ਪੱਤਰ ਪ੍ਰੇਰਕ
ਨਵੀਂ ਦਿੱਲੀ, 12 ਜੂਨ
ਕਰੋਨਾ ਮਹਾਂਮਾਰੀ ਦੌਰਾਨ ਹੁਣ ਅਮੀਰ ਲੋਕ ਆਪਣੇ ਘਰਾਂ ਜਾਂ ਸੁਸਾਇਟੀਆਂ ਵਿੱਚ ਹੀ ਆਈਸੀਯੂ ਤੇ ਇਕਾਂਤਵਾਸ ਵਰਗੀਆਂ ਸਹੂਲਤਾਂ ਸਥਾਪਤ ਕਰਨ ਲੱਗੇ ਹਨ ਤੇ ਇਸ ਤਰ੍ਹਾਂ ਸਿਹਤ ਖੇਤਰ ਨਾਲ ਜੁੜੀਆਂ ਕੰਪਨੀਆਂ ਤੇ 5 ਸਿਤਾਰਾ ਹਸਪਤਾਲਾਂ ਦੀ ਚਾਂਦੀ ਬਣ ਗਈ ਹੈ। ਜੋ ਲੋਕ ਮਹਿੰਗੇ ਉਪਕਰਨ ਖਰੀਦ ਸਕਦੇ ਹਨ, ਉਨ੍ਹਾਂ ਵੱਲੋਂ ਆਪਣੇ ਨਿੱਜੀ ਪ੍ਰਬੰਧ ਕੀਤੇ ਜਾ ਰਹੇ ਹਨ। ਅਪੋਲੋ ਹਸਪਤਾਲ ਦੇ ਸੂਤਰਾਂ ਮੁਤਾਬਕ ਕਈਆਂ ਵੱਲੋਂ ਆਕਸੀਜਨ ਦੇ ਸਿਲੰਡਰ ਕਿਰਾਏ ਉਪਰ ਪ੍ਰਤੀ ਮਹੀਨਾ ਦੀ ਦਰ ਨਾਲ ਲਏ ਜਾ ਰਹੇ ਹਨ। ਇਕ ਆਈਸੀਯੂ ਕਮਰਾ ਘਰ ਵਿੱਚ ਤਿਆਰ ਕਰਨ ਦਾ ਕਰੀਬ ਡੇਢ ਲੱਖ ਰੁਪਏ ਖਰਚਾ ਹੁੰਦਾ ਹੈ ਤੇ ਇਕ ਕਮਰਾ 4-5 ਘੰਟੇ ਵਿੱਚ ਤਿਆਰ ਕੀਤਾ ਜਾ ਸਕਦਾ ਹੈ। ਕਈ ਨਿੱਜੀ ਹਸਪਤਾਲਾਂ ਵੱਲੋਂ ਘਰਾਂ ਵਿੱਚ ਹੀ ਇਲਾਜ ਦੀਆਂ ਸਹੂਲਤਾਂ ਨਰਸਾਂ ਸਮੇਤ ਦੇਣ ਦੇ ‘ਪੈਕਜ’ ਵੀ ਸ਼ੁਰੂ ਕੀਤੇ ਜਾ ਰਹੇ ਹਨ ਤੇ ਮੋਟੀ ਰਕਮ ਤੈਅ ਕੀਤੀ ਹੈ। ਕਈ ੍ਅਮੀਰ ਕਾਲੋਨੀਆਂ ਦੀਆਂ ਐਸੋਸੀਏਸ਼ਨਾਂ ਵੱਲੋਂ ਵੀ ਇਸ ਤਰ੍ਹਾਂ ਮਿਲ ਕੇ ਆਈਸੀਯੂ ਵਾਲੇ ਕਮਰੇ ਤਿਆਰ ਕੀਤੇ ਜਾ ਰਹੇ ਹਨ।
ਹਸਪਤਾਲਾਂ ਦੇ ਬਿਸਤਰਿਆਂ ’ਤੇ ਹੋਵੇਗੀ ਆਕਸੀਜਨ ਸਹੂਲਤ
ਦਿੱਲੀ ਸਰਕਾਰ ਨੇ ਵੱਧ ਰਹੀ ਮੌਤ ਦਰ ਤੇ ਮਰੀਜ਼ਾਂ ਦੇ ਪ੍ਰਬੰਧਾਂ ਦੇ ਦੋਸ਼ਾਂ ਦੇ ਮੱਦੇਨਜ਼ਰ ਕੋਵਿਡ ਸਮਰਪਿਤ ਹਸਪਤਾਲਾਂ ’ਚ ਸਾਰੇ ਬਿਸਤਰਿਆਂ ’ਤੇ ਆਕਸੀਜਨ ਦੀ ਸਹੂਲਤ ਦੇਣ ਦਾ ਫ਼ੈਸਲਾ ਕੀਤਾ ਹੈ। ਦਿੱਲੀ ਸਰਕਾਰ ਨੇ ਹਸਪਤਾਲਾਂ ਨੂੰ ਡੀਐੱਸਐੱਚਐੱਮ ਫੰਡਾਂ ਵਿਰੁੱਧ ਲੋੜੀਂਦੇ ਉਪਕਰਨ ਖਰੀਦਣ ਦਾ ਅਧਿਕਾਰ ਦਿੱਤਾ ਹੈ। ਦਿੱਲੀ ਸਰਕਾਰ ਵੱਲੋਂ ਜਾਰੀ ਕੀਤੇ ਗਏ ਆਦੇਸ਼ ਵਿੱਚ ਕਿਹਾ ਗਿਆ ਹੈ, “ਇਹ ਵੇਖਿਆ ਗਿਆ ਹੈ ਕਿ ਪਿਛਲੇ ਇੱਕ ਹਫ਼ਤੇ ਦਿੱਲੀ ਵਿੱਚ ਕੋਵਿਡ-19 ਮਾਮਲਿਆਂ ਵਿੱਚ ਵਾਧਾ ਹੋਇਆ ਹੈ ਨਤੀਜੇ ਵਜੋਂ ਆਈ.ਸੀ.ਯੂ. ਬੈੱਡਾਂ ਤੇ ਆਕਸੀਜਨ ਦੀ ਵਧੇਰੇ ਮੰਗ ਵਧੀ ਹੈ। ਇਹ ਫ਼ੈਸਲਾ ਲਿਆ ਗਿਆ ਹੈ ਕਿ ਸਾਰੇ ਹਸਪਤਾਲਾਂ ਦੇ ਬਿਸਤਰੇ ’ਤੇ ਆਕਸੀਜਨ ਦੀ ਸਹੂਲਤ ਦਿੱਲੀ ਸਰਕਾਰ ਦੇ ਕੋਵਿਡ ਹਸਪਤਾਲਾਂ ਵਿੱਚ ਉਪਲਬਧ ਹੋਵੇ।