ਕੁਲਬੀਰ ਕੌਰ ਨੂੰ ਸ਼ਾਬਾਸ਼
16 ਜੁਲਾਈ ਨੂੰ ਪੰਨਾ 2 ’ਤੇ ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਜੋਈਆਂ ਵਾਲਾ ਦੀ ਕੁਲਬੀਰ ਕੌਰ ਵਾਲੀ ਖ਼ਬਰ ਪੜ੍ਹੀ ਜਿਸ ਨੇ ਨਸ਼ੇ ਖਰੀਦਣ ਲਈ ਆਪਣੇ ਪਤੀ ਖੜਕ ਸਿੰਘ (ਜਿਸ ਨੂੰ ਉਸ ਦੀ ਮਾਂ ਅਤੇ ਭੈਣਾਂ ਦੀ ਹਮਾਇਤ ਵੀ ਸੀ) ਵਿਰੁੱਧ ਡਟਦਿਆਂ ਜ਼ਮੀਨ ਬੈਅ ਕਰਨ ਖ਼ਿਲਾਫ਼ ਅਦਾਲਤ ਵੱਲੋਂ ਵਿਰਾਸਤੀ ਜ਼ਮੀਨ ਹੱਕ ਸਫ਼ਾ ਕਾਨੂੰਨ ਅਨੁਸਾਰ ਅਜਿਹਾ ਕਰਨ ’ਤੇ ਰੋਕ ਲਗਵਾਈ। ਬਿਨਾਂ ਸ਼ੱਕ ਇਹ ਹਿੰਮਤ ਅਤੇ ਦਲੇਰੀ ਦਾ ਕੰਮ ਹੈ। ਵਿਰਾਸਤ ਵਿਚ ਲਈ ਜਾਇਦਾਦ ਨੂੰ ਅੱਗੇ ਪੋਤੇ ਪੜੋਤਿਆਂ ਦੀ ਸਲਾਹ ਬਿਨਾਂ ਵੇਚਿਆ ਨਹੀਂ ਜਾ ਸਕਦਾ। ਇਸ ਮਾਮਲੇ ਵਿਚ ਕੁਲਬੀਰ ਕੌਰ ਨੂੰ ਸ਼ਾਬਾਸ਼ ਹੈ। ਕਾਸ਼! ਕੁਲਬੀਰ ਕੌਰ ਦਾ ਪਤੀ, ਸੱਸ ਅਤੇ ਨਣਦਾਂ ਆਪਣੀ ਗ਼ਲਤੀ ਮੰਨ ਕੇ ਉਸ ਨੂੰ ਸ਼ਾਬਾਸ਼ ਦੇਣ।
ਗੁਰਮੁਖ ਸਿੰਘ, ਪੋਹੀੜ (ਲੁਧਿਆਣਾ)
ਇਨਸਾਨੀਅਤ
16 ਜੁਲਾਈ ਨੂੰ ਨਜ਼ਰੀਆ ਪੰਨੇ ’ਤੇ ਦਰਸ਼ਨ ਜੋਗਾ ਦਾ ਮਿਡਲ ‘ਅਸਦ ਦੀ ਆਵਾਜ਼’ ਵਿਚ ਲੇਖਕ ਆਪਣੇ ਅਤੇ ਪਰਿਵਾਰ ਦੇ ਹੰਢਾਏ ਦੁੱਖਾਂ ਦੀ ਦਾਸਤਾਨ ਅਤੇ ਇਸ ਦੁਨੀਆਂ ਵਿਚ ਧੜਕ ਰਹੀ ਇਨਸਾਨੀਅਤ ਦੀ ਦਾਸਤਾਂ ਸੁਣਾਉਂਦਾ ਹੈ। ਸੱਚਮੁੱਚ ਜਦੋਂ ਜ਼ਿੰਦਗੀ ਵਿਚ ਦੁੱਖਾਂ ਦਾ ਕੋਈ ਪਹਾੜ ਟੁੱਟਦਾ ਹੈ ਤਾਂ ਨੇਕ ਦਿਲ ਇਨਸਾਨ ਮੱਲ੍ਹਮ ਪੱਟੀ ਦਾ ਕੰਮ ਕਰ ਜਾਂਦੇ ਹਨ।
