ਗਾਜੀਪੁਰ(ਊਤਰ ਪ੍ਰਦੇਸ਼), 5 ਜੁਲਾਈ
ਗਾਜ਼ੀਪੁਰ ਜ਼ਿਲ੍ਹਾ ਪ੍ਰਸ਼ਾਸਨ ਨੇ ਉੱਤਰ ਪ੍ਰਦੇਸ਼ ਦੇ ਵਿਧਾਇਕ ਮੁਖ਼ਤਾਰ ਅਨਸਾਰੀ ਦੀ ਪਤਨੀ ਅਤੇ ਉਸ ਦੇ ਇਕ ਹੋਰ ਰਿਸ਼ਤੇਵਾਰ ਵੱਲੋਂ ਕਥਿਤ ਤੌਰ ’ਤੇ ਗੈਰਕਾਨੂੰਨੀ ਤਰੀਕੇ ਨਾਲ ਬਣਵਾਈ ਖੁਰਾਕ ਨਿਗਮ ਨੂੰ ਕਿਰਾਏ ’ਤੇ ਦਿੱਤੀ ਇਮਾਰਤ ਨੂੰ ਢਾਹ ਦਿੱਤਾ ਹੈ ਅਤੇ ਉਹ ਜ਼ਮੀਨ ਮੁੜ ਗ੍ਰਾਮ ਪ੍ਰਬੰਧ ਸਮਿਤੀ ਦੇ ਨਾਂ ਹੇਠ ਕਰਵਾ ਦਿੱਤੀ ਹੈ। ਡੀਐਮ ਓਮਪ੍ਰਕਾਸ਼ ਆਰਿਆ ਨੇ ਅੱਜ ਦੱਸਿਆ ਕਿ ਮੈਸਰਜ਼ ਵਿਕਾਸ ਕੰਸਟਰੱਕਸ਼ਨ ਵਿੱਚ ਮੁਖਤਾਰ ਅੰਸਾਰੀ ਦੀ ਪਤਨੀ ਆਫਸ਼ਾਂ ਬੇਗਮ, ਉਸ ਦਾ ਸਾਲਾ ਆਤਿਫ ਰਜਾ, ਜਾਕਿਰ ਹੁਸੈਨ, ਰਵਿੰਦਰ ਨਾਰਾਇਣ ਸਿੰਘ ਅਤੇ ਅਨਵਰ ਸ਼ਹਿਜਾਦਾ ਭਾਈਵਾਲ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਨੇ ਕਾਗਜ਼ਾਂ ਵਿੱਚ ਕਥਿਤ ਹੇਰਾਫਰੀ ਕੀਤੀ ਅਤੇ ਫਤਹਿਉੱਲਾਪੁਰ ਪਿੰਡ ਨੇੜੇ ਸਥਿਤ ਕਰੀਬ 5 ਵਿੱਘਾ ਜ਼ਮੀਨ ਆਪਣੇ ਨਾਂ ਕਰਵਾ ਲਈ। ਇਸ ਥਾਂ ’ਤੇ ਉਨ੍ਹਾਂ ਨੇ ਇਕ ਇਮਾਰਤ ਉਸਾਰੀ ਤੇ ਉਸ ਨੂੰ ਗੋਦਾਮ ਵਜੋਂ ਖੁਰਾਕ ਨਿਗਮ ਨੂੰ ਕਿਰਾਏ ’ਤੇ ਦਿੱਤਾ। ਉਨ੍ਹਾਂ ਦੱਸਿਆ ਕਿ ਇਸ ਦੀ ਜਾਣਕਾਰੀ ਮਿਲਣ ’ਤੇ ਉਸ ਜ਼ਮੀਨ ’ਤੇ ਬਣੀ ਇਮਾਰਤ ਨੂੰ ਸ਼ਨਿਚਰਵਾਰ ਨੂੰ ਢਾਹ ਦਿੱਤਾ ਗਿਆ। ਇਸ ਦੇ ਨਾਲ ਗਾਜ਼ੀਪੁਰ ਨਗਰ ਦੇ ਮਹੂਆਬਾਗ ਮੁਹੱਲੇ ਵਿਚਲੇ ਗਜ਼ਲ ਹੋਟਲ ਦੇ ਨਿਰਮਾਣ ਵਿੱਚ ਨੇਮਾਂ ਦੀ ਉਲੰਘਣਾ ਦਾ ਪਤਾ ਚਲਿਆ ਹੈ। ਇਹ ਹੋਟਲ ਅੰਸਾਰੀ ਦੀ ਪਤਨੀ ਅਤੇ ਉਸ ਦੇ ਪੁੱਤਰਾਂ ਦੇ ਨਾਂ ਹੈ। ਇਨ੍ਹਾਂ ਨੂੰ ਨੋਟਿਸ ਜਾਰੀ ਕਰਕੇ ਇਸ ਸਬੰਧੀ ਜਵਾਬ ਮੰਗਿਆ ਗਿਆ ਹੈ।