ਗਗਨਦੀਪ ਅਰੋੜਾ
ਲੁਧਿਆਣਾ, 17 ਜੁਲਾਈ
ਲਾਡੋਵਾਲ ਪੁਲ ਦੇ ਨੇੜੇ ਅੱਜ ਸਵੇਰੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਜਾ ਰਹੇ ਜੋੜੇ ਦੀ ਟਰੱਕ ਨਾਲ ਟੱਕਰ ਹੋ ਗਈ। ਇਸ ਹਾਦਸੇ ’ਚ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ, ਜਦੋਂ ਕਿ ਉਸ ਦੇ ਪਿੱਛੇ ਬੈਠੀ ਔਰਤ ਜ਼ਖਮੀ ਹੋ ਗਈ। ਸਿਵਲ ਹਸਪਤਾਲ ਵਿੱਚ ਉਸ ਦੀ ਹਾਲਤ ਨੂੰ ਦੇਖਦੇ ਹੋਏ ਡਾਕਟਰਾਂ ਨੇ ਉਸ ਨੂੰ ਚੰਡੀਗੜ੍ਹ ਰੈਫ਼ਰ ਕਰ ਦਿੱਤਾ। ਉਧਰ, ਥਾਣਾ ਲਾਡੋਵਾਲ ਪੁਲੀਸ ਨੇ ਟਰੱਕ ਚਾਲਕ ਦੇ ਖਿਲਾਫ਼ ਕੇਸ ਦਰਜ ਕਰ ਲਿਆ ਹੈ। ਮ੍ਰਿਤਕ ਦੀ ਪਛਾਣ ਗੁਰਜੀਤ ਸਿੰਘ ਵਜੋਂ ਹੋਈ ਹੈ। ਥਾਣਾ ਲਾਡੋਵਾਲ ਦੇ ਐੱਸਐਚਓ ਬਲਵਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਤਲਵਨ ਵਾਸੀ ਗੁਰਜੀਤ ਸਿੰਘ ਆਪਣੇ ਘਰ ਲੁਧਿਆਣਾ ਲਈ ਨਿਕਲੇ ਸਨ। ਪਿੰਡ ਵਾਸੀ ਸੁਰਿੰਦਰ ਕੌਰ ਪਿੰਡ ਹੁਸੈਨਪੁਰ ਸਥਿਤ ਇੱਕ ਫੈਕਟਰੀ ’ਚ ਕੰਮ ਕਰਦੀ ਹੈ। ਇਸ ਲਈ ਉਹ ਗੁਰਜੀਤ ਸਿੰਘ ਦੇ ਮੋਟਰਸਾਈਕਲ ਦੇ ਪਿੱਛੇ ਬੈਠ ਗਈ। ਜਿਵੇਂ ਹੀ ਦੋਵੇਂ ਲਾਡੋਵਾਲ ਪੁਲ ਕੋਲ ਪੁੱਜੇ ਤਾਂ ਉਨ੍ਹਾਂ ਦਾ ਮੋਟਰਸਾਈਕਲ ਟਰੱਕ ਨਾਲ ਟਕਰਾ ਗਿਆ। ਇਸ ਹਾਦਸੇ ’ਚ ਗੁਰਜੀਤ ਸਿੰਘ ਦੀ ਥੱਲੇ ਡਿੱਗਣ ਨਾਲ ਮੌਤ ਹੋ ਗਈ, ਜਦੋਂ ਕਿ ਸੁਰਿੰਦਰ ਕੌਰ ਜ਼ਖਮੀ ਹੋ ਗਈ। ਹਾਦਸਾ ਸਵੇਰੇ ਲਗਪਗ ਸਾਢੇ ਕੁ 8 ਵਜੇ ਵਾਪਰਿਆ। ਮੌਕੇ ’ਤੇ ਹਾਜ਼ਰ ਲੋਕਾਂ ਨੇ ਟਰੱਕ ਚਾਲਕ ਨੂੰ ਕਾਬੂ ਕਰ ਲਿਆ। ਥਾਣਾ ਲਾਡੋਵਾਲ ਦੀ ਪੁਲੀਸ ਨੇ ਟਰੱਕ ਨੂੰ ਕਾਬੂ ਕਰਕੇ ਚਾਲਕ ਖਿਲਾਫ਼ ਕੇਸ ਦਰਜ ਕਰ ਲਿਆ ਹੈ।
