ਨਵੀਂ ਦਿੱਲੀ: ਭਾਰਤੀ ਜਨਤਾ ਪਾਰਟੀ ਦੇ ਜਨਰਲ ਸਕੱਤਰ ਰਾਮ ਮਾਧਵ ਨੇ ਭਾਰਤ-ਚੀਨ ਵਿਚਾਲੇ ਵਿਵਾਦ ਦਰਮਿਆਨ ਅੱਜ ਮੁੜ ਅਕਸਾਈ ਚਿਨ ’ਤੇ ਭਾਰਤ ਦਾ ਦਾਅਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਆਤਮ ਸਨਮਾਨ ਤੇ ਆਪਣੀ ਜ਼ਮੀਨ ਦੀ ਰਾਖੀ ਲਈ ਅਸਲ ਕੰਟਰੋਲ ਰੇਖਾ ’ਤੇ ਭਾਰਤ ਨੂੰ ਉਸੇ ਤਰ੍ਹਾਂ ਦੀ ਦ੍ਰਿੜ੍ਹਤਾ ਦਿਖਾਉਣੀ ਚਾਹੀਦੀ ਹੈ ਜਿਵੇਂ ਉਹ ਕੰਟਰੋਲ ਰੇਖਾ ’ਤੇ ਪਾਕਿਸਤਾਨ ਖ਼ਿਲਾਫ਼ ਦਿਖਾਉਂਦਾ ਹੈ। ਸ੍ਰੀ ਮਾਧਵ ਨੇ ਕਿਹਾ ਕਿ ਸਰਹੱਦੀ ਵਿਵਾਦ ਸੁਲਝਾਉਣ ਲਈ ਚੀਨ ਨਾਲ ਕੂਟਨੀਤਕ ਤੇ ਫੌਜੀ ਪੱਧਰ ਦੀ ਗੱਲਬਾਤ ਜਾਰੀ ਹੈ। ਆਰਐੱਸਐੱਸ ਵੱਲੋਂ ਕਰਵਾਏ ਸਮਾਗਮ ਦੌਰਾਨ ਉਨ੍ਹਾਂ ਕਿਹਾ, ‘ਸਾਡਾ ਦਾਅਵਾ ਸਿਰਫ਼ ਅਸਲ ਕੰਟਰੋਲ ਰੇਖਾ ਤੱਕ ਨਹੀਂ ਹੈ। ਸਾਡਾ ਦਾਅਵਾ ਇਸ ਤੋਂ ਵੀ ਅੱਗੇ ਜਾਂਦਾ ਹੈ। ਜਦੋਂ ਜੰਮੂ ਕਸ਼ਮੀਰ ਦੀ ਗੱਲ ਹੁੰਦੀ ਹੈ ਤਾਂ ਇਸ ’ਚ ਮਕਬੂਜ਼ਾ ਕਸ਼ਮੀਰ ਵੀ ਸ਼ਾਮਲ ਹੁੰਦਾ ਹੈ ਅਤੇ ਹੁਣ ਜਦੋਂ ਲੱਦਾਖ ਦੀ ਗੱਲ ਹੈ ਤਾਂ ਇਸ ’ਚ ਗਿਲਗਿਤ-ਬਾਲਟਿਸਤਾਨ ਤੇ ਅਕਸਾਈ ਚਿਨ ਵੀ ਸ਼ਾਮਲ ਹੈ।’ -ਪੀਟੀਆਈ