ਯੋਗਰਾਜ ਭਾਗੀ ਵਾਂਦਰ, ਬਠਿੰਡਾ
ਕੰਧ ’ਤੇ ਲਿਖਿਆ
15 ਜੁਲਾਈ ਦਾ ਸੰਪਾਦਕੀ ‘ਜਨਤਕ ਇਕੱਠਾਂ ’ਤੇ ਰੋਕ’ ਪੜ੍ਹਿਆ। ਇਕ ਪਾਸੇ ਕੇਂਦਰ ਅਤੇ ਪੰਜਾਬ ਸਰਕਾਰ ਕਰੋਨਾ ਸੰਕਟ ਦੇ ਬਹਾਨੇ ਲੋਕਾਂ ਦੇ ਹੱਕ ਹੜੱਪ ਰਹੀ ਹੈ; ਦੇਸ਼ ਦੇ ਪਬਲਿਕ ਖੇਤਰ ਨੂੰ ਖ਼ਤਮ ਕਰ ਕੇ ਨਿੱਜੀਕਰਨ ਕੀਤਾ ਜਾ ਰਿਹਾ ਹੈ; ਕਿਸਾਨ ਵਿਰੋਧੀ ਆਰਡੀਨੈਂਸ ਪਾਸ ਕਰ ਕੇ ਉਨ੍ਹਾਂ ਦੀ ਜ਼ਮੀਨ ਖੋਹਣ ਲਈ ਰੱਸੇ-ਪੈੜੇ ਵੱਟੇ ਜਾ ਰਹੇ ਹਨ; ਤੇਲ ਕੀਮਤਾਂ ਲਗਾਤਾਰ ਵਧਾਈਆਂ ਜਾ ਰਹੀਆਂ ਹਨ; ਮਹਿੰਗਾਈ, ਬੇਰੁਜ਼ਗਾਰੀ ਚਰਮ-ਸੀਮਾ ’ਤੇ ਹੈ; ਪੰਜਾਬ ਦੇ ਪਾਣੀਆਂ ਤੇ ਪੰਜਾਬੀ-ਸਭਿਆਚਾਰ ਵਿਚ ਜ਼ਹਿਰ ਘੋਲੀ ਜਾ ਰਹੀ ਹੈ; ਘੱਟਗਿਣਤੀਆਂ ਨਾਲ ਦੂਜੇ ਦਰਜੇ ਦੇ ਨਾਗਰਿਕਾਂ ਵਰਗਾ ਸਲੂਕ ਕੀਤਾ ਜਾ ਰਿਹਾ ਹੈ; ਬਿਜਲੀ ਐਕਟ-2020 ਲਿਆ ਕੇ ਸੂਬਿਆਂ ਦੇ ਹੱਕਾਂ ’ਤੇ ਛਾਪਾ ਮਾਰਿਆ ਜਾ ਰਿਹਾ ਹੈ; ‘ਇਕ ਦੇਸ਼ ਇਕ ਭਾਸ਼ਾ’ ‘ਇਕ ਦੇਸ਼ ਇਕ ਮੰਡੀ’ ਵਰਗੇ ਫ਼ੈਸਲੇ ਕਰ ਕੇ ਇਲਾਕਾਈ ਭਾਸ਼ਾਵਾਂ ਦਾ ਗਲ ਘੁੱਟਿਆ ਜਾ ਰਿਹਾ ਹੈ। ਹਾਕਮਾਂ ਨੂੰ ਇਕ ਗੱਲ ਜ਼ਰੂਰ ਸਮਝ ਲੈਣੀ ਚਾਹੀਦੀ ਹੈ ਕਿ ਜਿੰਨਾ ਕਿਸੇ ਚੀਜ਼ ਨੂੰ ਦਬਾਈਏ, ਉਹ ਉਸ ਤੋਂ ਦੁੱਗਣੀ ਤਾਕਤ ਨਾਲ ਵਾਪਸ ਆਉਂਦੀ ਹੈ, ਇਸ ਲਈ ਹਾਕਮਾਂ ਨੂੰ ਕੰਧ ’ਤੇ ਲਿਖਿਆ ਪੜ੍ਹ ਲੈਣਾ ਚਾਹੀਦਾ ਹੈ।
ਸੁਰਿੰਦਰ ਰਾਮ ਕੁੱਸਾ, ਈਮੇਲ
ਲੇਖਕਾਂ ਦੇ ਵਿਚਾਰ ਅਤੇ ਸਰਕਾਰ
ਦੋ ਤਿੰਨ ਦਿਨ ਤੋਂ ਟੀਵੀ, ਅਖ਼ਬਾਰਾਂ ਵਿਚ ਇਨਕਲਾਬੀ ਲੇਖਕਾਂ ਬਾਰੇ ਪੜ੍ਹਨ-ਸੁਣਨ ਨੂੰ ਮਿਲ ਰਿਹਾ ਹੈ। ਇਹ ਲੇਖਕ ਜੋ ਤਾਰੀਫ਼ ਦੇ ਹੱਕਦਾਰ ਹਨ, ਸਰਕਾਰ ਦੀਆਂ ਨੀਤੀਆਂ ਕਾਰਨ ਜੇਲ੍ਹਾਂ ਵਿਚ ਸਾਲਾਂ ਤੋਂ ਬੰਦ ਹਨ। ਕੀ ਕੋਈ ਪੜ੍ਹਿਆ ਲਿਖਿਆ ਬੰਦਾ ਮਨ ਦੇ ਵਿਚਾਰ ਜਾਂ ਦੇਸ਼ ਪ੍ਰਤੀ ਆਪਣੀ ਸੋਚ ਲਿਖਤਾਂ ਰਾਹੀਂ ਦੂਜਿਆਂ ਤਕ ਨਹੀਂ ਪਹੁੰਚਾ ਸਕਦਾ? ਸੰਘਰਸ਼ ਲਈ ਹਲੂਣਾ ਤਾਂ ਦੇਣਾ ਹੀ ਪੈਂਦਾ ਹੈ। ਸਭ ਤੋਂ ਮਾੜੀ ਗੱਲ ਇਹ ਹੈ ਕਿ ਸਾਲਾਂ ਤੋਂ ਜੇਲ੍ਹਾਂ ਵਿਚ ਬੰਦ ਅਜਿਹੇ ਇਨਸਾਨਾਂ ਲਈ ਕੋਈ ਆਪਣੀ ਆਵਾਜ਼ ਬੁਲੰਦ ਨਹੀਂ ਕਰਦਾ। ਜਦ ਉਹ ਬਿਮਾਰ ਹੋ ਜਾਂਦਾ ਹੈ ਜਾਂ ਬਿਲਕੁਲ ਲਾਚਾਰ ਹੋ ਜਾਂਦਾ ਹੈ ਤਾਂ ਸਾਰੇ ਪਾਸਿਉਂ ਲੇਖ ਆ ਜਾਂਦੇ ਹਨ, ਖ਼ਬਰਾਂ ਛਪਦੀਆਂ ਹਨ। ਜਦੋਂ ਉਨ੍ਹਾਂ ਨੂੰ ਜੇਲ੍ਹ ਵਿਚ ਪਾਇਆ ਗਿਆ, ਉਦੋਂ ਰੌਲਾ ਕਿਉਂ ਨਹੀਂ ਪਾਇਆ ਜਾਂਦਾ ਕਿ ਉਨ੍ਹਾਂ ਨੂੰ ਗ਼ਲਤ ਫੜਿਆ ਹੈ?
