ਧੀਆਂ ਬਾਰੇ ਮਾਨਸਿਕਤਾ
24 ਜੂਨ ਦੇ ਨਜ਼ਰੀਆ ਪੰਨੇ ਉੱਤੇ ਸ਼ਿਵੰਦਰ ਕੌਰ ਦਾ ਮਿਡਲ ‘ਆਪਣੇ ਹਿੱਸੇ ਦਾ ਅਸਮਾਨ’ ਪੜ੍ਹਿਆ। ਇਸ ਤੋਂ ਇਹੀ ਸਿੱਖਿਆ ਮਿਲਦੀ ਹੈ ਕਿ ਮੁੰਡਿਆਂ ਤੇ ਕੁੜੀਆਂ ਵਿਚ ਕੋਈ ਫ਼ਰਕ ਨਹੀਂ, ਸਿਰਫ਼ ਸਾਨੂੰ ਆਪਣੀ ਮਾਨਸਿਕਤਾ ਬਦਲਣ ਦੀ ਲੋੜ ਹੈ। 22 ਜੂਨ ਦੇ ਨਜ਼ਰੀਆ ਸਫ਼ੇ ’ਤੇ ਕੰਵਲਜੀਤ ਕੌਰ ਗਿੱਲ ਦਾ ਲੇਖ ‘ਆਨਲਾਈਨ ਪੜ੍ਹਾਈ ਦਾ ਰੁਝਾਨ : ਮੁਸ਼ਕਿਲਾਂ ਤੇ ਮਸਲੇ’ ਵਿਚ ਇਸ ਦੇ ਨੁਕਸਾਨ ਅਤੇ ਫ਼ਾਇਦੇ ਬਾਰੇ ਚਾਨਣਾ ਪਾ ਰਿਹਾ ਹੈ। ਦੁਨੀਆਂ ਦੇ ਵਿਕਸਤ ਦੇਸ਼ਾਂ ਵਿਚ ਤਾਂ ਪਹਿਲਾਂ ਹੀ ਆਨਲਾਈਨ ਪੜ੍ਹਾਈ ਦਾ ਰੁਝਾਨ ਹੈ ਪਰ ਭਾਰਤ ਵਰਗੇ ਬਹੁਭਾਂਤੀ ਦੇਸ਼ਾਂ ਜਿੱਥੇ ਅਮੀਰੀ, ਗ਼ਰੀਬੀ ਅਤੇ ਸਮਾਜਿਕ ਪਾੜਾ ਬਹੁਤ ਵੱਡਾ ਹੈ, ਉੱਥੇ ਆਨਲਾਈਨ ਸਿੱਖਿਆ ਚੋਣਵੇਂ ਬੱਚਿਆਂ ਲਈ ਹੀ ਲਾਹੇਵੰਦ ਹੋ ਸਕਦੀ ਹੈ।
ਮੇਘਰਾਜ ਜੋਸ਼ੀ, ਪਿੰਡ ਗੁੰਮਟੀ (ਬਰਨਾਲਾ)
ਤੇਲ ਕੀਮਤਾਂ : ਲੋਕਾਂ ਵਿਰੁੱਧ ਜੰਗ?
