ਵਿਕਾਸ ਅਤੇ ਬੇਰੁਜ਼ਗਾਰੀ
28 ਜੁਲਾਈ ਦੇ ਅੰਕ ਵਿਚ ਡਾ. ਰਾਜੀਵ ਖੋਸਲਾ ਨੇ ਆਪਣੇ ਲੇਖ ‘ਕਰੋਨਾ ਅਤੇ ਭਾਰਤੀ ਆਰਥਿਕਤਾ ਦੇ ਹਾਲਾਤ’ ਵਿਚ ਇਹ ਠੀਕ ਲਿਖਿਆ ਹੈ ਕਿ ਕਰੋਨਾ ਸੰਕਟ ਆਉਣ ਤੋਂ ਪਹਿਲਾਂ ਸਾਡੇ ਦੇਸ਼ ਵਿਚ ਬੇਰੁਜ਼ਗਾਰੀ ਸਿਖ਼ਰ ’ਤੇ ਸੀ। ਹੁਣ ਜਿੱਥੇ ਜੀਡੀਪੀ ਦੀ ਵਿਕਾਸ ਦਰ ਦਿਨੋ-ਦਿਨ ਡਿੱਗ ਰਹੀ ਹੈ, ਉੱਥੇ ਬੇਰੁਜ਼ਗਾਰੀ ਨਵੀਆਂ ਉਚਾਈਆਂ ਛੂਹ ਰਹੀ ਹੈ। ਵਧ ਰਹੀ ਬੇਰੁਜ਼ਗਾਰੀ ਅਤੇ ਅਸਮਾਨਤਾ ਲੋਕਾਂ ਨੂੰ ਵਿਦਰੋਹ ਦੇ ਰਾਹ ਤੋਰੇਗੀ। ਇਸੇ ਦਿਨ ਜੋਧ ਸਿੰਘ ਮੋਗਾ ਦਾ ਮਿਡਲ ‘ਮਨ ਤਕੜਾ ਚਾਹੀਦਾ’ ਵੀ ਵਧੀਆ ਲੱਗਿਆ। 23 ਜੁਲਾਈ ਦੇ ਸੰਪਾਦਕੀ ‘ਜਮਹੂਰੀ ਅਧਿਕਾਰਾਂ ਦੇ ਮਸਲੇ’ ਵਿਚ ਜਮਹੂਰੀ ਅਧਿਕਾਰਾਂ ਬਾਰੇ ਠੀਕ ਲਿਖਿਆ ਹੈ ਕਿ ਸਰਕਾਰ ਨੂੰ ਸੰਵਿਧਾਨਕ ਤੌਰ ’ਤੇ ਲੋਕਾਂ ਦੇ ਵੱਖ ਵੱਖ ਸਮੂਹਾਂ ਪ੍ਰਤੀ ਕਾਨੂੰਨੀ ਬਰਾਬਰੀ ਅਨੁਸਾਰ ਵਿਹਾਰ ਕਰਨਾ ਚਾਹੀਦਾ ਹੈ। ਸਰਕਾਰ ਆਪਣੀ ਪਾਰਟੀ ਦੇ ਲੋਕਾਂ ਨੂੰ ਵਿਰੋਧ ਪ੍ਰਦਰਸ਼ਨ ਕਰਨ ਦੀ ਇਜਾਜ਼ਤ ਦੇ ਰਹੀ ਹੈ ਪਰ ਜੇ ਵਿਰੋਧੀ ਪਾਰਟੀਆਂ ਅਜਿਹਾ ਕਰਦੀਆਂ ਹਨ ਤਾਂ ਉਨ੍ਹਾਂ ’ਤੇ ਕੇਸ ਦਰਜ ਕੀਤੇ ਜਾ ਰਹੇ ਹਨ। ਸਰਕਾਰ ਵੱਲੋਂ ਵਿਰੋਧ ਪ੍ਰਦਰਸ਼ਨ ਉੱਪਰ ਪਾਬੰਦੀ ਲਾਉਣ ਦੀ ਕੋਈ ਤੁਕ ਨਹੀਂ ਬਣਦੀ।
ਗੁਰਚਰਨ ਖੇਮੋਆਣਾ, ਬਠਿੰਡਾ
ਪੈਸਾ ਬਨਾਮ ਸੇਵਾ
25 ਜੁਲਾਈ ਨੂੰ ਨਜ਼ਰੀਆ ਪੰਨੇ ਉੱਤੇ ਵਿਜੈ ਕੁਮਾਰ ਦੀ ਰਚਨਾ ‘ਬਾਹਰ ਵਾਲੇ ਰੱਬ’ ਪੜ੍ਹੀ। ਲੇਖਕ ਨੇ ਬਹੁਤ ਵਧੀਆ ਸੰਦੇਸ਼ ਦਿੱਤਾ ਹੈ। ਜਿੱਥੇ ਇਕ ਪਾਸੇ ਬਹੁਤ ਸਾਰੇ ਲੋਕਾਂ ਦਾ ਮਕਸਦ ਪੈਸਾ ਕਮਾਉਣਾ ਰਹਿ ਗਿਆ ਹੈ, ਦੂਜੇ ਪਾਸੇ ਅਜਿਹੇ ਲੋਕ ਵੀ ਹਨ ਜੋ ਬਿਨਾਂ ਸਵਾਰਥ ਲੋਕਾਂ ਦੀ ਸੇਵਾ ਕਰਦੇ ਹਨ। ਅਜਿਹੇ ਲੋਕ ਸੱਚਮੁੱਚ ਰੱਬ ਹਨ।
ਰਮਨ ਕੁਮਾਰ ਕੁਕਰੇਜਾ, ਪਿੰਡ ਮੁਬਾਰਕਪੁਰ (ਮੁਹਾਲੀ)
ਨੌਜਵਾਨਾਂ ਲਈ ਮਿਸਾਲ
23 ਜੁਲਾਈ ਨੂੰ ਪੰਨਾ ਦੋ ਉੱਤੇ ਨਸ਼ਿਆਂ ਦੀ ਦਲਦਲ ਵਿਚੋਂ ਨਿਕਲੇ ਨੌਜਵਾਨ ਦੀ ਕਹਾਣੀ ‘ਇੱਛਾ ਸ਼ਕਤੀ ਨਾਲ ਧੁਰ ਦਰਗਾਹੋਂ ਮੁੜਿਆ ਜਸਵੀਰ’ ਪੜ੍ਹੀ। ਨਸ਼ਿਆਂ ਨੇ ਪੰਜਾਬ ਦੀ ਜਵਾਨੀ ਨੂੰ ਖ਼ਤਮ ਕਰ ਦਿੱਤਾ ਹੈ। ਆਏ ਦਿਨ ਅਖ਼ਬਾਰਾਂ ਵਿਚ ਖ਼ਬਰਾਂ ਪੜ੍ਹਨ ਨੂੰ ਮਿਲਦੀਆਂ ਹਨ ਕਿ ਫਲਾਣੇ ਪਿੰਡ ਦਾ ਨੌਜਵਾਨ ਚਿੱਟੇ ਦੀ ਭੇਟ ਚੜ੍ਹਿਆ। ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਇੱਟਾਂ ਵਾਲੀ ਦਾ ਨੌਜਵਾਨ ਜਸਵੀਰ ਕਿਸ ਤਰ੍ਹਾਂ ਨਸ਼ਿਆਂ ਦੀ ਦਲਦਲ ਤੋਂ ਵਾਪਸ ਆਇਆ ਹੈ, ਇਹ ਹੋਰ ਨੌਜਵਾਨਾਂ ਲਈ ਪ੍ਰੇਰਨਾ ਵਾਲੀ ਕਹਾਣੀ ਹੈ।
ਸੰਜੀਵ ਸਿੰਘ ਸੈਣੀ, ਮੁਹਾਲੀ
(2)