ਪੁਸ਼ਪਿੰਦਰਜੀਤ ਕੌਰ, ਚੰਡੀਗੜ੍ਹ
ਸਾਕੇ ਬਾਰੇ ਨਵੇਂ ਤੱਥ
15 ਜੁਲਾਈ ਦੇ ਵਿਰਾਸਤ ਅੰਕ ’ਤੇ ਛਪਿਆ ਲੇਖ ‘ਕੁਠਾਲੇ ਦਾ ਸ਼ਹੀਦੀ ਸਾਕਾ’ ਸਾਂਭਣਯੋਗ ਹੈ। ਇਸ ਸਾਕੇ ਬਾਰੇ ਭਾਵੇਂ ਨਿੱਕੇ ਮੋਟੇ ਕਿਤਾਬਚੇ ਮਿਲਦੇ ਹਨ ਪਰ ਬਹੁਤੀ ਜਾਣਕਾਰੀ ਅਜੇ ਖੋਜ ਦੀ ਮੁਥਾਜ ਹੈ। ਪਰਮਜੀਤ ਕੁਠਾਲਾ ਨੇ ਕਈ ਨਵੇਂ ਤੱਥ ਸਾਹਮਣੇ ਲਿਆਂਦੇ ਹਨ। ਰਜਵਾੜਾਸ਼ਾਹੀ ਨੇ ਜਨਤਾ ਉੱਤੇ ਅਸਹਿ ਅਤੇ ਅਕਹਿ ਜ਼ੁਲਮ ਕੀਤੇ ਹਨ। ਮਾਲੇਰਕੋਟਲਾ ਰਿਆਸਤ ਦੇ ਹੁਕਮਰਾਨ ਭਾਵੇਂ ਛੋਟੇ ਸਾਹਿਬਜ਼ਾਦਿਆਂ ਦੇ ਹੱਕ ਵਿਚ ਹਾਅ ਦਾ ਨਾਅਰਾ ਮਾਰਨ ਅਤੇ 1947 ਦੀ ਵੰਡ ਵੇਲੇ ਅਮਨ-ਅਮਾਨ ਰਹਿਣ ਕਾਰਨ ਇਤਿਹਾਸ ਵਿਚ ਸਤਿਕਾਰੇ ਗਏ ਹਨ ਪਰ ਕੁਠਾਲਾ ਕਾਂਡ ਰਜਵਾੜਾਸ਼ਾਹੀ ਦੇ ਜਬਰ ਦੀ ਇੰਤਹਾ ਦੀ ਉਦਾਹਰਨ ਹੈ। ਮਾਲੇਰਕੋਟਲਾ ਦੀ ਨਵਾਬਸ਼ਾਹੀ ਸਿੱਖ ਯੋਧਿਆਂ ਦੀ ਹਮੇਸ਼ਾਂ ਹਮਦਰਦ ਨਹੀਂ ਰਹੀ। ਇਹ ਤੱਥ ਬਹੁਤ ਲੋਕ ਨਹੀਂ ਜਾਣਦੇ ਕਿ ਕੁੱਪ ਰੋਹੀੜੇ ਦੇ ਘੱਲੂਘਾਰੇ ਵਿਚ ਨਿਹੱਥੇ ਸਿੱਖਾਂ (ਜਿਨ੍ਹਾਂ ਵਿਚ ਜ਼ਿਆਦਾਤਰ ਔਰਤਾਂ ਅਤੇ ਬੱਚੇ ਸਨ) ਦੇ ਕਤਲੇਆਮ ਵਿਚ ਨਵਾਬ ਮਾਲੇਰਕੋਟਲਾ ਦੀਆਂ ਫ਼ੌਜਾਂ ਦੀ ਮੁੱਖ ਭੂਮਿਕਾ ਸੀ। ਨੇੜੇ ਹੋਣ ਕਾਰਨ ਇਹ ਫ਼ੌਜਾਂ ਅਹਿਮਦ ਸ਼ਾਹ ਅਬਦਾਲੀ ਦੀਆਂ ਫ਼ੌਜਾਂ ਤੋਂ ਪਹਿਲਾਂ ਨਿਹੱਥੇ ਸਿੱਖਾਂ ਨੂੰ ਘੇਰ ਕੇ ਘਾਣ ਕਰਨ ਲੱਗ ਪਈਆਂ ਸਨ। ਇਸ ਇਤਿਹਾਸਕ ਕਾਰਜ ਲਈ ਖੋਜ ਲਈ ਭਾਵੇਂ ਕਈ ਸਮਰੱਥ ਅਤੇ ਸਮਰਪਿਤ ਲੋਕ ਤਿਆਰ ਹਨ ਪਰ ਰਿਆਸਤ ਦੀ ਜਾਇਦਾਦ ਦੇ ਝਗੜੇ ਕਾਰਨ ਦਸਤਾਵੇਜ਼ਾਂ ਤਕ ਪਹੁੰਚ ਹੋਣਾ ਮੁਸ਼ਕਿਲ ਹੀ ਨਹੀਂ, ਅਸੰਭਵ ਲੱਗਦਾ ਹੈ।
