ਮਹਿੰਦਰ ਸਿੰਘ ਰੱਤੀਆਂ
ਮੋਗਾ, 24 ਜੂਨ
ਡਿਪਟੀ ਡੀਈਓ ’ਤੇ ਅਧਿਆਪਕਾਂ ਨਾਲ ਦੁਰਵਿਹਾਰ ਦਾ ਦੋਸ਼ ਲਾਉਂਦਿਆਂ ਅੱਜ ਇੱਥੇ ਡੈਮੋਕਰੇਟਿਕ ਟੀਚਰਜ਼ ਫ਼ਰੰਟ ਅਤੇ ਐਲੀਮੈਂਟਰੀ ਟੀਚਰ ਯੂਨੀਅਨ ਦਾ ਸਾਂਝਾ ਵਫ਼ਦ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ) ਨੂੰ ਮਿਲਿਆ। ਜਥੇਬੰਦੀ ਸੂਬਾ ਪ੍ਰਧਾਨ ਦਿਗਵਿਜੇਪਾਲ ਸ਼ਰਮਾ, ਜ਼ਿਲ੍ਹਾ ਪ੍ਰਧਾਨ ਅਮਨਦੀਪ ਮਟਵਾਣੀ ਤੇ ਈਟੀਯੂ ਜ਼ਿਲ੍ਹਾ ਪ੍ਰਧਾਨ ਸੁਰਿੰਦਰ ਸ਼ਰਮਾ ਦੱਸਿਆ ਕਿ ਇਸ ਦੌਰਾਨ ਪ੍ਰਾਇਮਰੀ ਕਾਡਰ ਦੀਆਂ ਤਰੱਕੀਆਂ ਸਬੰਧੀ ਚਰਚਾ ਵੀ ਕੀਤੀ ਗਈ। ਵੀਡੀਓ ਕਾਨਫਰੰਸ ਰਾਹੀਂ ਹੋਈ ਮਟਿੰਗ ਵਿੱਚ ਜਥੇਬੰਦੀ ਚਿਤਾਵਨੀ ਦਿੱਤੀ ਕਿ ਜੇਕਰ ਅਧਿਕਾਰੀ ਨੇ ਆਪਣਾ ਵਿਵਹਾਰ ਨਾ ਸੁਧਾਰਿਆ ਤਾਂ ਅਧਿਆਪਕ ਸੰਘਰਸ਼ ਕਰਨਗੇ। ਡੀਬਾਰ ਹੋਏ ਅਧਿਆਪਕਾਂ ਦੀ ਥਾਂ ਅਗਲੇ ਯੋਗ ਉਮੀਦਵਾਰਾਂ ਨੂੰ ਤਰੱਕੀ ਬਾਰੇ ਡੀਈਓ ਨੇ ਰਿਵਾਈਜ਼ਡ ਸੀਨੀਆਰਾਰਤਾ ਸੂਚੀ ਦੇ ਜਾਰੀ ਹੋਣ ਉਪਰੰਤ ਜਲਦੀ ਹੀ ਅਗਲੀਆਂ ਤਰੱਕੀਆਂ ਦਾ ਭਰੋਸਾ ਦਿੱਤਾ। ਸਾਰੀਆਂ ਕਿਤਾਬਾਂ ਇਕੱਠੀਆਂ ਨਾ ਆਉਣ ਕਰਕੇ ਅਧਿਆਪਕਾਂ ਨੂੰ ਦਫ਼ਤਰਾਂ ਦੇ ਕਈ-ਕਈ ਗੇੜੇ ਮਾਰਨੇ ਪੈਂਦੇ ਹਨ ਅਤੇ ਖੱਜਲ-ਖ਼ੁਆਰ ਹੋਣਾ ਪੈਂਦਾ ਹੈ। ਡੀਈਓ ਨੇ ਕਿਤਾਬਾਂ ਸਕੂਲਾਂ ਤੱਕ ਪੁੱਜਦੀਆਂ ਕਰਨ ਦਾ ਵੀ ਭਰੋਸਾ ਦਿਵਾਇਆ। ਇਸ ਮੌਕੇ ਜ਼ਿਲ੍ਹਾ ਮੀਤ ਪ੍ਰਧਾਨ ਸੁਖਪਾਲਜੀਤ ਮੋਗਾ, ਸਹਾਇਕ ਸਕੱਤਰ ਸੁਖਵਿੰਦਰ ਘੋਲੀਆ, ਵਿੱਤ ਸਕੱਤਰ ਗੁਰਮੀਤ ਝੋਰੜਾਂ, ਜਗਦੇਵ ਮਹਿਣਾ , ਈਟੀਯੂ ਵੱਲੋਂ ਦਿਲਬਾਗ ਸਿੰਘ ਬੌਡੇ, ਸੁਰਜੀਤ ਸਮਰਾਟ, ਅਵਤਾਰ ਸਿੰਘ ਦੌਧਰ, ਰਿਆਜ ਮੁਹੰਮਦ, ਗੁਰਚਰਨ ਸਿੰਘ, ਰੁਪਿੰਦਰ ਬਰਾੜ ਅਤੇ ਜਤਿੰਦਰ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਅਧਿਆਪਕ ਸ਼ਾਮਲ ਹੋਏ।