ਗੁਰਨਾਮ ਸਿੰਘ ਚੌਹਾਨ
ਪਾਤੜਾਂ, 24 ਜੂਨ
ਕਰੋਨਾਵਾਇਰਸ ਤੋਂ ਲੋਕਾਂ ਨੂੰ ਬਚਾਉਣ ਲਈ ਕੈਪਟਨ ਸਰਕਾਰ ਨੇ ਮਾਸਕ ਪਹਿਨਣਾ ਬੇਹੱਦ ਲਾਜ਼ਮੀ ਕਰਾਰ ਦਿੱਤਾ ਹੈ ਪਰ ਲੋਕਾਂ ਵਿੱਚ ਹਾਲੇ ਜਾਗਰੂਕਤਾ ਦੀ ਵੱਡੀ ਘਾਟ ਨਜ਼ਰ ਆ ਰਹੀ ਹੈ ਜਿਸ ਨੂੰ ਧਿਆਨ ਵਿੱਚ ਰੱਖਦਿਆਂ ਸਿਵਲ ਇੰਜਨੀਅਰਿੰਗ ਪਾਸ ਇੱਕ ਨੌਜਵਾਨ ਸਾਰਾ ਦਿਨ ਧੁੱਪ ਵਿੱਚ ਖੜ੍ਹ ਕੇ ਹੱਥ ਵਿੱਚ ਤਖ਼ਤੀ ਫੜ ਲੋਕਾਂ ਨੂੰ ਮਾਸਕ ਪਹਿਨਣ ਦੀ ਦੁਹਾਈ ਦਿੰਦਾ ਹੋਇਆ ਦੇਖਿਆ ਜਾ ਸਕਦਾ ਹੈ। ਨੌਜਵਾਨ ਵੱਲੋਂ ਕੀਤੀ ਜਾ ਰਹੀ ਕੋਸ਼ਿਸ਼ ਦੀ ਚੇਤਨ ਦਿਮਾਗ਼ ਲੋਕਾਂ ਵੱਲੋਂ ਤਾਰੀਫ਼ ਵੀ ਕੀਤੀ ਜਾ ਰਹੀ ਹੈ।
ਲੋਕਾਂ ਨੂੰ ਮਾਸਕ ਪਹਿਨਣ ਦੀ ਅਪੀਲ ਕਰਨ ਲਈ ਪਿਛਲੇ ਚਾਰ ਦਿਨਾਂ ਤੋਂ ਤਖ਼ਤੀ ਫੜ ਕੇ ਸ਼ਹਿਰ ਦੇ ਸ਼ਹੀਦ ਭਗਤ ਸਿੰਘ ਚੌਕ ਵਿਚ ਧੁੱਪ ’ਚ ਖੜ੍ਹੇ ਹੋਣ ਵਾਲੇ ਨੌਜਵਾਨ ਅਭਿਨਵ ਭਾਰਤੀ ਨੇ ਦੱਸਿਆ ਕਿ ਕਰੋਨਾਵਾਇਰਸ ਕਾਰਨ ਹਰ ਪਾਸੇ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਪਰ ਸਾਡੇ ਲੋਕ ਹਾਲੇ ਵੀ ਇਸ ਨੂੰ ਪੂਰੀ ਗੰਭੀਰਤਾ ਨਾਲ ਨਹੀਂ ਲੈ ਰਹੇ ਜਿਸ ਕਰਕੇ ਬਿਮਾਰੀ ਦਾ ਲਗਾਤਾਰ ਵਧਣਾ ਜਾਰੀ ਹੈ।