ਤੇਲ ਕੀਮਤਾਂ ਵਿਚ ਸਤਾਰਵੇਂ ਦਿਨ ਲਗਾਤਾਰ ਵਾਧਾ ਦਰਜ ਹੋਇਆ ਹੈ। ਜਾਪਦਾ ਹੈ, ਚੀਨ ਨਾਲ ਮਸਲੇ ਦੀ ਓਟ ਵਿਚ ਤੇਲ ਕੰਪਨੀਆਂ ਭਾਰਤੀ ਲੋਕਾਂ ਵਿਰੁੱਧ ਜੰਗ ਛੇੜੀ ਬੈਠੀਆਂ ਹਨ ਅਤੇ ਭਾਰਤ ਸਰਕਾਰ ਮੂਕ ਦਰਸ਼ਕ ਬਣ ਕੇ ਸਭ ਕੁਝ ਦੇਖ ਰਹੀ ਹੈ। ਕੌਮਾਂਤਰੀ ਬਾ਼ਜ਼ਾਰ ਵਿਚ ਤੇਲ ਕੀਮਤਾਂ ਪਿਛਲੇ ਸਮੇਂ ਦੌਰਾਨ ਘਟੀਆਂ ਹਨ ਪਰ ਭਾਰਤ ਵਿਚ ਹੁਣ ਤਕ ਤਕਰੀਬਨ ਦਸ ਤੋਂ ਬਾਰਾਂ ਰੁਪਏ ਤਕ ਦਾ ਵਾਧਾ ਹੋ ਚੁੱਕਾ ਹੈ। ਵਿਰੋਧੀ ਪਾਰਟੀਆਂ ਵੀ ਇਸ ਮੁੱਦੇ ਨੂੰ ਕੋਈ ਅਹਿਮੀਅਤ ਨਹੀਂ ਦੇ ਰਹੀਆਂ। ਭਾਸਦਾ ਇਹ ਹੈ ਕਿ ਸਿਆਸੀ ਪਾਰਟੀਆਂ ਨੂੰ ਆਮ ਜਨਤਾ ਦੀਆਂ ਦੁੱਖ ਤਕਲੀਫ਼ਾਂ ਨਾਲ ਕੋਈ ਸਰੋਕਾਰ ਨਹੀਂ ਹੈ। ਹੈਰਾਨੀ ਹੁੰਦੀ ਹੈ ਕਿ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਤਾਂ ਬੜੀ ਜਲਦ ‘ਭੜਕ’ ਜਾਂਦੀਆਂ ਹਨ ਪਰ ਜਿਨ੍ਹਾਂ ਮੁੱਦਿਆਂ ਦਾ ਸਬੰਧ ਉਨ੍ਹਾਂ ਦੀ ਨਿੱਤ ਦੀ ਜ਼ਿੰਦਗੀ ਨਾਲ ਹੈ, ਉਨ੍ਹਾਂ ਬਾਰੇ ਉਹ ਅਕਸਰ ਚੁੱਪ ਵੱਟ ਕੇ ਬੈਠ ਜਾਂਦੇ ਹਨ। ਆਮ ਜਨਤਾ ਨੂੰ ਤੇਲ ਦੀਆਂ ਕੀਮਤਾਂ ਬਾਰੇ ਇਕਮੁੱਠ ਹੋ ਕੇ ਵਿਰੋਧ ਦਰਜ ਕਰਵਾਉਣਾ ਚਾਹੀਦਾ ਹੈ।
ਸਤਨਾਮ ਉੱਭਾਵਾਲ, ਸੰਗਰੂਰ
(2)
ਭਾਜਪਾ ਜਦੋਂ ਵਿਰੋਧੀ ਧਿਰ ਵਿਚ ਸੀ ਤਾਂ ਕਿਸੇ ਵੀ ਚੀਜ਼ ਦੇ ਰੇਟ ਵਧਣ ’ਤੇ ਧਰਨਾ ਲਗਾ ਕੇ ਬੈਠ ਜਾਂਦੀ ਸੀ। ਅੱਜ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਲਗਾਤਾਰ ਵਧਾਈਆਂ ਜਾ ਰਹੀਆਂ ਹਨ ਪਰ ਮਜਾਲ ਹੈ, ਕੋਈ ਲੀਡਰ ਕੁਸਕਿਆ ਵੀ ਹੋਵੇ! ਲੋਕ ਤਾਂ ਉਂਝ ਹੀ ਕਰੋਨਾ ਕਾਰਨ ਮੰਦੀ ਦੇ ਮਾਰੇ ਪਏ ਹਨ, ਹੁਣ ਇਹ ਰੇਟ ਵਧਾ ਕੇ ਰੋਲਰ ਫੇਰਿਆ ਜਾ ਰਿਹਾ ਹੈ।
ਲੱਖਾ ਧੀਮਾਨ, ਬਰਨਾਲਾ
(3)
ਮੋਦੀ ਸਰਕਾਰ ਆਮ ਲੋਕਾਂ ਦਾ ਲਹੂ ਪੀਣ ਲੱਗੀ ਹੋਈ ਹੈ। ਤੇਲ ਕੀਮਤਾਂ ਦੇ ਮਾਮਲੇ ’ਤੇ ਤਾਂ ਹੱਦ ਹੀ ਹੋ ਗਈ ਹੈ। ਨਾ ਸਰਕਾਰ ਕੁਝ ਬੋਲ ਰਹੀ ਹੈ, ਨਾ ਤੇਲ ਕੰਪਨੀਆਂ। ਜਾਪਦਾ ਹੈ ਕਿ ਕਰੋਨਾ ਦੇ ਬਹਾਨੇ ਇਹ ਸਰਕਾਰ ਮਹਿੰਗਾਈ ਰਾਹੀਂ ਲੋਕਾਂ ਦਾ ਕਚੂੰਮਰ ਕੱਢ ਦੇਵੇਗੀ। ਸਰਕਾਰ ਆਮ ਲੋਕਾਂ ਬਾਰੇ ਉੱਕਾ ਹੀ ਨਹੀਂ ਸੋਚ ਰਹੀ।
ਗੁਰਨਾਮ ਸਿੰਘ, ਰੂਪਨਗਰ
ਦੋ ਪ੍ਰਧਾਨ ਮੰਤਰੀ
24 ਜੂਨ ਦੇ ਸੰਪਾਦਕੀ ‘ਨੇਕ ਸਲਾਹ’ ਵਿਚ ਦੋ ਪ੍ਰਧਾਨ ਮੰਤਰੀਆਂ ਦੀ ਕਾਰਜਸ਼ੈਲੀ ਬਾਰੇ ਟਿੱਪਣੀ ਕੀਤੀ ਗਈ ਹੈ। ਹੁਣ ਪ੍ਰਧਾਨ ਮੰਤਰੀ ਦੇ ਬਿਆਨ ਦਾ ਸਪੱਸ਼ਟੀਕਰਨ ਉਸ ਦੇ ਦਫ਼ਤਰ ਵੱਲੋਂ ਦਿੱਤਾ ਜਾਣਾ ਆਪਣੇ ਆਪ ਵਿਚ ਵੱਡਾ ਖੱਪਾ ਹੈ। ਮੋਦੀ ਅਧੀਨ ਭਾਰਤ ਇਉਂ ਚੱਲ ਰਿਹਾ ਹੈ, ਜਿਵੇਂ ਇਹ ਕੇਵਲ ਭਾਜਪਾ ਦਾ ਹੀ ਹੋਵੇ। ਦੇਸ਼ ਦਾ ਗੁਆਂਢ ਦੁਸ਼ਮਣ ਬਣਾਉਣਾ ਕਿਸੇ ਵੀ ਹਾਲਤ ਵਿਚ ਦੇਸ਼ ਲਈ ਚੰਗਾ ਸਿੱਧ ਨਹੀਂ ਹੋਵੇਗਾ। ਮੰਨਿਆ ਕਿ ਚੀਨ ਦਾ ਰਿਕਾਰਡ ਤਾਂ ਭਰੋਸੇਯੋਗਤਾ ਵਾਲਾ ਨਹੀਂ ਪਰ ਜੇ ਬੰਗਲਾਦੇਸ਼, ਨੇਪਾਲ ਅਤੇ ਸ੍ਰੀ ਲੰਕਾ ਵੀ ਸਾਥੋਂ ਦੂਰ ਹੁੰਦੇ ਹਨ ਤਾਂ ਜ਼ਰੂਰ ਵਿਦੇਸ਼ ਨੀਤੀ ਦੀਆਂ ਕਮੀਆਂ ਲੱਭਣੀਆਂ ਚਾਹੀਦੀਆਂ ਹਨ। ਗੱਲਾਂ ‘ਯੋਗ’ ਦੀਆਂ ਕਰਦੇ ਹਾਂ ਪਰ ਹੋ ‘ਵਿਯੋਗ’ ਰਿਹਾ ਹੈ। ਦੇਸ਼ ਦੀ ਭਾਈਚਾਰਕ ਸਾਂਝ ਵਿਚ ਦਰਾੜਾਂ ਪਈਆਂ ਹਨ। ਦਰਅਸਲ, ਭਾਜਪਾ ਨੂੰ ਵਹਿਮ ਹੋ ਗਿਆ ਹੈ ਕਿ ਵਿਰੋਧੀ ਧਿਰ ਇਸ ਕਦਰ ਕਮਜ਼ੋਰ ਹੈ ਕਿ ਉਸ ਦਾ ਕੋਈ ਬਦਲ ਨਹੀਂ ਹੈ। ਉਂਜ, ਸਮੇਂ ਦੀ ਮੰਗ ਵਿਚੋਂ ਤਾਕਤਵਰ ਨੇਤਾ ਵੀ ਪੈਦਾ ਹੋ ਜਾਂਦੇ ਹਨ। ਸਲਾਹ ਬਾਰੇ ਇਕ ਕਥਨ ਹੈ: ਸਲਾਹ ਅਜਨਬੀ ਬੰਦੇ ਵਰਗੀ ਹੁੰਦੀ ਹੈ, ਸਵਾਗਤ ਕਰੋਗੇ, ਇਕ ਰਾਤ ਰੁਕ ਜਾਵੇਗੀ; ਨਹੀਂ ਤਾਂ ਉਸੇ ਦਿਨ ਵਾਪਸ ਮੁੜ ਜਾਵੇਗੀ।
ਯਸ਼ਪਾਲ ਮਾਨਵੀ, ਰਾਜਪੁਰਾ ਟਾਊਨ
(2)
24 ਜੂਨ ਨੂੰ ਸੰਪਾਦਕੀ ‘ਨੇਕ ਸਲਾਹ’ ਪੜ੍ਹਿਆ। ਪੜ੍ਹ ਕੇ ਡਾ. ਮਨਮੋਹਨ ਸਿੰਘ ਬਾਰੇ ਇਕ ਗੱਲ ਯਾਦ ਆ ਗਈ ਜਦੋਂ ਉਹ ਪ੍ਰਧਾਨ ਮੰਤਰੀ ਸਨ। ਸਤੰਬਰ 2013 ਵਿਚ ਕਾਂਗਰਸ ਦੀ ਕੇਂਦਰ ਸਰਕਾਰ ਨੇ ਸਜ਼ਾਯਾਫ਼ਤਾ ਵਿਧਾਨਕਾਰਾਂ ਬਾਰੇ ਇਕ ਆਰਡੀਨੈਂਸ ਜਾਰੀ ਕੀਤਾ ਸੀ। ਉਸ ਆਰਡੀਨੈਂਸ ਦੀ ਕਾਪੀ ਰਾਹੁਲ ਗਾਂਧੀ ਨੇ ਭਰੀ ਪ੍ਰੈੱਸ ਕਾਨਫ਼ਰੰਸ ਦੌਰਾਨ ਪਾੜਦਿਆਂ ਇਸ ਨੂੰ ‘ਮੁਕੰਮਲ ਬਕਵਾਸ’ ਆਖਿਆ ਸੀ। ਉਸ ਵਕਤ ਡਾ. ਮਨਮੋਹਨ ਸਿੰਘ ਇਕ ਵੀ ਸ਼ਬਦ ਨਹੀਂ ਸਨ ਬੋਲ ਸਕੇ। ਚਲੋ ਹੁਣ ਬੋਲ ਰਹੇ ਹਨ, ਚੰਗਾ ਹੀ ਹੈ।
ਜਸਵੰਤ ਸੇਖੋਂ, ਜਲੰਧਰ
ਔਰਤਾਂ ਦੀ ਗੱਲ