ਦੋ ਸੜਕ ਹਾਦਸਿਆਂ ਵਿੱਚ ਇੱਕ ਦੀ ਮੌਤ
ਲੁਧਿਆਣਾ (ਨਿੱਜੀ ਪੱਤਰ ਪੇਰਕ):ਸੜਕ ਹਾਦਸਿਆਂ ਦੌਰਾਨ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ ਜਦਕਿ ਦੂਜੇ ਹਾਦਸੇ ਵਿੱਚ ਇੱਕ ਰਾਹਗੀਰ ਜ਼ਖ਼ਮੀ ਹੋ ਗਿਆ। ਇੰਦਰਾ ਕਾਲੋਨੀ ਤਾਜਪੁਰ ਰੋਡ ਵਾਸੀ ਜਗਤਾਰ ਸਿੰਘ ਨੇ ਦੱਸਿਆ ਕਿ ਉਸ ਦਾ ਲੜਕਾ ਸੰਨੀ (27 ਸਾਲ) ਦੁਪਹਿਰ ਸਮੇਂ ਆਪਣੇ ਮੋਟਰਸਾਈਕਲ ’ਤੇ ਐੱਨਆਰਆਈ ਥਾਣੇ ਵੱਲ ਜਾ ਰਿਹਾ ਸੀ। ਜਦੋਂ ਉਹ ਸੈਕਟਰ 39 ਦੇ ਸਰਕਾਰੀ ਸਕੂਲ ਨੇੜੇ ਪੁੱਜਾ ਤਾਂ ਤੇਜ਼ ਰਫ਼ਤਾਰ ਛੋਟੇ ਹਾਥੀ ਨੇਟੱਕਰ ਮਾਰੀ ਜਿਸ ਨਾਲ ਉਹ ਜ਼ਖ਼ਮੀ ਹੋ ਗਿਆ। ਇਕਾਈ ਹਸਪਤਾਲ ਲਿਜਾਣ ਤੋਂ ਕੁਝ ਸਮੇਂ ਬਾਅਦ ਉਸ ਦੀ ਮੌਤ ਹੋ ਗਈ। ਜਾਂਚ ਅਧਿਕਾਰੀ ਰਾਜੇਸ਼ ਕੁਮਾਰ ਨੇ ਦੱਸਿਆ ਹੈ ਕਿ ਪੁਲੀਸ ਨੇ ਛੋਟਾ ਹਾਥੀ ਨੰਬਰ ਪੀਬੀ 10 ਐੱਫਵੀ 3024 ਦੇ ਚਾਲਕ ਗੁਰਦੀਪ ਸਿੰਘ ਵਾਸੀ ਪਿੰਡ ਬੱਚੋਵਾਲ ਜਲੰਧਰ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਊਧਰ ਥਾਣਾ ਕੂੰਮ ਕਲਾਂ ਇਲਾਕੇ ਵਿੱਚ ਪੁਰਾਣਾ ਬਾਜ਼ਾਰ ਸਾਹਨੇਵਾਲ ਵਾਸੀ ਨਵਦੀਪ ਪਾਠਕ ਨੇ ਦੱਸਿਆ ਕਿ ਉਹ ਭੈਰੋਮੁੰਨਾ ਰੋਡ ’ਤੇ ਆਪਣੀ ਪਤਨੀ ਸਮੇਤ ਸੈਰ ਕਰ ਰਿਹਾ ਸੀ ਤਾਂ ਕਾਰ ਚਾਲਕ ਨੇ ਉਸ ਵਿੱਚ ਪਿੱਛੋਂ ਦੀ ਟੱਕਰ ਮਾਰੀ ਜਿਸ ਨਾਲ ਉਹ ਜ਼ਖ਼ਮੀ ਹੋ ਗਿਆ। ਕਾਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਜਾਂਚ ਅਧਿਕਾਰੀ ਰਣਧੀਰ ਚੰਦ ਨੇ ਦੱਸਿਆ ਕਿ ਪੁਲੀਸ ਵੱਲੋਂ ਕਾਰ ਚਾਲਕ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।