ਰਵੇਲ ਸਿੰਘ ਭਿੰਡਰ
ਪਟਿਆਲਾ, 23 ਜੂਨ
ਪੰਜਾਬੀ ਯੂਨੀਵਰਸਿਟੀ ਅਧਿਆਪਕ ਸੰਘ (ਪੂਟਾ) ਵੱਲੋਂ 2 ਜੂਨ ਤੋਂ ਅਧਿਆਪਕ ਮੰਗਾਂ ਨੂੰ ਲੈ ਕੇ ਦੁਪਹਿਰ ਦੌਰਾਨ ਦਿੱਤਾ ਜਾਣ ਵਾਲਾ ਰੋਸ ਧਰਨਾ ਅੱਜ ਵੀ ਗਰਮਜੋਸ਼ੀ ਨਾਲ ਜਾਰੀ ਰਿਹਾ। ਸੰਘਰਸ਼ੀ ਅਧਿਆਪਕ ਵਾਈਸ ਚਾਂਸਲਰ ਦਫ਼ਤਰ ਅੱਗੇ ਇਕੱਠੇ ਹੋਏ ਅਤੇ ਉਸ ਉਪਰੰਤ ਯੂਨੀਵਰਸਿਟੀ ਕੈਂਪਸ ਵਿੱਚ ਰੋਸ ਮਾਰਚ ਕੀਤਾ ਜੋ ਵੀਸੀ ਦਫ਼ਤਰ ਤੋਂ ਸ਼ੁਰੂ ਹੋ ਕੇ ਆਰਟਸ ਵਿਭਾਗਾਂ ਤੋਂ ਹੁੰਦਿਆਂ ਵਾਈਸ ਚਾਂਸਲਰ ਦੇ ਦਫ਼ਤਰ ਅੱਗੇ ਸਮਾਪਤ ਹੋਇਆ।
ਭਾਵੇਂ ਅੱਜ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਅਧਿਆਪਕਾਂ ਤੇ ਮੁਲਾਜ਼ਮਾਂ ਦੀ ਮਈ ਮਹੀਨੇ ਦੀ ਰਹਿੰਦੀ ਤਨਖ਼ਾਹ ਜਾਰੀ ਕਰ ਦਿੱਤੀ ਗਈ ਸੀ ਪਰ ਇਸਦੇ ਬਾਵਯੂਦ ਪੂਟਾ ਨੇ ਬਾਕੀ ਰਹਿੰਦੀਆਂ ਮੰਗਾਂ ਦੀ ਪੂਰਤੀ ਤੱਕ ਸੰਘਰਸ਼ ਮਘਾਈ ਰੱਖਣ ਦਾ ਫ਼ੈਸਲਾ ਲਿਆ। ਇਸ ਸੰਘਰਸ਼ ਨੂੰ ਪੀ.ਸੀ.ਸੀ.ਟੀ.ਯੂ. ਦੀ ਜਨਰਲ ਸਕੱਤਰ ਡਾ. ਅਰਵਿੰਦਰ ਕੌਰ ਕਾਕੜਾ ਅਤੇ ਡੀਟੀਐੱਫ਼ ਦੇ ਜ਼ਿਲ੍ਹਾ ਪ੍ਰਧਾਨ ਅਤਿੰਦਰ ਸਿੰਘ ਘੱਗਾ ਵੱਲੋਂ ਰੋਸ ਮਾਰਚ ਅਤੇ ਧਰਨੇ ਵਿੱਚ ਸ਼ਮੂਲੀਅਤ ਕਰ ਆਪਣੀਆਂ ਜਥੇਬੰਦੀਆਂ ਨੇ ਸਮਰਥਨ ਦਿੱਤਾ। ਪੂਟਾ ਪ੍ਰਧਾਨ ਜਸਵਿੰਦਰ ਸਿੰਘ ਬਰਾੜ ਅਤੇ ਸਕੱਤਰ ਗੁਰਨਾਮ ਸਿੰਘ ਵਿਰਕ ਨੇ ਕਿਹਾ ਕਿ ਇਹ ਸੰਘਰਸ਼ ਸਿਰਫ਼ ਤਨਖ਼ਾਹ ਪਾਉਣ ਤੱਕ ਸੀਮਤ ਨਹੀਂ ਹੈ ਸਗੋਂ ਅਧਿਆਪਕਾਂ ਦੀਆਂ ਹੱਕੀ ਮੰਗਾਂ, ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਉਨ੍ਹਾਂ ਨਾਲ ਕੀਤੇ ਗਏ ਸਮਝੌਤੇ ਨੂੰ ਲਾਗੂ ਕਰਵਾਉਣ ਲਈ ਹੈ।
ਅੱਜ ਧਰਨਾ ਖ਼ਤਮ ਕਰਨ ਉਪਰੰਤ ਪੂਟਾ ਅਤੇ ਬਾਕੀ ਅਧਿਆਪਕ ਆਗੂਆਂ ਨਾਲ ਮੀਟਿੰਗ ਕਰਕੇ ਇਹ ਫ਼ੈਸਲਾ ਲਿਆ ਗਿਆ ਕਿ ਜਦੋਂ ਤੱਕ ਅਧਿਆਪਕ ਮੰਗਾਂ ਦਾ ਕੋਈ ਸਾਰਥਕ ਹੱਲ ਨਹੀਂ ਨਿਕਲ ਆਉਂਦਾ ਉਦੋਂ ਤੱਕ ਇਹ ਧਰਨਾ ਇਸੇ ਰੂਪ ਵਿੱਚ ਜਾਰੀ ਰਹੇਗਾ।
ਰੋਸ ਧਰਨਾ ਵਾਪਸ ਲਿਆ
ਤਨਖ਼ਾਹਾਂ ਜਾਰੀ ਹੋਣ ਮਗਰੋਂ ਅੱਜ ਨਾਨ ਟੀਚਿੰਗ ਬੀ ਤੇ ਸੀ ਐਸੋਸੀਏਸ਼ਨ ਵੱਲੋਂ ਦੁਪਹਿਰ ਬਾਅਦ ਇੱਕ ਤੋਂ ਦੋ ਵਜੇ ਦਰਮਿਆਨ ਲਗਾਏ ਜਾਣ ਵਾਲੇ ਰੋਸ ਧਰਨੇ ਨੂੰ ਅਗਾਊਂ ਵਾਪਸ ਲੈ ਲਿਆ ਗਿਆ ਜਦੋਂ ਕਿ ‘ਏ’ ਕਲਾਸ ਅਫ਼ਸਰ ਐਸੋਸੀਏਸ਼ਨ’ ਜਿਸਨੇ ਵੀ ਭਲਕੇ 24 ਜੂਨ ਨੂੰ ਮੁਲਾਜ਼ਮ ਮੰਗਾਂ ਲਈ ਧਰਨਾ ਆਰੰਭਣ ਦਾ ਫੈਸਲਾ ਲਿਆ ਹੋਇਆ ਸੀ, ਵੱਲੋਂ ਵੀ ਅਥਾਰਟੀ ਦੀ ਟੀਮ ਨਾਲ ਦੁਵੱਲੀ ਗੱਲਬਾਤ ਮਗਰੋਂ ਭਲਕੇ ਦੇ ਰੋਸ ਪ੍ਰੋਗਰਾਮ ਨੂੰ ਫਿਲਹਾਲ ਵਾਪਸ ਲੈ ਲਿਆ ਗਿਆ ਹੈ। ਐਸੋਸੀਏਸਨ ਦੇ ਪ੍ਰਧਾਨ ਡਾ. ਦਲਬੀਰ ਸਿੰਘ ਰੰਧਾਵਾ ਨੇ ਦੱਸਿਆ ਕਿ ਯੂਨੀਵਰਸਿਟੀ ਅਥਾਰਟੀ ਨੇ ਜਥੇਬੰਦੀ ਦੀਆਂ ਮੰਗਾਂ ਨੂੰ ਵਿਚਾਰਨ ਦਾ ਭਰੋਸਾ ਦਿਵਾਇਆ ਹੈ, ਜਿਸ ਕਾਰਨ ਫਿਲਹਾਲ ਭਲਕੇ ਦੇ ਰੋਸ ਪ੍ਰੋਗਰਾਮ ਮੁਲਤਵੀ ਕਰ ਦਿੱਤਾ ਗਿਆ ਹੈ।