23 ਜੂਨ ਦੇ ਲੋਕ ਸੰਵਾਦ ਪੰਨੇ ’ਤੇ ਨਿਕਿਤਾ ਆਜ਼ਾਦ ਦਾ ਲੇਖ ‘ਔਰਤ ਦੀ ਗੱਲ ਸੁਣੋ ਤਾਂ ਸਹੀ’ ਪੜ੍ਹਿਆ। ਨਿਕਿਤਾ ਨੇ ਬਹੁਤ ਮਹੱਤਵਪੂਰਨ ਵਿਸ਼ਾ ਲਿਆ ਹੈ ਅਤੇ ਹਰ ਪਹਿਲੂ ਨੂੰ ਸੁਚੱਜੇ ਢੰਗ ਨਾਲ ਬਿਆਨ ਕੀਤਾ ਹੈ। ਇਹ ਸੱਚਾਈ ਹੈ ਕਿ ਅੱਜ ਭਾਵੇਂ ਹਰ ਖੇਤਰ ਵਿਚ ਔਰਤਾਂ ਅੱਗੇ ਵਧ ਰਹੀਆਂ ਹਨ, ਫਿਰ ਵੀ ਬਰਾਬਰੀ ਦੇ ਇਸ ਦੌਰ ਵਿਚ ਔਰਤਾਂ ’ਤੇ ਘਰੇਲੂ ਹਿੰਸਾ ਦਿਨ-ਬ-ਦਿਨ ਵਧ ਰਹੀ ਹੈ। ਅਕਸਰ ਸੁਣੀਂਦਾ ਹੈ ਕਿ ਔਖੇ ਹਾਲਾਤ ਦੇ ਬਾਵਜੂਦ ਔਰਤ ਸਮਝੌਤਾ ਕਰ ਲੈਂਦੀ ਹੈ।
ਡਾ. ਮੁਹੰਮਦ ਇਰਫ਼ਾਨ ਮਲਿਕ, ਪਟਿਆਲਾ
‘ਯੋਧੇ’ ਦੀ ਯਾਦ
22 ਜੂਨ ਨੂੰ ਡਾ. ਅਰਵਿੰਦਰ ਸਿੰਘ ਨਾਗਪਾਲ ਦਾ ਮਿਡਲ ‘ਚਾਨਣ ਮੁਨਾਰਾ’ ਅਜੋਕੀ ਨੌਜਵਾਨ ਪੀੜ੍ਹੀ ਲਈ ਸਿੱਖਿਆਦਾਇਕ ਹੈ। ਲੇਖਕ ਦਾ ਪੇਂਡੂ ਖੇਤਰ ਵਿਚ ਸਿਹਤ ਸਹੂਲਤਾਂ ਵਾਲਾ ਨਜ਼ਰੀਆ ਗੌਲਣ ਵਾਲਾ ਹੈ। ਦੂਜਾ, ਲੇਖਕ ਵੱਲੋਂ ਪਿੰਡ ਵਿਚ ਕਾਲੇ ਦੌਰ ਵਿਚ ਕਾਮਯਾਬੀ ਨਾਲ ਅੱਖਾਂ ਦਾ ਕੈਂਪ ਲਾਉਣਾ ਵੀ ਵੱਡਾ ਕਦਮ ਹੈ। ਉਨ੍ਹਾਂ ਵੇਲਿਆਂ ਵਿਚ ਡਾਕਟਰ ਧਨਵੰਤ ਸਿੰਘ ਦਾ ਨੇਤਰ ਵਿਗਿਆਨੀ ਵਜੋਂ ਕਾਫ਼ੀ ਵੱਡਾ ਨਾਂ ਸੀ। ਲੇਖਕ ਵੱਲੋਂ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਪੈਦਾ ਹੋਏ ਤਣਾਉ ਦੇ ਮਾਹੌਲ ਵਿਚ ਹਿੰਦੂ-ਸਿੱਖ ਏਕਤਾ ਬਣਾਈ ਰੱਖਣ ਦਾ ਉਪਰਾਲਾ ਤਲਵਿੰਦਰ ਸਿੰਘ ਦੇ ਨਾਵਲ ‘ਯੋਧੇ’ ਦੀ ਯਾਦ ਦਿਵਾ ਗਿਆ। ਲੇਖਕ ਨੇ ਉਸ ਵਕਤ ਦਾ ਸੋਹਣਾ ਨਕਸ਼ਾ ਖਿੱਚਿਆ ਹੈ।
ਰਜਿੰਦਰਜੀਤ ਸਿੰਘ, ਈਮੇਲ