀਵਾਦ ਨੂੰ ਅਪਣਾ ਕੇ ਹੀ ਗ਼ਰੀਬ ਲੋਕਾਂ ਨੂੰ ਵੀ ਲੋੜੀਂਦੀਆਂ ਵਸਤਾਂ/ਸੇਵਾਵਾਂ ਮੁਹੱਈਆ ਕਰਵਾਈਆਂ ਜਾ ਸਕਦੀਆਂ ਹਨ।
ਬਲਜਿੰਦਰ ਸਿੰਘ ਰਾਏਸਰ, ਲਹਿਰਾ ਮੁਹੱਬਤ
(3)
ਜਤਿੰਦਰ ਸਿੰਘ ਦਾ ਲੇਖ ‘ਨਾ ਝੰਗ ਛੁੱਟਿਆ ਨਾ ਕੰਨ ਪਾਟੇ’ ਪੜ੍ਹਿਆ ਅਤੇ ਇਸ ਬਾਰੇ ਚਿੱਠੀਆਂ ਵੀ। ਇਹ ਸਮੱਗਰੀ ਪੜ੍ਹ ਕੇ ਡਾ. ਜੋਧ ਸਿੰਘ, ਖ਼ੁਸ਼ਵੰਤ ਸਿੰਘ ਦੀ ਯਾਦ ਆਈ। ਇਹ ਸਰਲ ਬੋਲੀ ਵਿਚ ਲਿਖਣ ’ਤੇ ਜ਼ੋਰ ਦਿੰਦੇ ਸਨ। ਮੈਂ ਗੁਜ਼ਾਰੇ ਜੋਗੀ ਪੰਜਾਬੀ ਪੜ੍ਹਿਆ ਹੋਇਆ ਹਾਂ, ਇਹ ਲੇਖ ਪੜ੍ਹ ਕੇ ਸਮਝਣਾ ਮੇਰੇ ਲਈ ਔਖਾ ਹੋ ਗਿਆ।
ਚਰਨਪਾਲ ਸਿੰਘ, ਈਮੇਲ