ਸਰਕਾਰੀ ਖਰੀਦ ਅਤੇ ਮੰਡੀਆਂ
4 ਜੁਲਾਈ ਦੇ ਅੰਕ ਵਿਚ ਸੁੱਚਾ ਸਿੰਘ ਗਿੱਲ ਦੇ ਲੇਖ ‘ਸਰਕਾਰੀ ਖ਼ਰੀਦ ਤੇ ਮੰਡੀਆਂ ਬਿਨਾਂ ਐਮਐਸਪੀ ਬੇਮਾਇਨਾ’ ਵਿਚ ਇਹ ਠੀਕ ਨੁਕਤਾ ਉਠਾਇਆ ਹੈ ਕਿ ਜਿਨ੍ਹਾਂ ਸੂਬਿਆਂ ਵਿਚ ਐਫਸੀਆਈ ਕਣਕ ਅਤੇ ਝੋਨਾ ਨਹੀਂ ਖਰੀਦਦੀ, ਉੱਥੇ ਕਿਸਾਨਾਂ ਨੂੰ ਪ੍ਰਤੀ ਕੁਇੰਟਲ 300-400 ਰੁਪਏ ਘੱਟ ਭਾਅ ਮਿਲਦਾ ਹੈ। ਵਪਾਰੀ ਇਸ ਦਾ ਨਾਜਾਇਜ਼ ਫ਼ਾਇਦਾ ਉਠਾਉਣਗੇ ਤੇ ਬਾਹਰਲੇ ਸੂਬਿਆਂ ਤੋਂ ਕਣਕ-ਝੋਨਾ ਲਿਆ ਕੇ ਪੰਜਾਬ, ਹਰਿਆਣਾ ਵਿਚ ਵੇਚਣਗੇ। ਸੋ ਖੇਤੀ ਜਿਣਸਾਂ ਦੇ ਘੱਟੋ-ਘੱਟ ਸਮਰਥਨ ਮੁੱਲ ਪ੍ਰਾਪਤ ਕਰਨ ਵਾਸਤੇ ਲਾਜ਼ਮੀ ਸ਼ਰਤ ਹੈ ਕਿ ਐਲਾਨੇ ਭਾਅ ਉਪਰ ਸਰਕਾਰੀ ਏਜੰਸੀਆਂ ਫਸਲ ਦੀ ਖ਼ਰੀਦ ਯਕੀਨੀ ਬਣਾਉਣ ਅਤੇ ਅਦਾਇਗੀ ਵੀ ਨਾਲੋ-ਨਾਲ ਕਰਨ। ਖੇਤੀ ਸੁਧਾਰਾਂ ਦੇ ਨਾਂ ’ਤੇ ਲਿਆਂਦੇ ਇਨ੍ਹਾਂ ਆਰਡੀਨੈਂਸਾਂ ਨੂੰ ਸਮਰਥਨ ਦੇਣਾ ਕਿਸਾਨੀ ਨਾਲ ਵਿਸਾਹਘਾਤ ਹੋਵੇਗਾ।
ਗੁਰਚਰਨ ਖੇਮੋਆਣਾ, ਬਠਿੰਡਾ
ਸਰਕਾਰ ਦੇ ਪ੍ਰਾਈਵੇਟ ਹੱਥ
4 ਜੁਲਾਈ ਨੂੰ ਸੰਪਾਦਕੀ ‘ਕੋਲਾ ਕਾਮਿਆਂ ਦੀ ਹੜਤਾਲ’ ਪੜ੍ਹ ਕੇ ਪਤਾ ਲਗਦਾ ਹੈ ਕਿ ਸਰਕਾਰ ਵੱਲੋਂ ਕੋਲੇ ਦੀਆਂ ਖਾਣਾਂ ਕਾਰਪੋਰੇਟ ਘਰਾਣਿਆਂ ਹੱਥੀਂ ਸੌਂਪਣ ਕਾਰਨ ਕਾਮੇ ਵਿਰੋਧ ਕਰ ਰਹੇ ਹਨ। ਪਿਛਲੇ ਛੇ ਸਾਲਾਂ ਤੋਂ ਸਰਕਾਰ ਦੇਸ਼ ਦੇ ਜਨਤਕ ਸਥਾਨਾਂ ਨੂੰ ਕਾਰਪੋਰੇਟ ਹੱਥਾਂ ਵਿਚ ਸੌਂਪਣ ਲਈ ਤਰਲੋਮੱਛੀ ਹੋ ਰਹੀ ਹੈ। ਹੁਣ ਤੱਕ ਰੇਲਵੇ, ਬਿਜਲੀ, ਖੇਤੀਬਾੜੀ, ਇਤਿਹਾਸਕ ਇਮਾਰਤਾਂ ਅਤੇ ਕਈ ਮਹੱਤਵਪੂਰਨ ਕੰਪਨੀਆਂ ਨਾਲ ਅਜਿਹਾ ਵਾਪਰ ਚੁੱਕਾ ਹੈ। ਲੋਕਾਂ ਨੂੰ ਸਰਕਾਰੀ ਨੀਤੀਆਂ ਦਾ ਵੱਡੇ ਪੱਧਰ ’ਤੇ ਵਿਰੋਧ ਕਰਨਾ ਚਾਹੀਦਾ ਹੈ ਕਿਉਂਕਿ ਜਾਗਦੀਆਂ ਕੌਮਾਂ ਦਾ ਭਵਿੱਖ ਹੀ ਉੱਜਲ ਹੁੰਦਾ ਹੈ।
ਹਰਨੰਦ ਸਿੰਘ ਬੱਲਿਆਂਵਾਲਾ, ਬੱਲਿਆਂਵਾਲਾ (ਤਰਨ ਤਾਰਨ)
ਕਰੋਨਾ ਦਾ ਆਰਥਿਕ ਅਸਰ
ਡਾ. ਗਿਆਨ ਸਿੰਘ ਅਤੇ ਡਾ. ਧਰਮਪਾਲ ਨੇ 4 ਜੁਲਾਈ ਨੂੰ ਆਪਣੇ ਲੇਖ ‘ਕਰੋਨਾ ਦੇ ਆਰਥਿਕ ਅਸਰ ਅਤੇ ਸੰਭਾਵੀ ਹੱਲ’ ਨੇ ਕਈ ਅਹਿਮ ਮਸਲਿਆਂ ਵੱਲ ਧਿਆਨ ਦਿਵਾਇਆ ਹੈ। ਕਰੋਨਾ ਮਹਾਮਾਰੀ ਨੇ ਅਰਥਚਾਰੇ ਦੇ ਹਰ ਖੇਤਰ ਨੂੰ ਪ੍ਰਭਾਵਿਤ ਕੀਤਾ ਹੈ ਪਰ ਇਹ ਮਹਾਮਾਰੀ ਤੋਂ ਸਭ ਤੋਂ ਵੱਧ ਪ੍ਰਭਾਵਿਤ ਗ਼ੈਰ-ਸੰਗਠਿਤ ਖੇਤਰ ਦੇ ਕਾਮੇ ਨੂੰ ਕੀਤਾ ਹੈ। ਸਰਕਾਰ ਨੂੰ ਮਗਨਰੇਗਾ ਅਤੇ ਜਨ-ਧਨ ਖਾਤਾ ਯੋਜਨਾਵਾਂ ਰਾਹੀਂ ਇਨ੍ਹਾਂ ਦੀ ਮਦਦ ਕਰਨੀ ਚਾਹੀਦੀ ਹੈ।
ਸਤਨਾਮ ਸਿੰਘ ਜੱਸਲ, ਬਠਿੰਡਾ
ਅਣਗੌਲਿਆ ਵਰਗ
3 ਜੁਲਾਈ ਦੇ ਸਿਹਤ ਤੇ ਸਿੱਖਿਆ ਪੰਨੇ ਉੱਤੇ ਜੀਵਨਪ੍ਰੀਤ ਕੌਰ ਨੇ ਸਮਾਜ ਦੇ ਅਣਗੌਲੇ ਵਰਗ, ਸਰੀਰਕ ਪੱਖੋਂ ਿਕਸੇ ਨਾ ਕਿਸੇ ਅੰਗ ਤੋਂ ਵਿਹੂਣੇ ਲੋਕਾਂ ਬਾਰੇ ਜੋ ਚਰਚਾ ਕੀਤੀ ਹੈ, ਉਹ ਸ਼ਲਾਘਾਯੋਗ ਹੈ। ਕਰਫਿ਼ਊ ਅਤੇ ਲੌਕਡਾਊਨ ਦੌਰਾਨ ਅੰਗੀਹਣਾਂ ਨੂੰ ਦੂਹਰੀ ਮਾਰ ਝੱਲਣੀ ਪਈ ਕਿਉਂਿਕ ਆਪ ਇਹ ਵਿਚਾਰੇ ਕਿਤੇ ਚੱਲ ਕੇ ਜਾਣ ਜੋਗੇ ਨਹੀਂ, ਸਮਾਜ ਸੇਵੀ ਜਥੇਬੰਦੀਆਂ ਦੇ ਲੋਕ ਇਨ੍ਹਾਂ ਤੱਕ ਬਹੁਤ ਘੱਟ ਪਹੁੰਚ ਸਕੇ। ਕੁਝ ਸ਼ਰਾਰਤੀ ਲੋਕਾਂ ਨੇ ਇਨ੍ਹਾਂ ਦਾ ਸੋਸ਼ਲ ਮੀਡੀਆ ’ਤੇ ਸ਼ਰ੍ਹੇਆਮ ਮਜ਼ਾਕ ਵੀ ਉਡਾਇਆ। ਸਮਾਜ ਨੂੰ ਇਨ੍ਹਾਂ ਬਾਰੇ ਨਜ਼ਰੀਆ ਬਦਲਣ ਦੀ ਲੋੜ ਹੈ। ਅਸਲ ਵਿਚ ਸਰਕਾਰ ਇਨ੍ਹਾਂ ਬਾਰੇ ਗੰਭੀਰ ਨਹੀਂ ਕਿਉਂਿਕ ਅੱਜ ਦੇ ਯੁੱਗ ਵਿਚ 750 ਰੁਪਏ ਨਾਲ ਗੁਜ਼ਾਰਾ ਕਰਨਾ ਬੇਹੱਦ ਮੁਸ਼ਕਿਲ ਹੈ। ਦਿੱਲੀ ਸਰਕਾਰ ਦੀ ਤਰਜ਼ ’ਤੇ ਘੱਟੋ-ਘੱਟ 2500 ਰੁਪਏ ਪੈਨਸ਼ਨ ਦੇਣੀ ਚਾਹੀਦੀ ਹੈ।
ਮੇਘਰਾਜ ਜੋਸ਼ੀ, ਪਿੰਡ ਗੁੰਮਟੀ (ਬਰਨਾਲਾ)
ਪ੍ਰੇਰਨਾ ਅਤੇ ਲਗਨ
3 ਜੁਲਾਈ ਨੂੰ ਨਜ਼ਰੀਆ ਪੰਨੇ ’ਤੇ ਛਪਿਆ ਮਿਡਲ ‘ਮਿਹਨਤ ਦੀ ਪੌੜੀ’ (ਲੇਖਕ ਅਵਤਾਰ ਤਰਕਸ਼ੀਲ) ਸਾਨੂੰ ਮਿਹਨਤ ਲਈ ਪ੍ਰੇਰਦਾ ਹੈ। ਜੋ ਲੋਕ ਕੰਮ ਤੋਂ ਜੀ ਨਹੀਂ ਚੁਰਾਉਂਦੇ, ਆਲਸ ਨੂੰ ਨੇੜੇ ਨਹੀਂ ਆਉਣ ਦਿੰਦੇ ਅਤੇ ਮਨ ਵਿਚ ਲਗਨ ਪੈਦਾ ਕਰਦੇ ਹਨ, ਉਹ ਜ਼ਿੰਦਗੀ ਵਿਚ ਕਦੇ ਅਸਫ਼ਲ ਨਹੀਂ ਹੁੰਦੇ। ਮਿਹਨਤੀ ਲੋਕਾਂ ਦੀ ਹਰ ਥਾਂ ਕਦਰ ਹੁੰਦੀ ਹੈ।
