ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 11 ਜੂਨ
ਨੀਲੇ ਕਾਰਡ ਕੱਟਣ ਦੇ ਵਿਰੋਧ ਵਿੱਚ ਅੱਜ ਇੱਥੇ ਲੋਕ ਇਨਸਾਫ਼ ਪਾਰਟੀ ਦੇ ਮੁੱਖ ਬੁਲਾਰੇ ਅਤੇ ਵਿਧਾਨ ਸਭਾ ਹਲਕਾ ਗਿੱਲ ਦੇ ਇੰਚਾਰਜ ਗਗਨਦੀਪ ਸਿੰਘ ਸੰਨੀ ਕੈਂਥ ਦੀ ਅਗਵਾਈ ਵਿੱਚ ਲੋਕਾਂ ਨੇ ਵਿਧਾਇਕ ਕੁਲਦੀਪ ਸਿੰਘ ਵੈਦ ਦੇ ਘਰ ਦਾ ਘਿਰਾਓ ਕੀਤਾ। ਹਲਕਾ ਗਿੱਲ ਤੋਂ ਵਿਧਾਇਕ ਕੁਲਦੀਪ ਸਿੰਘ ਵੈਦ ਦੀ ਸਰਾਭਾ ਨਗਰ ਸਥਿਤ ਰਿਹਾਇਸ਼ ਦੇ ਬਾਹਰ ਲੋਕਾਂ ਨੇ ਧਰਨਾ ਦਿੱਤਾ ਤੇ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਵਿਧਾਨ ਸਭਾ ਹਲਕਾ ਫ਼ਤਹਿਗੜ੍ਹ ਤੋਂ ਲੋਕ ਇਨਸਾਫ਼ ਪਾਰਟੀ ਦੇ ਸੀਨੀਅਰ ਆਗੂ ਮਨਜਿੰਦਰ ਸਿੰਘ ਗਿਆਸਪੁਰਾ ਤੇ ਸੰਨੀ ਕੈਂਥ ਨੇ ਵਿਧਾਇਕ ’ਤੇ ਕਾਰਡ ਕੱਟਣ ਦੇ ਦੋਸ਼ ਲਗਾਏ।
ਵਿਧਾਇਕ ਦੇ ਘਰ ਦਾ ਘਿਰਾਓ ਕਰਨ ਤੋਂ ਪਹਿਲਾਂ ਇਹ ਸਾਰੇ ਲੋਕ ਸਰਾਭਾ ਨਗਰ ਸਥਿਤ ਖੁਰਾਕ ਸਪਲਾਈ ਵਿਭਾਗ ਦੇ ਦਫ਼ਤਰ ਪੁੱਜੇ ਜਿੱਥੇ ਅਫ਼ਸਰਾਂ ਵੱਲੋਂ ਸੁਣਵਾਈ ਨਾ ਕੀਤੇ ਜਾਣ ’ਤੇ ਲੋਕ ਵਿਧਾਇਕ ਦਾ ਘਰ ਘੇਰਣ ਪਹੁੰਚ ਗਏ। ਲੋਕਾਂ ਨੇ ਤੱਪਦੀ ਧੁੱਪ ਵਿਚ ਬਾਹਰ ਸੜਕ ’ਤੇ ਬੈਠ ਕੇ ਧਰਨਾ ਸ਼ੁਰੂ ਕਰ ਦਿੱਤਾ ਪਰ ਵਿਧਾਇਕ ਬਾਹਰ ਨਹੀਂ ਆਏ। ਇਸ ਮੌਕੇ ਸੰਨੀ ਕੈਂਥ ਨੇ ਦੱਸਿਆ ਕਿ ਉਹ ਲੋਕਾਂ ਦੇ ਨਾਲ ਪਹਿਲਾਂ ਵੀ ਖੁਰਾਕ ਸਪਲਾਈ ਵਿਭਾਗ ਦੇ ਅਧਿਕਾਰੀਆਂ ਨਾਲ ਮੁਲਾਕਾਤ ਕਰ ਚੁੱਕੇ ਹਨ ਪਰ ਉਨ੍ਹਾਂ ਵੱਲੋਂ ਨੀਲੇ ਕਾਰਡ ਕੱਟਣ ਸਬੰਧੀ ਕੋਈ ਤਸੱਲੀਬਖਸ਼ ਜਵਾਬ ਨਹੀਂ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਉਨ੍ਹਾਂ ਇਸ ਸਬੰਧੀ ਸਬੰਧਤ ਵਿਭਾਗ ਦੇ ਮੰਤਰੀ ਤੱਕ ਵੀ ਪਹੁੰਚ ਕੀਤੀ ਪਰ ਉਨ੍ਹਾਂ ਵੱਲੋਂ ਵੀ ਟਾਲਮਟੋਲ ਵਾਲਾ ਰਵੱਈਆ ਹੀ ਦਿਖਾਇਆ ਗਿਆ। ਉਨ੍ਹਾਂ ਕਿਹਾ ਕਿ ਅੱਜ ਵੀ ਉਹ ਪੀੜਤਾਂ ਨੂੰ ਨਾਲ ਲੈ ਕੇ ਜਦੋਂ ਖੁਰਾਕ ਸਪਲਾਈ ਵਿਭਾਗ ਦੇ ਦਫ਼ਤਰ ਪੁੱਜੇ ਤਾਂ ਅਧਿਕਾਰੀਆਂ ਦੇ ਕੋਈ ਜਵਾਬ ਨਾ ਦੇਣ ਕਾਰਨ ਲੋਕ ਭੜਕ ਗਏ ਅਤੇ ਅਖੀਰ ਲੋਕਾਂ ਨੇ ਵਿਧਾਇਕ ਕੁਲਦੀਪ ਸਿੰਘ ਵੈਦ ਦੇ ਘਰ ਦੇ ਬਾਹਰ ਧਰਨਾ ਦੇ ਦਿੱਤਾ।
ਉਨ੍ਹਾਂ ਦੱਸਿਆ ਕਿ ਇਹ ਧਰਨਾ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਕਿ ਕੱਟੇ ਗਏ ਨੀਲੇ ਕਾਰਡ ਦੁਬਾਰਾ ਬਹਾਲ ਨਹੀਂ ਕੀਤੇ ਜਾਂਦੇ। ਉਨ੍ਹਾਂ ਦੋਸ਼ ਲਗਾਇਆ ਕਿ ਵਿਧਾਇਕ ਦੇ ਇਸ਼ਾਰੇ ’ਤੇ ਹੀ ਹਲਕਾ ਗਿੱਲ ਦੇ ਵੱਖ ਵੱਖ ਪਿੰਡਾਂ ਦੇ ਲੋਕਾਂ ਦੇ ਨੀਲੇ ਕਾਰਡ ਕੱਟੇ ਗਏ ਹਨ, ਜਦੋਂ ਕਿ ਵਿਧਾਇਕ ਦੇ ਚਹੇਤਿਆਂ ਦੇ ਕਾਰਡ ਚੱਲ ਰਹੇ ਹਨ ਅਤੇ ਉਨ੍ਹਾਂ ਵਿੱਚ ਕਈ ਅਜਿਹੇ ਲੋਕ ਵੀ ਹਨ ਜੋਂ ਇਸ ਕਾਰਡ ਲਈ ਲੋੜੀਂਦੀਆਂ ਸ਼ਰਤਾਂ ਪੂਰੀਆਂ ਨਹੀਂ ਕਰਦੇ ਜਦੋਂ ਕਿ ਗਰੀਬ ਲੋਕ ਜਿਨ੍ਹਾਂ ਨੂੰ ਕਣਕ ਅਤੇ ਦਾਲਾਂ ਸਣੇ ਹੋਰਨਾਂ ਵਸਤਾਂ ਦੀ ਬੇਹੱਦ ਲੋੜ ਹੈ, ਦੇ ਨੀਲੇ ਕਾਰਡ ਕੱਟ ਦਿੱਤੇ ਗਏ ਹਨ।