ਸ਼ਗਨ ਕਟਾਰੀਆ
ਜੈਤੋ, 17 ਜੁਲਾਈ
ਭਗਵੇਂ ਭੇਸ ’ਚ ਨੌਜਵਾਨ ਤਾਂਤਰਿਕ ਦਾ ਲੋਕਾਂ ਨੇ ਖੰਭੇ ਨਾਲ ਬੰਨ੍ਹ ਕੇ ਕੁਟਾਪਾ ਚਾੜ੍ਹਿਆ। ਉਸ ਨੇ ‘ਅੱਛੇ ਦਿਨਾਂ’ ਦੇ ਸੁਪਨੇ ਵਿਖਾ ਕੇ ਢਾਈ ਹਜ਼ਾਰੀ ‘ਗਿੱਦੜਸਿੰਗੀ’ ਸ਼ਹਿਰ ਦੇ ਇਕ ਨੌਜਵਾਨ ਨੂੰ ਮੜ੍ਹ ਦਿੱਤੀ ਸੀ।
ਪੱਤੇ ਉਦੋਂ ਖੁੱਲ੍ਹੇ ਜਦੋਂ ਨੌਜਵਾਨ ਘਰੇ ਬਾਪ ਕੋਲ ਪਹੁੰਚਿਆ। ਬਜ਼ੁਰਗ ਨੇ ਠੱਗ ਬਾਬੇ ਦੀ ਪੈੜ ਨਪਦਿਆਂ ਉਸ ਨੂੰ ਨਹਿਰੂ ਪਾਰਕ ਨੇੜੇ ਘੇਰ ਲਿਆ। ਉਸ ਦੇ ਗਲ ਲਟਕਾਏ ਝੋਲ਼ੇ ਦੀ ਤਲਾਸ਼ੀ ਲਈ ਤਾਂ ‘ਮੋਹਣੀ’ ਬਦਲੇ ਵਸੂਲੀ ਮਾਇਆ ਬਰਾਮਦ ਹੋ ਗਈ। ਬਜ਼ੁਰਗ ਨੇ ਰੌਲਾ ਪਾ ਕੇ ਬਾਜ਼ਾਰ ਇਕੱਠਾ ਕਰ ਲਿਆ ਅਤੇ ਲੋਕਾਂ ਨੇ ਫੜ ਕੇ ‘ਬਾਬੇ’ ਨੂੰ ਬਿਜਲੀ ਵਾਲੇ ਖੰਭੇ ਨਾਲ ਨੂੜ ਕੇ ਛਿਤਰੌਲ ਸ਼ੁਰੂ ਕਰ ਦਿੱਤੀ। ਭੀੜ ’ਚੋਂ ਕਿਸੇ ਵੱਲੋਂ ਸੂਚਨਾ ਦਿੱਤੇ ਜਾਣ ’ਤੇ ਪੁਲੀਸ ਨੇ ਉਸ ਨੂੰ ਭੀੜ ਤੋਂ ਬਚਾਇਆ ਤੇ ਥਾਣੇ ਲਿਜਾਇਆ ਗਿਆ। ਲੋਕਾਂ ਦੇ ਕੁਟਾਪੇ ਪਿੱਛੋਂ ਤਾਂਤਰਿਕ ਨੇ ਆਪਣਾ ਨਾਂ ਸੂਰਜ ਅਤੇ ਸ਼ਹਿਰ ਭਦੌੜ ਦੱਸਿਆ।