ਕਾਠਮੰਡੂ, 4 ਜੁਲਾਈ
ਨੇਪਾਲ ਦੇ ਪ੍ਰਧਾਨ ਮੰਤਰੀ ਕੇਪੀ ਸ਼ਰਮਾ ਓਲੀ ਦੇ ਸਿਆਸੀ ਭਵਿੱਖ ਬਾਰੇ ਫ਼ੈਸਲਾ ਲੈਣ ਲਈ ਹੋਣ ਵਾਲੀ ਮੀਟਿੰਗ ਸੋਮਵਾਰ ਤੱਕ ਮੁਲਤਵੀ ਕਰ ਦਿੱਤੀ ਗਈ ਹੈ। ਨੇਪਾਲ ਦੀ ਸੱਤਾਧਾਰੀ ਕਮਿਊਨਿਸਟ ਪਾਰਟੀ ਦੀ ਤਾਕਤਵਰ 45 ਮੈਂਬਰੀ ਸਥਾਈ ਕਮੇਟੀ ਦੀ ਮੀਟਿੰਗ ਅੱਜ 11 ਵਜੇ ਹੋਣੀ ਸੀ ਪਰ ਇਸ ਨੂੰ ਐਨ ਆਖ਼ਰੀ ਮੌਕੇ ਮੁਲਤਵੀ ਕਰ ਦਿੱਤਾ ਗਿਆ। ਮੀਟਿੰਗ ਨੂੰ ਅੱਗੇ ਪਾਉਣ ਦਾ ਕਾਰਨ ਸਿਖ਼ਰਲੀ ਲੀਡਰਸ਼ਿਪ ਨੂੰ ਹੋਰ ਸਮਾਂ ਦੇਣਾ ਦੱਸਿਆ ਗਿਆ ਹੈ ਤਾਂ ਕਿ ਉਹ ਆਪਣੇ ਵਖ਼ਰੇਵੇਂ ਮਿਟਾ ਸਕਣ। ਓਲੀ ਦੇ ਸ਼ਾਸਨ ਕਰਨ ਦੇ ਢੰਗ ਤੇ ਭਾਰਤ ਵਿਰੋਧੀ ਬਿਆਨਬਾਜ਼ੀ ਕਾਰਨ ਉਨ੍ਹਾਂ ਦੇ ਅਸਤੀਫ਼ੇ ਦੀ ਮੰਗ ਜ਼ੋਰ ਫੜ ਰਹੀ ਹੈ। ਇਸ ਤੋਂ ਪਹਿਲਾਂ ਵੀ ਵੀਰਵਾਰ ਨੂੰ ਮੀਟਿੰਗ ਰੱਖੀ ਗਈ ਸੀ। -ਪੀਟੀਆਈ