ਉਨ੍ਹਾਂ ਦੱਸਿਆ ਕਿ ਬੀਟੈਕ ਦੀ ਪੜ੍ਹਾਈ ਮੁਕੰਮਲ ਹੋਣ ਮਗਰੋਂ ਉਹ ਦਿੱਲੀ ਵਿੱਚ ਇੱਕ ਪ੍ਰਾਈਵੇਟ ਕੰਪਨੀ ਵਿੱਚ ਸਿਵਲ ਇੰਜਨੀਅਰ ਦੀ ਨੌਕਰੀ ਕਰਦਾ ਸੀ ਪਰ ਲੌਕਡਾਉਨ ਕਾਰਨ ਉਸ ਦਾ ਕੰਮ ਬੰਦ ਹੋ ਗਿਆ ਜਿਸ ਮਗਰੋਂ ਉਹ ਆਪਣੇ ਘਰ ਆ ਗਿਆ। ਹੁਣ ਉਹ ਲੋਕਾਂ ਨੂੰ ਜਾਗਰੂਕ ਕਰਨ ਲਈ ਆਪਣੇ ਫ਼ਰਜ਼ ਦੀ ਪੂਰਤੀ ਕਰਦਿਆਂ ਧੁੱਪ ਵਿੱਚ ਖੜ੍ਹਾ ਹੋਣਾ ਉਸ ਨੂੰ ਕੋਈ ਬਹੁਤਾ ਔਖਾ ਕਾਰਜ ਨਹੀਂ ਲੱਗਦਾ ਕਿਉਂਕਿ ਉਹ ਆਪਣੀ ਨੌਕਰੀ ਦੌਰਾਨ ਵੀ ਸਾਰਾ ਦਿਨ ਧੁੱਪ ਵਿੱਚ ਖੜ੍ਹ ਕੇ ਮਜ਼ਦੂਰਾਂ ਕੋਲੋਂ ਕੰਮ ਕਰਵਾਉਂਦਾ ਸੀ।
ਸੜਕ ਕਿਨਾਰੇ ਤਖ਼ਤੀ ਲੈ ਕੇ ਖੜ੍ਹੇ ਨੌਜਵਾਨ ਦੀ ਲੰਘਣ ਵਾਲੇ ਰਾਹੀਆਂ ਵੱਲੋਂ ਜਿੱਥੇ ਹੌਸਲਾਅਫ਼ਜ਼ਾਈ ਕੀਤੀ ਜਾਂਦੀ ਹੈ ਉੱਥੇ ਹੀ ਡੀਐੱਸਪੀ ਪਾਤੜਾਂ ਭਰਪੂਰ ਸਿੰਘ ਵੀ ਚੌਕ ਵਿੱਚ ਪਹੁੰਚ ਕੇ ਨੌਜਵਾਨ ਵੱਲੋਂ ਕੀਤੇ ਜਾ ਰਹੇ ਕੰਮ ਦੀ ਤਾਰੀਫ਼ ਕਰ ਚੁੱਕੇ ਹਨ।
ਅਭਿਨਵ ਨੇ ਦੱਸਿਆ ਕਿ ਆਪਣੇ ਨਾਂ ਨਾਲ ਤਖੱਲਸ ਦੇ ਤੌਰ ’ਤੇ ਉਸ ਨੇ ਭਾਰਤੀ ਸ਼ਬਦ ਜੋੜਿਆ ਹੈ ਜੋ ਉਸ ਲਈ ਨਾ ਸਿਰਫ਼ ਮਾਣ ਵਾਲੀ ਗੱਲ ਹੈ ਸਗੋਂ ਉਸ ਨੂੰ ਆਪਣੇ ਫ਼ਰਜ਼ਾਂ ਪ੍ਰਤੀ ਅਵੇਸਲੇ ਨਾ ਹੋਣ ਦਾ ਸੁਨੇਹਾ ਵੀ ਦਿੰਦਾ ਹੈ। ਉਸ ਨੇ ਕਿਹਾ ਕਿ ਜਦੋਂ ਤੱਕ ਬਿਮਾਰੀ ਦਾ ਖਾਤਮਾ ਨਹੀਂ ਹੋ ਜਾਂਦਾ ਉਹ ਲੋਕਾਂ ਨੂੰ ਮਾਸਕ ਪਹਿਨਣ ਦਾ ਸੁਨੇਹਾ ਦੇਣ ਲਈ ਰੋਜ਼ ਚੌਕ ’ਚ ਖੜ੍ਹ ਕੇ ਲੋਕਾਂ ਨੂੰ ਇਸ ਮਹਾਮਾਰੀ ਪ੍ਰਤੀ ਜਾਗਰੂਕ ਕਰਦਾ ਰਹੇਗਾ।