ਰਸ਼ਨ ਸਿੰਘ ਸੋਢੀ
ਐਸ.ਏ.ਐਸ. ਨਗਰ (ਮੁਹਾਲੀ), 5 ਜੁਲਾਈ
ਮੁਹਾਲੀ ਨਗਰ ਨਿਗਮ ਅਧੀਨ ਆਉਂਦੇ ਪਿੰਡ ਕੁੰਭੜਾ ਵਿੱਚ ਵੱਡੀ ਗਿਣਤੀ ਵਿੱਚ ਲੋੜਵੰਦ ਲੋਕ ਆਟਾ-ਦਾਲ ਸਕੀਮ ਤੋਂ ਵਾਂਝੇ ਹੋ ਗਏ ਹਨ। ਸਿਆਸੀ ਖਿੱਚੋਤਾਣ ਦੇ ਚੱਲਦਿਆਂ ਲਗਪਗ 86 ਲਾਭਪਾਤਰੀਆਂ ਦੇ ਨੀਲੇ ਕਾਰਡਾਂ ’ਤੇ ਲਾਲ ਲਕੀਰ ਫੇਰ ਦਿੱਤੀ ਗਈ ਹੈ। ਪੀੜਤ ਪਰਿਵਾਰਾਂ ਨੇ ਐਤਵਾਰ ਨੂੰ ਪੱਖਪਾਤ ਦਾ ਦੋਸ਼ ਲਗਾਉਂਦਿਆਂ ਨਾਅਰੇਬਾਜ਼ੀ ਕੀਤੀ ਅਤੇ ਹੁਕਮਰਾਨਾਂ ਅਤੇ ਅਫ਼ਸਰਸ਼ਾਹੀ ਨੂੰ ਰੱਜ ਕੇ ਕੋਸਿਆ। ਪੀੜਤ ਸਰਦਾਰਾ ਸਿੰਘ ਦੋਵੇਂ ਅੱਖਾਂ ਦਾ ਅੰਨ੍ਹਾ ਹੈ ਅਤੇ ਨਛੱਤਰ ਸਿੰਘ ਦੀਆਂ ਅੱਖਾਂ ਦਾ ਵੀ ਅਪਰੇਸ਼ਨ ਹੋਇਆ ਹੈ। ਇਨ੍ਹਾਂ ਦਾ ਅੱਗੇ ਪਿੱਛੇ ਕੋਈ ਨਹੀਂ ਹੈ। ਪੀੜਤਾਂ ਵਿੱਚ ਤੇਜਪਾਲ ਸਿੰਘ ਵੀ ਸ਼ਾਮਲ ਹੈ, ਜਿਸ ਦਾ ਅਨੋਦਿਆ ਸਕੀਮ ਤਹਿਤ ਕੇਂਦਰ ਸਰਕਾਰ ਵੱਲੋਂ ਨੀਲਾ ਕਾਰਡ ਬਣਿਆ ਹੋਇਆ ਹੈ। ਉਹ ਪਿਛਲੇ 22 ਸਾਲਾਂ ਤੋਂ ਕਾਰਡ ਹੋਲਡਰ ਹੈ ਪਰ ਇਸ ਵਾਰ ਉਸ ਦਾ ਨਾਂ ਲਾਭਪਾਤਰਾਂ ਦੀ ਸੂਚੀ ’ਚੋਂ ਗਾਇਬ ਹੈ। ਕਈ ਪੀੜਤ ਵਿਅਕਤੀਆਂ ਨੇ ਡਿੱਪੂ ਹੋਲਡਰ ’ਤੇ ਪੱਖਪਾਤ ਕਰਨ ਦਾ ਦੋਸ਼ ਲਾਉਂਦਿਆਂ ਜਾਂਚ ਦੀ ਮੰਗ ਕੀਤੀ ਹੈ। ਵਿਧਵਾ ਮਲਕੀਤ ਸਿੰਘ, ਪਰਦੀਪ ਕੁਮਾਰ, ਹਰੀਸ਼ ਕੁਮਾਰ, ਕਰਮਜੀਤ ਸਿੰਘ ਅਤੇ ਆਕਸ਼ਦੀਪ ਸਮੇਤ ਹੋਰਨਾਂ ਨੇ ਦੱਸਿਆ ਕਿ ਉਨ੍ਹਾਂ ਨੇ ਫਰਵਰੀ ਮਹੀਨੇ ਵਿੱਚ ਨੀਲੇ ਕਾਰਡ ਬਣਾਉਣ ਲਈ ਫਾਰਮ ਜਮ੍ਹਾਂ ਕਰਵਾਏ ਸਨ ਪਰ ਹੁਣ ਤੱਕ ਉਨ੍ਹਾਂ ਦੇ ਨੀਲੇ ਕਾਰਡ ਬਣ ਕੇ ਨਹੀਂ ਆਏ ਜਦਕਿ ਅਸਰ ਰਸੂਖ ਵਾਲੇ ਵਿਅਕਤੀਆਂ ਦੇ ਕਾਰਡ ਬਣ ਚੁੱਕੇ ਹਨ। ਇਸ ਸਬੰਧੀ ਸਰਕਾਰੀ ਅਤਿਆਚਾਰ ਤੇ ਭ੍ਰਿਸ਼ਟਾਚਾਰ ਵਿਰੋਧੀ ਫਰੰਟ ਦੇ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਨੇ ਡਿਪਟੀ ਕਮਿਸ਼ਨਰ ਅਤੇ ਜ਼ਿਲ੍ਹਾ ਫੂਡ ਸਪਲਾਈ ਅਫ਼ਸਰ ਤੋਂ ਮੰਗ ਕੀਤੀ ਕਿ ਪੀੜਤ ਪਰਿਵਾਰਾਂ ਦੀ ਗੱਲ ਸੁਣ ਕੇ ਉਨ੍ਹਾਂ ਨੂੰ ਇਨਸਾਫ਼ ਦਿੱਤਾ ਜਾਵੇ।
ਡਿੱਪੂ ਹੋਲਡਰ ਨੇ ਦੋਸ਼ ਨਕਾਰੇ
ਡਿੱਪੂ ਹੋਲਡਰ ਸੰਜੀਵ ਕੁਮਾਰ ਨੇ ਉਨ੍ਹਾਂ ’ਤੇ ਪੱਖਪਾਤ ਕਰਨ ਦੇ ਲਾਏ ਦੋਸ਼ਾਂ ਨੂੰ ਬਿਲਕੁਲ ਬੇਬੁਨਿਆਦ ਦੱਸਦਿਆਂ ਕਿਹਾ ਕਿ ਫੂਡ ਸਪਲਾਈ ਵਿਭਾਗ ਵੱਲੋਂ ਉਨ੍ਹਾਂ ਕੋਲ ਸਿਰਫ਼ 100 ਵਿਅਕਤੀ ਦੀ ਸੂਚੀ ਭੇਜੀ ਗਈ ਹੈ ਅਤੇ 10 ਵਿਅਕਤੀਆਂ ਦੇ ਫਾਰਮ ਰੱਦ ਕੀਤੇ ਗਏ ਹਨ। ਜਦੋਂ ਉਨ੍ਹਾਂ ਤੋਂ 86 ਕਾਰਡਾਂ ’ਤੇ ਲਾਲ ਲਕੀਰ ਮਾਰਨ ਬਾਰੇ ਪੁੱਛਿਆ ਤਾਂ ਡਿੱਪੂ ਹੋਲਡਰ ਨੇ ਕਿਹਾ ਕਿ ਉੱਚ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਕਿ ਪੀੜਤ ਵਿਅਕਤੀਆਂ ਦੇ ਫਾਰਮ ਦਫ਼ਤਰ ਵਿੱਚ ਜਮ੍ਹਾਂ ਹੀ ਨਹੀਂ ਕਰਵਾਏ ਗਏ, ਜਿਸ ਕਾਰਨ ਉਨ੍ਹਾਂ ਦੇ ਕਾਰਡ ਨਹੀਂ ਬਣ ਸਕੇ। ਸੰਜੀਵ ਕੁਮਾਰ ਨੇ ਦੱਸਿਆ ਕਿ ਹੁਣ ਪੀੜਤ ਪਰਿਵਾਰਾਂ ਦੇ ਨਵੇਂ ਸਿਰਿਓਂ ਰਾਸ਼ਨ ਕਾਰਡ ਅਤੇ ਆਧਾਰ ਕਾਰਡ ਲਏ ਜਾ ਰਹੇ ਹਨ। ਲੋੜੀਂਦੇ ਦਸਤਾਵੇਜ਼ਾਂ ਦੀ ਵੈਰੀਫਿਕੇਸ਼ਨ ਤੋਂ ਬਾਅਦ ਯੋਗ ਲਾਭਪਾਤਰੀਆਂ ਦੇ ਨੀਲੇ ਸਮਾਰਟ ਕਾਰਡ ਬਣਾਏ ਜਾਣਗੇ।