ਹਰ ਰੋਜ਼ ਨਸ਼ੇ ਨਾਲ ਹੋਈਆਂ ਦੁਖਦਾਈ ਘਟਨਾਵਾਂ ਹੀ ਪੜ੍ਹਨ ਨੂੰ ਮਿਲ ਰਹੀਆਂ ਸਨ। 23 ਜੁਲਾਈ ਵਾਲੀ ਖ਼ਬਰ ਪੜ੍ਹ ਕੇ ਚੰਗਾ ਲੱਗਾ ਕਿ ਨੌਜਵਾਨ ਦੇ ਮਾਪਿਆਂ ਨੇ ਉਸ ਦੀ ਬਾਂਹ ਫੜ ਕੇ ਚੰਗੀ ਮਿਸਾਲ ਪੇਸ਼ ਕੀਤੀ ਹੈ। ਜਸਵੀਰ ਨੇ ਵੀ ਜ਼ਿੰਦਾ-ਦਿਲੀ ਦੀ ਮਿਸਾਲ ਕਾਇਮ ਕੀਤੀ ਹੈ। ਹੁਣ ਜਸਵੀਰ ਦਾ ਅਗਲਾ ਕਦਮ ਇਹ ਹੈ ਕਿ ਇਸ ਮਨੋਬਲ ਨੂੰ ਡਿੱਗਣ ਨਹੀਂ ਦੇਣਾ। ਮਾਪੇ ਬਹੁਤ ਮਾਣ ਨਾਲ ਕਹਿੰਦੇ ਹੋਣਗੇ ਕਿ ਉਨ੍ਹਾਂ ਦੇ ਪੁੱਤਰ ਨੇ ਵਧੀਆ ਕਦਮ ਚੁੱਕਿਆ ਹੈ। 25 ਜੁਲਾਈ ਨੂੰ ਪ੍ਰਿੰ. ਵਿਜੈ ਕੁਮਾਰ ਦਾ ਮਿਡਲ ‘ਬਾਹਰ ਵਾਲੇ ਰੱਬ’ ਵਧੀਆ ਲੱਗਾ। ਵਿਦਿਆਰਥੀ ਜੋ ਸਿਰਫ਼ ਗ਼ਰੀਬੀ ਕਾਰਨ ਪੜ੍ਹਾਈ ਛੱਡਣ ਨੂੰ ਮਜਬੂਰ ਹੁੰਦੇ ਹਨ, ਉਨ੍ਹਾਂ ਦੀ ਮਦਦ ਕਰਨਾ ਬਹੁਤ ਵਧੀਆ ਗੱਲ ਹੈ। ਅਜਿਹੀ ਮਦਦ ਕਰਨ ਵਾਲੇ ਇਨ੍ਹਾਂ ਰੱਬ ਵਰਗੇ ਬੰਦਿਆਂ ਨੂੰ ਸਲਾਮ!
ਪੁਸ਼ਪਿੰਦਰ ਜੀਤ ਕੌਰ, ਚੰਡੀਗੜ੍ਹ
ਅਣਐਲਾਨੀ ਐਮਰਜੈਂਸੀ
23 ਜੁਲਾਈ ਦੀ ਸੰਪਾਦਕੀ ‘ਜਮਹੂਰੀ ਅਧਕਿਾਰਾਂ ਦੇ ਮਸਲੇ’ ਤੋਂ ਸਪੱਸ਼ਟ ਹੈ ਕਿ ਕਰੋਨਾ ਸੰਕਟ ਦੀ ਆੜ ਹੇਠ ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਲੋਕ ਸੰਘਰਸ਼ਾਂ ਨੂੰ ਦਬਾਉਣ ਲਈ ਲਾਈਆਂ ਜਾ ਰਹੀਆਂ ਪਾਬੰਦੀਆਂ ਦੇਸ਼ ਨੂੰ ਅਣਐਲਾਨੀ ਐਮਰਜੈਂਸੀ ਵੱਲ ਲਿਜਾ ਰਹੀਆਂ ਹਨ। ਇਤਿਹਾਸ ਗਵਾਹ ਹੈ ਕਿ ਪੰਜਾਬ ਦੇ ਲੋਕਾਂ ਨੇ ਅੰਗਰੇਜ਼ ਹਕੂਮਤ ਦੇ ਜ਼ੁਲਮਾਂ, ਪਾਬੰਦੀਆਂ ਅਤੇ ਕਾਲੇ ਕਾਨੂੰਨਾਂ ਦਾ ਡਟ ਕੇ ਵਿਰੋਧ ਕੀਤਾ ਸੀ। ਕਿਸਾਨ-ਮਜ਼ਦੂਰ-ਮੁਲਾਜ਼ਮ ਸੰਗਠਨਾਂ ਦੇ ਸੰਘਰਸ਼ਾਂ ਅੱਗੇ ਮੌਜੂਦਾ ਹਕੂਮਤਾਂ ਦੀਆਂ ਪਾਬੰਦੀਆਂ ਅਤੇ ਝੂਠੇ ਕੇਸ ਵੀ ਜ਼ਿਆਦਾ ਦੇਰ ਨਹੀਂ ਟਿਕ ਸਕਣਗੇ। ਇਸ ਤੋਂ ਪਹਿਲਾਂ 22 ਜੁਲਾਈ ਦੀ ਸੰਪਾਦਕੀ ‘ਬੈਂਕਾਂ ਦੇ ਕਰਜ਼ੇ’ ਵਿਚ ਇਹ ਤੱਥ ਬਿਲਕੁਲ ਸਹੀ ਬਿਆਨ ਕੀਤਾ ਗਿਆ ਹੈ ਕਿ ਬੈਂਕਾਂ ਦੇ ਕਰਜ਼ੇ ਡੁੱਬਣ ਅਤੇ ਬੈਂਕ ਘੁਟਾਲਿਆਂ ਦੇ ਦੋਸ਼ੀਆਂ ਦੇ ਭਗੌੜੇ ਹੋਣ ਪਿੱਛੇ ਬੈਂਕ ਅਧਿਕਾਰੀਆਂ, ਭ੍ਰਿਸ਼ਟ ਸਿਆਸਤਦਾਨਾਂ, ਪੂੰਜੀਪਤੀ ਵਪਾਰੀਆਂ ਅਤੇ ਖ਼ੁਦ ਹਾਕਮ ਜਮਾਤਾਂ ਦੀ ਆਪਸੀ ਮਿਲੀਭੁਗਤ ਸ਼ਾਮਿਲ ਹੁੰਦੀ ਹੈ। ਬੈਂਕਾਂ ਦੀਆਂ ਮੁਲਾਜ਼ਮ ਜਥੇਬੰਦੀਆਂ ਦੇ ਨਾਲ ਨਾਲ ਦੇਸ਼ ਦੀ ਜਨਤਾ ਨੂੰ ਮੋਦੀ ਸਰਕਾਰ ਦੀ ਇਸ ਨੰਗੀ ਚਿੱਟੀ ਲੁੱਟ ਦੇ ਖ਼ਿਲਾਫ਼ ਦੇਸ਼ ਪੱਧਰ ’ਤੇ ਅੰਦੋਲਨ ਵਿੱਢਣ ਦੀ ਲੋੜ ਹੈ।
ਸੁਮੀਤ ਸਿੰਘ, ਅੰਮ੍ਰਿਤਸਰ
ਪੂੰਜੀਪਤੀਆਂ ਦੀ ਤਾਨਾਸ਼ਾਹੀ
23 ਜੁਲਾਈ ਦਾ ਸੰਪਾਦਕੀ ‘ਜਮਹੂਰੀ ਅਧਿਕਾਰਾਂ ਦੇ ਮਸਲੇ’ ਸਮੇਂ ਮੁਤਾਬਿਕ ਬੜਾ ਢੁਕਵਾਂ ਹੈ। ਉਂਜ ਜੇ ਦੇਖਿਆ ਜਾਵੇ ਤਾਂ ਹਰ ਆਰਥਿਕ ਸੰਕਟ ਵਿਚੋਂ ਬਾਹਰ ਨਿਕਲਣ ਲਈ ਸਰਮਾਏਦਾਰੀ ਸਦਾ ਲਈ ਮਨੁੱਖੀ ਅਧਿਕਾਰਾਂ ਉੱਪਰ ਛਾਪੇ ਮਾਰਦੀ ਆਈ ਹੈ ਅਤੇ ਮਾਰ ਰਹੀ ਹੈ। 