ਲਖਵੀਰ ਿਸੰਘ, ਉਦੇਕਰਨ (ਸ੍ਰੀ ਮੁਕਤਸਰ ਸਾਹਿਬ)
(2)
ਅਵਤਾਰ ਤਰਕਸ਼ੀਲ ਦਾ ਮਿਡਲ ਮੁਸ਼ਕਿਲਾਂ ਝੱਲ ਕੇ, ਹੱਥੀਂ ਮਿਹਨਤ ਕਰਕੇ ਜ਼ਿੰਦਗੀ ਬਣਾਉਣ ਬਾਰੇ ਹੈ। ਛੋਟੀ ਊਮਰ ਵਿਚ ਪਰਪੱਕ ਹੋ ਜਾਣਾ ਚੰਗਾ ਹੋਇਆ; ਨਹੀਂ ਤਾਂ ਕੋਈ ਵੀ ਗਲਤ ਆਦਤਾਂ ਦਾ ਸ਼ਿਕਾਰ ਵੀ ਹੋ ਸਕਦਾ ਹੈ। ਅਸਫ਼ਲਤਾ ਵੀ ਅੱਗੇ ਵਧਣ ਦੇ ਰਸਤੇ ਖੋਲ੍ਹਦੀ ਹੈ।
ਪੁਸ਼ਪਿੰਦਰ ਜੀਤ ਕੌਰ, ਈਮੇਲ
ਜੂਝ ਰਹੀ ਨੌਜਵਾਨ ਪੀੜ੍ਹੀ
2 ਜੁਲਾਈ ਨੂੰ ਜਵਾਂ ਤਰੰਗ ਪੰਨੇ ਉਤੇ ਜਗਦੀਪ ਸਿੰਘ ਭੁੱਲਰ ਦਾ ਲੇਖ ‘ਕਈ ਮਸਲਿਆਂ ਨਾਲ ਜੂਝ ਰਹੀ ਪੜ੍ਹੀ ਲਿਖੀ ਨੌਜਵਾਨ ਪੀੜ੍ਹੀ’ ਨੌਜਵਾਨਾਂ ਦੀ ਪੀੜਾ ਰੂਪਮਾਨ ਕਰਦਾ ਹੈ। ਡਿਗਰੀਆਂ ਲੈ ਕੇ ਵੀ ਜੇ ਢੁਕਵੀਂ ਨੌਕਰੀ ਨਾ ਮਿਲੇ ਤਾਂ ਨੌਜਵਾਨ ਉਪਰਾਮ ਹੋ ਜਾਂਦਾ ਹੈ, ਮਾਪੇ ਵੀ ਪ੍ਰੇਸ਼ਾਨ ਹੁੰਦੇ ਹਨ। ਪ੍ਰਾਈਵੇਟ ਤਕਨੀਕੀ ਕਾਲਜਾਂ ਦੇ ਅਧਿਆਪਕਾਂ ਨੂੰ ਕਈ ਕਈ ਮਹੀਨਿਆਂ ਤੋਂ ਤਨਖ਼ਾਹਾਂ ਨਹੀਂ ਮਿਲੀਆਂ। ਇਹ ਕਿੱਧਰ ਜਾਣ? ਬੇਰੁਜ਼ਗਾਰੀ ਤੋਂ ਵੀ ਭੈੜੀ ਹਾਲਤ ਹੈ। ਨਾ ਕਾਲਜ ਛੱਡਣ ਜੋਗੇ, ਨਾ ਕੁਝ ਮਿਲ ਰਿਹਾ ਹੈ। ਉਪਰੋਂ ਕਰੋਨਾ ਸੰਕਟ ਹੈ। ਮਹਿੰਗਾਈ ਛਾਲਾਂ ਮਾਰ ਰਹੀ ਹੈ। ਪੰਜਾਬ ਦਾ ਨੌਜਵਾਨ ਤੇ ਮੱਧ ਵਰਗ ਇਸ ਵੇਲੇ ਰੱਜ ਕੇ ਦੁਖੀ ਹੈ। ਸਰਕਾਰ ਦਾ ਕੋਈ ਧਿਆਨ ਨਹੀਂ ਹੈ।
