ਮਿਹਰ ਸਿੰਘ
ਕੁਰਾਲੀ, 12 ਜੂਨ
ਇਥੋਂ ਦੇ ਰੂਪਨਗਰ ਮਾਰਗ ’ਤੇ ਸਰਕਾਰੀ ਸਕੂਲ (ਲੜਕੀਆਂ) ਦੇ ਨੇੜੇ ਮੁੱਖ ਸੜਕ ਉੱਪਰ ਖੁੱਲ੍ਹੇ ਸ਼ਰਾਬ ਦੇ ਠੇਕੇ ਨੂੰ ਸਕੂਲ ਨੇੜਿਓਂ ਹਟਾਉਣ ਦੀ ਮੰਗ ਤੇਜ਼ ਹੁੰਦੀ ਜਾ ਰਹੀ ਹੈ। ਇਸ ਠੇਕੇ ਨੂੰ ਹਟਾਉਣ ਲਈ ਸ਼ਹਿਰ ਵਾਸੀਆਂ ਵੱਲੋਂ ਬਹੁਜਨ ਸਮਾਜ ਪਾਰਟੀ ਦੇ ਸੂਬਾਈ ਸਕੱਤਰ ਰਾਜਿੰਦਰ ਸਿੰਘ ਰਾਜਾ ਨਨਹੇੜੀਆਂ ਦੀ ਅਗਵਾਈ ਵਿੱਚ ਐੱਸਡੀਐੱਮ (ਖਰੜ) ਹਿਮਾਸ਼ੂ ਜੈਨ ਨਾਲ ਮੁਲਾਕਾਤ ਕੀਤੀ ਗਈ ਅਤੇ ਸ਼ਰਾਬ ਦੇ ਠੇਕੇ ਨੂੰ ਸਕੂਲ ਨੇੜਿਓਂ ਹਟਾਉਣ ਦੀ ਮੰਗ ਕੀਤੀ ਗਈ।
ਐੱਸਡੀਐੱਮ ਨੂੰ ਦਿੱਤੇ ਗਏ ਮੰਗ ਪੱਤਰ ਦੀ ਕਾਪੀ ਜਾਰੀ ਕਰਦਿਆਂ ਰਜਿੰਦਰ ਸਿੰਘ ਰਾਜਾ ਨਨਹੇੜੀਆਂ ਨੇ ਦੱਸਿਆ ਕਿ ਸ਼ਹਿਰ ਵਿਚਲੇ ਮੁੱਖ ਮਾਰਗ ’ਤੇ ਟ੍ਰੈਫਿਕ ਲਾਈਟਾਂ ਵਾਲੇ ਚੌਕ ਤੋਂ ਖਰੜ ਵਾਲੇ ਪਾਸੇ ਪਹਿਲਾਂ ਹੀ ਇਕ ਸ਼ਰਾਬ ਦਾ ਠੇਕਾ ਸੀ ਪਰ ਹੁਣ ਕੁਝ ਦਿਨਾਂ ਵਿੱਚ ਹੀ ਇਸੇ ਚੌਕ ਤੋਂ ਰੂਪਨਗਰ ਵਾਲੇ ਪਾਸੇ ਵੀ ਸ਼ਾਰਬ ਦਾ ਨਵਾਂ ਠੇਕਾ ਖੋਲ੍ਹ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸ਼ਰਾਬ ਦਾ ਇਹ ਠੇਕਾ ਜਿੱਥੇ ਸਰਕਾਰੀ ਸਕੂਲ (ਲੜਕੀਆਂ) ਦੇ ਨੇੜੇ ਹੈ, ਉਥੇ ਚੌਕ ’ਚ ਨੇੜੇ ਹੀ ਬਾਲਾ ਸੁੰਦਰੀ ਮਾਤਾ ਜੀ ਦਾ ਮੰਦਰ ਵੀ ਹੈ। ਊਨ੍ਹਾਂ ਕਿਹਾ ਕਿ ਨੇਮਾਂ ਦੀ ਕਥਿਤ ਤੌਰ ’ਤੇ ਅਣਦੇਖੀ ਕਰਕੇ ਖੋਲ੍ਹੇ ਗਏ ਇਸ ਠੇਕੇ ਕਾਰਨ ਜਿਥੇ ਵਿਦਆਰਥੀਆਂ ’ਤੇ ਮਾੜਾ ਅਸਰ ਪੈਂਦਾ ਹੈ, ਉਥੇ ਲੋਕਾਂ ਦੀਆਂ ਭਾਵਨਾਂਵਾਂ ਨੂੰ ਵੀ ਠੇਸ ਪਹੁੰਚਦੀ ਹੈ।
ਇਸੇ ਦੌਰਾਨ ਆਗੂਆਂ ਨੇ ਸ਼ਹਿਰ ਵਿੱਚ ਨਾਜ਼ਾਇਜ਼ ਕਬਜ਼ਿਆਂ ਸਬੰਧੀ ਵੀ ਐੱਸਡੀਐਮ ਨੂੰ ਜਾਣੂ ਕਰਵਾਉਂਦੇ ਹੋਏ ਇਨਾਂ ਕਬਜ਼ਿਆਂ ਨੂੰ ਹਟਾਉਣ ਦੀ ਮੰਗ ਕੀਤੀ। ਇਸੇ ਦੌਰਾਨ ਸ੍ਰੀ ਨਨਹੇੜੀਆਂ ਨੇ ਹਮਖਿਆਲੀ ਪਾਰਟੀਆਂ ਨੂੰ ਸ਼ਹਿਰ ਵਾਸੀਆਂ ਦੀਆਂ ਸਮੱਸਿਆਵਾ ਹੱਲ ਕਰਵਾਉਣ ਲਈ ਸਹਿਯੋਗ ਦੇਣ ਦੀ ਅਪੀਲ ਕੀਤੀ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਸੁਰਿੰਦਰਪਾਲ ਸਿੰਘ ਸਹੌਂੜਾ, ਬਲਜਿੰਦਰ ਸਿੰਘ ਮਾਮੂਪੁਰ, ਮਾਸਟਰ ਨਛੱਤਰ ਸਿੰਘ, ਬਾਬੂ ਸਿੰਘ ਤੇ ਕੁਲਦੀਪ ਸਿੰਘ ਪਪਰਾਲੀ ਹਾਜ਼ਰ ਸਨ।