ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 23 ਜੂਨ
ਇੱਥੋਂ ਦੇ ਗੁਰਦੁਆਰਾ ਕਲਗੀਧਰ ਸਿੰਘ ਸਭਾ ਫੇਜ਼-4 ਵਿੱਚ ਬੀਤੀ 22 ਮਈ ਨੂੰ ਦੋ ਧਿਰਾਂ ਵਿੱਚ ਹੋਏ ਆਪਸੀ ਝਗੜੇ ਦੀ ਕਵਰੇਜ ਕਰ ਰਹੇ ਗੁਰਸਿੱਖ ਪੱਤਰਕਾਰ ਮੇਜਰ ਸਿੰਘ ਪੰਜਾਬੀ ਨੂੰ ਮੌਕੇ ਤੋਂ ਜਬਰੀ ਚੁੱਕ ਕੇ ਫੇਜ਼-1 ਥਾਣੇ ਵਿੱਚ ਲਿਜਾਣ ਅਤੇ ਉਸ ਦੀ ਕੁੱਟਮਾਰ ਕਰਨ ਦੇ ਮਾਮਲੇ ਵਿੱਚ ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ ਪੰਜਾਬ ਨੇ ਮੁਹਾਲੀ ਐੱਸਐੱਸਪੀ ਨੂੰ ਪੱਤਰ ਭੇਜ ਕੇ ਸਮੁੱਚੇ ਘਟਨਾਕ੍ਰਮ ਬਾਰੇ ਰਿਪੋਰਟ ਮੰਗੀ ਹੈ। ਉਧਰ, ਧਾਰਾ 295ਏ ਤਹਿਤ ਦਰਜ ਮਾਮਲੇ ਵਿੱਚ ਨਾਮਜ਼ਦ ਏਐੱਸਆਈ ਓਮ ਪ੍ਰਕਾਸ਼ ਹਾਲੇ ਤੱਕ ਪੁਲੀਸ ਦੀ ਗ੍ਰਿਫ਼ਤ ਤੋਂ ਬਾਹਰ ਹੈ। ਇਸ ਸਬੰਧੀ ਪੰਜਾਬ ਸਰਕਾਰ ਦੇ ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ ਨੇ ਐੱਸਐੱਸਪੀ ਨੂੰ ਲਿਖੇ ਪੱਤਰ ਵਿੱਚ ਕਿਹਾ ਗਿਆ ਹੈ ਕਿ ਪੱਤਰਕਾਰ ਮੇਜਰ ਸਿੰਘ ’ਤੇ ਅਣਮਨੁੱਖੀ ਤਸ਼ਦੱਦ ਢਾਹੁਣ ਅਤੇ ਕਕਾਰਾਂ ਦੀ ਬੇਅਦਬੀ ਸਬੰਧੀ ਮਾਮਲੇ ਵਿੱਚ ਇਕ ਹਫ਼ਤੇ ਦੇ ਅੰਦਰ ਅੰਦਰ ਰਿਪੋਰਟ ਭੇਜੀ ਜਾਵੇ।