ਗੁਰਮੀਤ ਸਿੰਘ, ਫ਼ਾਜ਼ਿਲਕਾ
ਬਠਿੰਡੇ ਵਾਲਾ ਥਰਮਲ ਬੋਲਿਆ…
4 ਜੁਲਾਈ ਦਿਨ ਸ਼ਨਿਚਰਵਾਰ ਨੂੰ ਇੰਟਰਨੈੱਟ ਸਫੇ ‘ਤਬਸਰਾ’ ਉੱਤੇ ਇੰਜ. ਦਰਸ਼ਨ ਸਿੰਘ ਭੁੱਲਰ ਦਾ ਲੇਖ ‘ਮੈਂ ਬਠਿੰਡੇ ਵਾਲਾ ਥਰਮਲ ਬੋਲਦਾਂ’ ਪੜਿ੍ਹਆ। ਇਸ ਗੁਰੂ ਨਾਨਕ ਦੇਵ ਥਰਮਲ ਪਲਾਂਟ ਨੂੰ ਮੁੱਖ ਮੰਤਰੀ ਜਸਟਿਸ ਗੁਰਨਾਮ ਸਿੰਘ ਨੇ 1969 ਵਿਚ ਗੁਰੂ ਨਾਨਕ ਦੇਵ ਜੀ ਦੇ 500 ਸਾਲਾ ਜਨਮ ਦਿਨ ਦੀ ਯਾਦਗਾਰ ਦੇ ਤੌਰ ’ਤੇ ਬਣਵਾਇਆ ਸੀ। ਇਸ ਦੀਆਂ ਚਿਮਨੀਆਂ ਨੂੰ ਨੇੜੇ ਦੇ ਪਿੰਡ ਮਹਿਣਾ (ਹੁਣ ਕੇਂਦਰੀ ਵਿਦਿਆਲਾ 4 ਅਤੇ ਬੋਟ ਕਲੱਬ ਬਠਿੰਡਾ ਕੈਂਟ) ਤੋਂ ਸਵੇਰੇ ਜਾਗਦਿਆਂ ਹੀ ਨਾਟਕਕਾਰ ਬਲਵੰਤ ਗਾਰਗੀ ਨੂੰ ਦੇਖਣ ਨੂੰ ਰੱਬ ਦੇ ਘਗਰੇ ਲੱਗਦੇ ਸਨ। ਹੁਣ ਇਨ੍ਹਾਂ ਚਿਮਨੀਆਂ ’ਤੇ ਬੁਲਡੋਜ਼ਰ ਚਲਾਇਆ ਜਾ ਰਿਹਾ ਹੈ। ਇਸੇ ਦਿਨ ਦੇ ਮਿਡਲ ਵਿਚ ਸੀ. ਮਾਰਕੰਡਾ ਨੇ ਮਾਸਟਰ ਨੱਥੂ ਰਾਮ ਨੂੰ ਯਾਦ ਕਰਦਿਆਂ ਅੱਧੀ ਸਦੀ ਪਹਿਲਾਂ ਮਾਸਟਰਾਂ ਵੱਲੋਂ ਚਾਕੂ ਨਾਲ ਕਲਮਾਂ ਘੜ ਕੇ ਦੇਣ ਅਤੇ ਪੌਂਚਾ (ਸਾਡੇ ਪਿੰਡ ਪੌਣਾਂ ਭਾਵ 0.75 ਦੋ ਪਹਾੜੇ ਨੂੰ ਊਟਾ ਕਹਿੰਦੇ ਹਨ) ਤੱਕ ਦੇ ਪਹਾੜੇ ਸਿਖਉਣ ਦੀ ਗੱਲ ਚੇਤੇ ਆ ਗਈ। ਹੁਣ ਕੈਲਕੁਲੇਟਰਾਂ ਨੇ ਬੱਚਿਆਂ ਦੀ ਸੋਚਣ ਸ਼ਕਤੀ ਖੁੰਢੀ ਕਰ ਛੱਡੀ ਹੈ।
ਗੁਰਮੁੱਖ ਸਿੰਘ, ਪੋਹੀੜ (ਲੁਧਿਆਣਾ)