ਕੇ.ਪੀ ਸਿੰਘ
ਗੁਰਦਾਸਪੁਰ, 24 ਜੂਨ
ਇੱਟਾਂ ਦੇ ਭੱਠੇ ’ਤੇ ਪਾਣੀ ਜਮ੍ਹਾਂ ਕਰਨ ਲਈ ਪੁੱਟੇ ਗਏ ਟੋਏ ਵਿੱਚ ਡੁੱਬਣ ਨਾਲ ਚਾਚੀ- ਭਤੀਜੀ ਦੀ ਅੱਜ ਮੌਤ ਹੋ ਗਈ।ਮ੍ਰਿਤਕ ਬੱਚੀ ਦੀ ਦਾਦੀ ਦਲਬੀਰੋ ਵਾਸੀ ਪਿੰਡ ਗੁਣੀਆ ਨੇ ਦੱਸਿਆ ਕਿ ਉਸ ਦਾ ਪੂਰਾ ਪਰਿਵਾਰ ਪਿੰਡ ਝਾਵਰ ਵਿੱਚ ਇੱਟਾਂ ਦੇ ਭੱਠੇ ਤੇ ਮਜ਼ਦੂਰੀ ਕਰਦਾ ਹੈ। ਅੱਜ-ਕੱਲ੍ਹ ਭੱਠਾ ਬੰਦ ਹੋਣ ਕਾਰਨ ਉਹ ਨੇੜੇ ਦੇ ਖੇਤਾਂ ਵਿੱਚ ਝੋਨਾ ਲਗਾਉਣ ਦਾ ਕੰਮ ਕਰ ਰਹੇ ਹਨ।ਬਾਅਦ ਦੁਪਹਿਰ ਕਰੀਬ ਚਾਰ ਵਜੇ ਉਸ ਨੂੰ ਪਿੰਡ ਦੇ ਕੁੱਝ ਲੋਕਾਂ ਨੇ ਆਵਾਜ਼ ਦੇ ਕੇ ਬੁਲਾਇਆ ਅਤੇ ਦੱਸਿਆ ਕਿ ਉਸ ਦੀ ਪੋਤਰੀ ਮੁਸਕਾਨ (6) ਦਾ ਪੈਰ ਤਿਲ੍ਹਕਣ ਨਾਲ ਉਹ ਟੋਏ ਵਿੱਚ ਡਿਗ ਪਈ ਹੈ ਅਤੇ ਉਸ ਦੀ ਚਾਚੀ ਪੱਲਵੀ ਨੇ ਉਸ ਨੂੰ ਬਚਾਉਣ ਲਈ ਟੋਏ ਵਿੱਚ ਛਾਲ ਮਾਰ ਦਿੱਤੀ ਸੀ। ਟੋਇਆ ਡੂੰਘਾ ਹੋਣ ਕਾਰਨ ਨਾ ਤਾਂ ਉਹ ਮੁਸਕਾਨ ਨੂੰ ਬਚਾ ਸਕੀ ਅਤੇ ਨਾ ਹੀ ਖ਼ੁਦ ਨੂੰ ਬਚਾ ਸਕੀ। ਨੇੜੇ ਦੇ ਲੋਕਾਂ ਨੇ ਉਨ੍ਹਾਂ ਨੂੰ ਬਾਹਰ ਕੱਢਿਆ ਤਾਂ ਉਨ੍ਹਾਂ ਦੀ ਮੌਤ ਹੋ ਚੁੱਕੀ ਸੀ। ਮੁਸਕਾਨ ਪੱਲਵੀ ਦੀ ਗੋਦ ਲਈ ਬੱਚੀ ਸੀ। ਗੋਦ ਲੈਣ ਤੋਂ ਬਾਅਦ ਪੱਲਵੀ ਦੇ ਘਰ ਦੋ ਬੇਟਿਆਂ ਨੇ ਜਨਮ ਲਿਆ ਜਿਨ੍ਹਾਂ ਵਿੱਚੋਂ ਇੱਕ ਤਿੰਨ ਸਾਲ ਦਾ ਹੈ ਜਦ ਕਿ ਦੂਸਰਾ ਇੱਕ ਸਾਲ ਦਾ ਹੈ।ਥਾਣਾ ਸਦਰ ਦੇ ਮੁਖੀ ਜਤਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਮੌਕਾ ਵੇਖ ਲਿਆ ਹੈ ਅਤੇ ਪੀੜਤ ਪਰਿਵਾਰ ਦਾ ਬਿਆਨ ਲੈਣ ਮਗਰੋਂ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ ।