ਪੱਤਰ ਪ੍ਰੇਰਕ
ਯਮੁਨਾਨਗਰ, 5 ਜੁਲਾਈ
ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਆਨਲਾਈਨ ਵੀਡਿਓ ਕਾਨਫਰੰਸ ਰਾਹੀਂ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਤਿਆਰ 110 ਪਾਰਕਾਂ ਅਤੇ ਕਸਰਤ ਘਰਾਂ ਦਾ ਉਦਘਾਟਨ ਕੀਤਾ। ਉਨ੍ਹਾਂ ਕਿਹਾ ਕਿ ਸਰਕਾਰ ਦਾ ਹਰ ਪਿੰਡ ਵਿੱਚ ਪਾਰਕ ਅਤੇ ਕਸਰਤ ਘਰ ਬਣਾਉਣ ਦਾ ਟੀਚਾ ਹੈ ਅਤੇ ਸਥਾਪਤ ਕਸਰਤ ਘਰਾਂ ਵਿੱਚ ਆਯੂਸ਼ ਸਹਾਇਕਾਂ ਦੀ ਭਰਤੀ ਕੀਤੀ ਜਾਵੇਗੀ, ਜਿਨ੍ਹਾਂ ਵੈੱਲਨੈਸ ਸੈਂਟਰ ਬਣਾਇਆ ਜਾਵੇਗਾ। ਇਸ ਲੜੀ ਤਹਿਤ ਜ਼ਿਲ੍ਹਾ ਯਮੁਨਾਨਗਰ ਦੇ ਬਲਾਕ ਸਢੌਰਾ ਦੇ ਤਾਹਰਪੁਰ ਖੁਰਦ ਅਤੇ ਜਗਾਧਰੀ ਵਿਕਾਸ ਬਲਾਕ ਦੇ ਪਿੰਡ ਨਗਾਵਾਂ ਜਾਗੀਰ ਵਿੱਚ 28-28 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕੀਤੇ ਗਏ ਪਾਰਕਾਂ ਅਤੇ ਕਸਰਤ ਘਰਾਂ ਦਾ ਉਦਘਾਟਨ ਕੀਤਾ ਗਿਆ। ਸਿੱਖਿਆ ਮੰਤਰੀ ਕੰਵਰਪਾਲ ਅਤੇ ਵਿਧਾਇਕ ਘਣਸ਼ਿਆਮ ਦਾਸ ਅਰੋੜਾ ਨੇ ਪਾਰਕਾਂ ਅਤੇ ਅਖਾੜਿਆਂ ਨੂੰ ਲੋਕਾਂ ਨੂੰ ਸਮਰਪਿਤ ਕੀਤਾ ਅਤੇ ਪੌਦੇ ਲਗਾਏ।