ਵਾਸ਼ਿੰਗਟਨ, 16 ਜੁਲਾਈ
ਐੱਚ-1ਬੀ ਵੀਜ਼ਾ ਬਾਰੇ ਰਾਸ਼ਟਰਪਤੀ ਦੇ ਤਾਜ਼ਾ ਐਲਾਨ ਖ਼ਿਲਾਫ਼ 174 ਭਾਰਤੀਆਂ, ਜਿਨ੍ਹਾਂ ਵਿੱਚ ਸੱਤ ਨਾਬਾਲਗ ਵੀ ਸ਼ਾਮਲ ਹਨ, ਨੇ ਕੇਸ ਦਾਇਰ ਕੀਤਾ ਹੈ। ਇਹ ਤਾਜ਼ਾ ਐਲਾਨ ਇਨ੍ਹਾਂ ਭਾਰਤੀਆਂ ਨੂੰ ਅਮਰੀਕਾ ਵਿੱਚ ਦਾਖ਼ਲ ਹੋਣ ਤੋਂ ਰੋਕੇਗਾ ਜਾਂ ਫਿਰ ਇਨ੍ਹਾਂ ਨੂੰ ਵੀਜ਼ਾ ਜਾਰੀ ਨਹੀਂ ਕੀਤਾ ਜਾਵੇਗਾ। ਕੋਲੰਬੀਆ ਜ਼ਿਲ੍ਹੇ ਸਥਿਤ ਅਮਰੀਕੀ ਜ਼ਿਲ੍ਹਾ ਅਦਾਲਤ ਵਿੱਚ ਜੱਜ ਕੇਤਨਜੀ ਬਰਾਊਨ ਜੈਕਸਨ ਨੇ ਇਸ ਸਬੰਧੀ ਬੁੱਧਵਾਰ ਨੂੰ ਵਿਦੇਸ਼ ਮੰਤਰੀ ਮਾਈਕ ਪੌਂਪੀਓ, ਹੋਮਲੈਂਡ ਸੁਰੱਖਿਆ ਦੇ ਕਾਰਜਕਾਰੀ ਸਕੱਤਰ ਚੈਡ ਐੱਫ. ਵੁਲਫ ਅਤੇ ਲੇਬਰ ਸਕੱਤਰ ਯੁਗੀਨ ਸਕਾਲੀਆ ਨੂੰ ਸੰਮਨ ਜਾਰੀ ਕੀਤੇ। ਇਹ ਕੇਸ ਮੰਗਲਵਾਰ ਨੂੰ ਅਮਰੀਕਾ ਦੀ ਜ਼ਿਲ੍ਹਾ ਅਦਾਲਤ ਵਿੱਚ 174 ਭਾਰਤੀਆਂ ਵਲੋਂ ਵਕੀਲ ਵਾਸਡੇਨ ਬਾਨੀਆਸ ਨੇ ਦਾਇਰ ਕੀਤਾ ਸੀ। ਕੇਸ ਰਾਹੀਂ ਐੱਚ-1ਬੀ ਜਾਂ ਐੱਚ4 ਵੀਜ਼ਾ ਜਾਰੀ ਕਰਨ ’ਤੇ ਲਾਈ ਪਾਬੰਦੀ ਨੂੰ ਗੈਰਕਾਨੂੰਨੀ ਕਰਾਰ ਦੇਣ ਦੀ ਮੰਗ ਕੀਤੀ ਗਈ ਹੈ।
-ਪੀਟੀਆਈ