2014 ਤੋਂ ਕੇਂਦਰੀ ’ਚ ਭਾਜਪਾ ਦੀ ਅਗਵਾਈ ਵਾਲੀ ਐੱਨਡੀਏ ਸਰਕਾਰ ਤੋਂ ਪਹਿਲਾਂ ਵੀ ਨਵੀਆਂ ਆਰਥਿਕ ਨੀਤੀਆਂ ਉਦਾਰੀਕਰਨ, ਨਿੱਜੀਕਰਨ ਤੇ ਵਿਸ਼ਵੀਕਰਨ ਲਾਗੂ ਕਰਨ ਲਈ ਮਿਹਨਤਕਸ਼ ਲੋਕਾਂ ਦੇ ਜਮਹੂਰੀ ਹੱਕ ਖੋਹੇ ਗਏ। 2014 ਤੋਂ ਬਾਅਦ ਤਾਂ ਮਨੁੱਖੀ ਅਧਿਕਾਰਾਂ ਦਾ ਘਾਣ ਅਤੇ ਲੋਕਾਂ ਦੇ ਜਮਹੂਰੀ ਹੱਕ ਖੋਹਣ ਦਾ ਤਾਂ ਜਿਵੇਂ ਹੜ੍ਹ ਹੀ ਆ ਗਿਆ ਹੋਵੇ। ਕਿਰਤੀਆਂ ਲਈ ਬਣੇ ਕਿਰਤ ਕਾਨੂੰਨ ਖ਼ਤਮ ਕਰ ਦਿੱਤੇ, ਕਿਸਾਨੀ ਨੂੰ ਉਨ੍ਹਾਂ ਦੀਆਂ ਜਿਣਸਾਂ ਦੇ ਸਹੀ ਭਾਅ ਤਾਂ ਕੀ ਦੇਣੇ ਸਨ, ਆਰਡੀਨੈਂਸ ਜਾਰੀ ਕਰ ਕੇ ਕਿਸਾਨੀ ਨੂੰ ਸੜਕਾਂ ’ਤੇ ਲਿਆ ਖੜ੍ਹਾ ਕਰ ਦਿੱਤਾ। ਜ਼ਾਹਿਰ ਹੈ ਕਿ ਸਰਕਾਰ ਕਰੋਨਾ ਨੂੰ ਨਹੀਂ ਲੋਕਾਂ ਨੂੰ ਦਬਾਉਣਾ ਚਾਹੁੰਦੀ ਹੈ। ਇਹ ਜਮਹੂਰੀਅਤ ਨਹੀਂ, ਪੂੰਜੀਪਤੀਆਂ ਦੀ ਤਾਨਾਸ਼ਾਹੀ ਹੈ।
ਪਵਨ ਕੁਮਾਰ ਕੌਸ਼ਲ, ਦੋਰਾਹਾ (ਲੁਧਿਆਣਾ)
ਚਿਹਰੇ-ਮੁਹਰੇ
23 ਜੁਲਾਈ ਨੂੰ ਨਜ਼ਰੀਆ ਪੰਨੇ ’ਤੇ ਛਪਿਆ ਮਿਡਲ ‘ਬਾਪੂ ਦਾ ਵਿਆਹ’ ਵਿਚ ਲੇਖਕ ਪਾਲੀ ਰਾਮ ਬਾਂਸਲ ਨੇ ਵਿਅੰਗਮਈ ਢੰਗ ਲਾਲ ਹੱਡਬੀਤੀ ਸੁਣਾਈ ਹੈ। ਕਈ ਵਾਰ ਅਸੀਂ ਕਿਸੇ ਇਨਸਾਨ ਦੇ ਚਿਹਰੇ-ਮੁਹਰੇ ਨੂੰ ਦੇਖ ਕੇ ਉਸ ਬਾਰੇ ਅੰਦਾਜ਼ੇ ਲਗਾ ਲੈਂਦੇ ਹਾਂ ਤੇ ਇਹ ਅੰਦਾਜ਼ੇ ਗ਼ਲਤ ਨਿਕਲਣ ’ਤੇ ਗੱਲ ਹੋਰ ਦੀ ਹੋਰ ਬਣ ਜਾਂਦੀ ਹੈ।
ਲਖਵੀਰ ਸਿੰਘ, ਪਿੰਡ ਉਦੇਕਰਨ (ਸ੍ਰੀ ਮੁਕਤਸਰ ਸਾਹਿਬ)