ਕੁਲਵੰਤ ਰਿਖੀ, ਪਾਤੜਾਂ (ਪਟਿਆਲਾ)
ਸਿਆਸੀ ਕੋਟਾ
15 ਜੁਲਾਈ ਨੂੰ ਪੰਨਾ 4 ਉੱਤੇ ਪ੍ਰਕਾਸ਼ ਅੰਬੇਦਕਰ ਦੀ ਖ਼ਬਰ ‘ਅੰਬੇਦਕਰ ਵੱਲੋਂ ਐੱਸਸੀ/ਐੱਸਟੀ ਸਿਆਸੀ ਕੋਟਾ ਖ਼ਤਮ ਕਰਨ ਦੀ ਮੰਗ’ ਪੜ੍ਹੀ। ਕੋਟੇ ਨੂੰ ਸਾਡੇ ਦੇਸ਼ ਵਿਚ ਗ਼ਲਤ ਤਰੀਕੇ ਨਾਲ ਪੇਸ਼ ਕੀਤਾ ਜਾਂਦਾ ਹੈ। ਸਰਕਾਰੀ ਨੌਕਰੀਆਂ ਅਤੇ ਸਿਆਸੀ ਕੋਟਾ ਇਹ ਅਲੱਗ-ਅਲੱਗ ਹਨ। ਸਿਆਸੀ ਕੋਟਾ ਸਿਰਫ਼ ਦਸ ਸਾਲ ਲਈ ਹੀ ਸੀ ਪਰ ਇਸ ਨੂੰ ਹਰ ਸਰਕਾਰ ਦਸ ਸਾਲ ਅੱਗੇ ਵਧਾ ਦਿੰਦੀ ਹੈ। ਇਸ ਦਾ ਦਲਿਤ ਸਮਾਜ ਨੂੰ ਕੋਈ ਫ਼ਾਇਦਾ ਨਹੀਂ ਹੁੰਦਾ ਕਿਉਂਕਿ ਇਹ ਦਲਿਤ ਆਗੂ ਆਪਣੇ ਸਮਾਜ ਦੀ ਗੱਲ ਨਹੀਂ ਰੱਖਦੇ ਸਗੋਂ ਇਹ ਆਪਣੀ ਪਾਰਟੀ ਮੁਤਾਬਿਕ ਹੀ ਕੰਮ ਕਰਦੇ ਹਨ, ਨਾ ਹੀ ਕੋਈ ਦਲਿਤ ਆਗੂ ਇਸ ਕੋਟੇ ਬਾਰੇ ਕੁਝ ਬੋਲਦਾ ਹੈ। ਡਾ. ਭੀਮ ਰਾਓ ਅੰਬੇਦਕਰ ਨੇ ਵੀ ਕਿਹਾ ਸੀ ਕਿ ਸਿਆਸੀ ਕੋਟਾ ਉਨ੍ਹਾਂ ਦੇ ਜਿਊਂਦੇ ਜੀਅ ਖ਼ਤਮ ਹੋ ਜਾਣਾ ਚਾਹੀਦਾ ਹੈ। ਇਸ ਦਾ ਵਿਰੋਧ ਆਪਣੇ ਸਮੇਂ ਦਲਿਤ ਆਗੂ ਕਾਂਸੀ ਰਾਮ ਨੇ ਵੀ ਕੀਤਾ ਪਰ ਸਰਕਾਰਾਂ ਨੇ ਇਸ ਨੂੰ ਖ਼ਤਮ ਨਹੀਂ ਕੀਤਾ। ਉਨ੍ਹਾਂ ਨੇ ਨਾਲ ਤਰਕ ਇਹ ਦਿੱਤਾ ਸੀ ਕਿ ਇਸ ਨਾਲ ਚਾਪਲੂਸ ਪੈਦਾ ਹੋ ਰਹੇ ਹਨ, ਜਿਨ੍ਹਾਂ ਦਾ ਦਲਿਤ ਸਮਾਜ ਨੂੰ ਕੋਈ ਫ਼ਾਇਦਾ ਨਹੀਂ। ਜੇਕਰ ਪ੍ਰਕਾਸ਼ ਅੰਬੇਦਕਰ ਨੇ ਇਸ ਵਿਰੁੱਧ ਆਵਾਜ਼ ਚੁੱਕੀ ਹੈ ਤਾਂ ਤਕੜ ਅਤੇ ਕਰੜੇ ਤਰੀਕੇ ਨਾਲ ਇਸ ਦਾ ਵਿਰੋਧ ਕਰਨਾ ਚਾਹੀਦਾ ਹੈ।
ਕੁਲਦੀਪ ਸਿੰਘ, ਬਰਨਾਲਾ